ਹਾਰਨ ਤੋਂ ਬਾਅਦ ਖਹਿਰਾ ਦਾ ਵੱਡਾ ਐਲਾਨ, ਲੈਣਗੇ ਸਿਆਸਤ ਤੋਂ ਸਨਿਆਸ?

TeamGlobalPunjab
5 Min Read

ਕਿਹਾ ਹੁਣ ਨਹੀਂ ਲੜਾਂਗਾ ਚੋਣ, ਡੂੰਘੀ ਸੱਟ ਵੱਜੀ ਹੈ, ਮੈਂ ਰਾਜਨੀਤੀ ਲਈ ਆਯੋਗ ਹਾਂ

ਬਠਿੰਡਾ : ਜਿਵੇਂ ਕਿ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸ਼ੱਕ ਜਾਹਰ ਕੀਤਾ ਸੀ ਕਿ ਮੌਜੂਦਾ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਕੈਰੀਅਰ ਤਬਾਹ ਹੋ ਜਾਵੇਗਾ, ਇੰਝ ਜਾਪਦਾ ਹੈ ਉਹ ਗੱਲ ਸੱਚ ਹੋਣ ਜਾ ਰਹੀ ਹੈ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਹਨ ਖੁਦ ਆਪ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਦਾ ਕਹਿਣਾ ਹੈ ਕਿ, “ਮੌਜੂਦਾ ਚੋਣ ਨਤੀਜਿਆਂ ਨੇ ਉਨ੍ਹਾਂ ਦੇ ਦਿਲ ‘ਤੇ ਡੂੰਘੀ ਸੱਟ ਮਾਰੀ ਹੈ, ਤੇ ਇੱਝ ਜਾਪਦਾ ਹੈ ਜਿਵੇਂ ਮੈਂ ਇਸ ਮੌਜੂਦਾ ਚੋਣ ਪ੍ਰਣਾਲੀ ਲਈ ਆਯੋਗ ਹਾਂ। ਲਿਹਾਜਾ ਮੈਂ ਨੇੜਲੇ ਭਵਿੱਖ ਵਿੱਚ ਚੋਣ ਨਹੀਂ ਲੜਾਂਗਾ।” ਖਹਿਰਾ ਦੇ ਇਸ ਐਲਾਨ ਨੂੰ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਸੁਖਪਾਲ ਖਹਿਰਾ ਦਾ ਸਿਆਸੀ ਸਨਿਆਸ ਕਹਿ ਕੇ ਪ੍ਰਚਾਰਨਾਂ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ, “ਮੈ ਇਸ ਲੋਕ ਫਤਵੇ ਅਤੇ ਆਪਣੀ ਹਾਰ ਨੂੰ ਸਵੀਕਾਰ ਕਰਦਾ ਹਾਂ।” ਖਹਿਰਾ ਨੇ ਇੱਥੇ ਕਿਹਾ ਕਿ, ” ਹਾਲਾਂਕਿ ਅਸੀਂ ਆਪਣੇ ਵੱਲੋਂ ਬਿਲਕੁਲ ਮੁੱਦਾ ਅਧਾਰਿਤ ਚੋਣ ਪ੍ਰਚਾਰ ਚਲਾਇਆ ਸੀ। ਇਸ ਦੌਰਾਨ ਅਸੀਂ ਕੈਂਸਰ ਦੀ ਗੱਲ ਚੱਕੀ, ਕਿਸਾਨ ਆਤਮ ਹੱਤਿਆਵਾਂ ਦੀ ਗੱਲ ਚੱਕੀ, ਵਿੱਦਿਆ ਅਤੇ ਸਿਹਤ ਪ੍ਰਣਾਲੀ ਦੀ ਗੱਲ ਚੱਕੀ, ਬੇਰੁਜ਼ਗਾਰੀ ਤੇ ਨਸ਼ਿਆਂ ਦੀ ਗੱਲ ਚੱਕੀ ਅਤੇ ਪੂਰੀ ਤਨ ਦੇਹੀ ਨਾਲ ਇਸ ਚੋਣ ਮੁਹਿੰਮ ਨੂੰ ਚਲਾਇਆ ਸੀ, ਪਰ ਇੰਝ ਜਾਪਦਾ ਹੈ, ਜਿਵੇਂ ਲੋਕਾਂ ਨੇ ਸਾਡੇ ਵਿਚਾਰਾਂ ਨੂੰ ਮਨਜੂਰ ਨਹੀਂ ਕੀਤਾ।” ਉਨ੍ਹਾਂ ਕਿਹਾ ਕਿ, “ਇਨ੍ਹਾਂ ਹਾਲਾਤਾਂ ਵਿੱਚ ਮੈਂ ਇਹ ਕਹਿਣੋਂ ਵੀ ਗੁਰੇਜ਼ ਨਹੀਂ ਕਰਾਂਗਾ, ਕਿ ਹੋ ਸਕਦਾ ਹੈ ਮੌਜੂਦਾ ਸਮੇਂ ਵਿੱਚ ਜੋ ਚੋਣ ਪ੍ਰਕਿਰਿਆ ਇਸ ਵੇਲੇ ਚੱਲ ਰਹੀ ਹੈ, ਉਸ ਵਿੱਚ ਮੈਂ ਫਿੱਟ ਨਹੀਂ ਬੈਠਦਾ।” ਖਹਿਰਾ ਅਨੁਸਾਰ, “ਹਾਲਾਂਕਿ ਸਾਡੇ ਪੰਜਾਬ ਜ਼ਮਹੂਰੀ ਗੱਠਜੋੜ ਦੇ ਡਾ. ਧਰਮਵੀਰ ਗਾਂਧੀ, ਸਿਮਰਜੀਤ ਸਿੰਘ ਬੈਂਸ, ਤੇ ਬੀਬੀ ਪਰਮਜੀਤ ਕੌਰ ਖਾਲੜਾ ਵਰਗੇ ਬਾਕੀ ਉਮੀਦਵਾਰਾਂ ਨੂੰ ਤਾਂ  ਸਨਮਾਨਜਨਕ ਅੰਕੜਿਆਂ ਵਾਲੀਆਂ ਵੋਟਾਂ ਪਈਆਂ ਹਨ, ਪਰ ਬਠਿੰਡਾ ਵਿੱਚ ਮੈਨੂੰ ਪਈਆਂ ਨਾਮਾਤਰ ਵੋਟਾਂ ਸਾਡੀ ਸਮਝ ਤੋਂ ਬਾਹਰ ਹਨ।” ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ, “ਮੈਂ ਮੌਜੂਦਾ ਸਮੇਂ ਦੀ ਚੋਣ ਪ੍ਰਣਾਲੀ ਵਿੱਚ ਯਕੀਨੀ ਤੌਰ ‘ਤੇ ਅਯੋਗ ਹਾਂ।”

