ਬਠਿੰਡਾ : 2017 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਲੋਕਾਂ ਨਾਲ ਲਿਖ ਕੇ ਵਾਅਦੇ ਕਰਨ ਵਾਲੀ ਕਾਂਗਰਸ ਪਾਰਟੀ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਹੁਣ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਜਵਾਬ ਸੋਨੀਆਂ ਜਾਂ ਰਾਹੁਲ ਗਾਂਧੀ ਨਹੀਂ ਬਲਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਮੰਗੇਗੀ ਤੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਕੀਤਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਿੰਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜ਼ਾਰੀ ਕਰਨ ਤੋਂ ਪਹਿਲਾਂ ਲੋਕਾਂ ਨਾਲ ਸਮਾਰਟ ਫੋਨ ਦੇਣ ਅਤੇ ਕਰਜ਼ਾ ਮਾਫ ਕਰਨ ਸਬੰਧੀ ਵਾਅਦੇ ਲਿਖਤੀ ਤੌਰ ਤੇ ਕੀਤੇ ਸਨ ਜੋ ਕਿ ਅਜੇ ਤੱਕ ਪੂਰੇ ਨਹੀਂ ਹੋਏ। ਸੁਖਬੀਰ ਅਨੁਸਾਰ ਇਹ ਲੋਕਾਂ ਨਾਲ ਧੋਖਾ ਹੈ ਤੇ ਇਸ ਧੋਖਾਧੜੀ ਦੇ ਖਿਲਾਫ ਕੈਪਟਨ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ। ਜੇਕਰ ਅਮਰਿੰਦਰ ਦੇ ਖਿਲਾਫ ਪਰਚਾ ਦਰਜ਼ ਨਾ ਕੀਤਾ ਗਿਆ ਤਾਂ ਅਕਾਲੀ ਦਲ ਹਾਈ ਕੋਰਟ ਵਿੱਚ ਅਪੀਲ ਕਰੇਗੀ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਇੱਕ ਵਾਰ ਫਿਰ ਦਿੱਲੀ ਸਿੱਖ ਨਸ਼ਲਕੁਸੀ ਮਾਮਲਿਆਂ ਦਾ ਮੁੱਦਾ ਚੁੱਕਣੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਇਹ ਕਿਉਂ ਨਹੀਂ ਪੁੱਛਦੇ ਕਿ ਦਿੱਲੀ ਸਿੱਖ ਨਸ਼ਲਕੁਸੀ ਦੇ ਕਥਿਤ ਦੋਸ਼ੀ ਕਮਲਨਾਥ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਕਿਉਂ ਬਣਾਇਆ ਹੈ ਤੇ ਜਗਦੀਸ਼ ਟਾਇਟਲਰ ਅਜੇ ਤੱਕ ਕਾਂਗਰਸ ਪਾਰਟੀ ਵਿੱਚ ਕਿਉਂ ਹੈ? ਸੁਖਬੀਰ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਦੱਸਣ ਕਿ ਉਹ ਪੰਜਾਬੀਆਂ ਦੀ ਅਗਵਾਈ ਕਰਦੇ ਹਨ ਜਾਂ ਗਾਂਧੀ ਪਰਿਵਾਰ ਦੀ, ਪੰਜਾਬ ਦੇ ਵਫਾਦਾਰ ਹਨ ਜਾਂ ਗਾਂਧੀ ਪਰਿਵਾਰ ਦੇ।