ਫਾਜ਼ਿਲਕਾ : ਤੁਸੀਂ ਬਹੁਤੇ ਲੋਕਾਂ ਨੂੰ ਇਹ ਕਹਿੰਦੇ ਆਮ ਹੀ ਸੁਣਿਆ ਹੋਵੇਗਾ ਕਿ “ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ” ਭਾਵ ਹਿੰਮਤੀ ਬੰਦਾ ਆਪਣੇ ਮਕਸਦ ‘ਚ ਜਰੂਰ ਕਾਮਯਾਬ ਹੁੰਦਾ ਹੈ। ਅੱਜ ਜਿਸ ਘਟਨਾਂ ਨਾਲ ਅਸੀਂ ਤੁਹਾਨੂੰ ਰੂ-ਬ-ਰੂ ਕਰਾਉਣ ਜਾ ਰਹੇ ਹਾਂ ਉਸ ਨਾਲ ਇਹ ਉਦਾਹਰਣ ਬਿਲਕੁਲ ਫਿੱਟ ਬੈਠਦੀ ਜਾਪਦੀ ਹੈ। ਇਹ ਮਾਮਲਾ ਹੈ ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਆਜਮਵਾਲਾ ਦਾ ਜਿੱਥੋਂ ਦੇ ਨੌਜਵਾਨ ਮਨਦੀਪ ਸਿੰਘ ਨੇ ਇੱਕ ਹੱਥ ਤੋਂ ਅਪਾਹਜ ਹੁੰਦੇ ਹੋਏ ਵੀ ਹਾਰ ਨਹੀਂ ਮੰਨੀ ਤੇ ਆਪਣੀ ਮਿਹਨਤ ਸਦਕਾ ਇੰਗਲੈਂਡ ‘ਚ 6 ਦੇਸ਼ਾਂ ਦੀ ਹੋਣ ਵਾਲੀ ਟੀ-20 ਫਿਜ਼ੀਕਲ ਡਿਸੇਬਿਲਟੀ ਕ੍ਰਿਕਟ ਵਰਲਡ ਕੱਪ ਸੀਰੀਜ਼ ‘ਚ ਆਪਣਾ ਸਥਾਨ ਬਣਾਇਆ ਤੇ ਇਹ ਖੇਡ ਖੇਡਣ ਲਈ ਚੁਣਿਆਂ ਗਿਆ।
ਦੱਸ ਦਈਏ ਕਿ ਛੋਟੇ ਹੁੰਦਿਆਂ ਮਨਦੀਪ ਸਿੰਘ ਦੀ ਬਾਂਹ ਟੋਕੇ ‘ਚ ਆਉੇਣ ਕਾਰਨ ਵੱਢੀ ਗਈ ਸੀ। ਇਸ ਦੁਰਘਟਨਾਂ ਤੋਂ ਬਾਅਦ ਵੀ ਮਨਦੀਪ ਨੇ ਨਿਰਾਸ਼ ਹੋ ਕੇ ਹਾਰ ਮੰਨਣ ਦੀ ਬਜਾਏ ਮਿਹਨਤ ਕੀਤੀ ਤੇ ਜਿਹੜਾ ਮਨਦੀਪ ਕਦੀ ਵਧੀਆ ਬੈਟਿੰਗ ਕਰਨ ਵਾਲਾ ਖਿਡਾਰੀ ਮੰਨਿਆਂ ਜਾਂਦਾ ਸੀ ਅੱਜ ਤੇਜ਼ ਗੇਂਦਬਾਜ ਦੇ ਤੌਰ ‘ਤੇ ਉੱਭਰ ਕੇ ਸਾਹਮਣੇ ਆਇਆ, ਤੇ ਹੁਣ ਇਹ ਖਿਡਾਰੀ ਆਪਣੀ ਤੇਜ ਗੇਂਦਬਾਜੀ ਦੇ ਜ਼ੌਹਰ 3 ਅਗਸਤ ਨੂੰ ਇੰਗਲੈਂਡ ‘ਚ ਹੋਣ ਜਾ ਰਹੇ ਟੀ-20 ਮੈਚਾਂ ‘ਚ ਦਿਖਾਏਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਨਦੀਪ ਕਈ ਥਾਈਂ ਕ੍ਰਿਕਟ ਦੇ ਟੂਰਨਾਮੈਂਟਾਂ ‘ਚ ਹਿੱਸਾ ਲੈ ਕੇ ਇਨਾਮ ਜਿੱਤ ਚੁਕਿਆ ਹੈ।