ਬਠਿੰਡਾ ਸੀਟ ਤੋਂ ਹਾਰ ਕੇ ਕੀ ਖਤਮ ਹੋ ਜਾਵੇਗਾ ਸੁਖਪਾਲ ਖਹਿਰਾ ਦਾ ਸਿਆਸੀ ਕੈਰੀਅਰ?

 ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ, “ਹੁਣ ਮੈਨੂੰ ਸੋਚਣਾ ਹੋਵੇਗਾ, ਕਿ ਆਉਣ ਵਾਲੇ ਸਮੇਂ ਦੌਰਾਨ ਮੈਂ ਚੋਣਾਂ ਵਿੱਚ ਹਿੱਸਾ ਲਵਾਂ ਜਾਂ ਨਾ ?” ਉਨ੍ਹਾਂ ਕਿਹਾ ਕਿ, “ਘੱਟੋ ਘੱਟ ਕੁਝ ਸਮੇਂ ਲਈ ਤਾਂ ਮੈਂ ਇਸ ਸਿਸਟਮ ਤੋਂ ਜਰੂਰ ਬ੍ਰੇਕ ਲਵਾਂਗਾ।” ਖਹਿਰਾ ਨੇ ਕਿਹਾ ਕਿ, “ਮੈਂ ਇਹ ਸਵੀਕਾਰ ਕਰਦਾ ਹਾਂ ਕਿ ਸਾਡੇ ਅੰਦਰ ਬਹੁਤ ਵੱਡੀ ਘਾਟ ਸੀ।” ਸੁਖਪਾਲ ਖਹਿਰਾ ਅਨੁਸਾਰ, “ਇਹ ਸੋਚਣਾ ਬਿਲਕੁਲ ਗਲਤ ਹੋਵੇਗਾ, ਕਿ ਮੈਂ ਚੋਣ ਪ੍ਰਕਿਰਿਆ ਤੋਂ ਭੱਜ ਰਿਹਾ ਹਾਂ, ਪਰ ਜਿਸ ਢੰਗ ਨਾਲ ਬਠਿੰਡਾ ਅੰਦਰ ਲੋਕਾਂ ਨੇ ਮੈਨੂੰ ਨਕਾਰਿਆ ਹੈ, ਮੈਨੂੰ ਉਸ ਦੀ ਉਮੀਦ ਨਹੀਂ ਸੀ।” ਉਨ੍ਹਾਂ ਕਿਹਾ ਕਿ, “ਵਿਰੋਧੀ ਧਿਰ ਦਾ ਆਗੂ ਰਹਿੰਦਿਆਂ ਮੈਂ ਸਰਕਾਰਾਂ ਦੇ ਖਿਲਾਫ ਪੂਰੀ ਦਮਦਾਰ ਲੜਾਈ ਲੜੀ ਸੀ। ਜਿਸ ਦਾ ਕਿ ਮੈਨੂੰ ਖਾਮਿਆਜਾ ਵੀ ਭੁਗਤਣਾ ਪਿਆ।” ਖਹਿਰਾ ਨੇ ਕਿਹਾ ਕਿ, “ਮੇਰੇ ‘ਤੇ ਝੂਠੇ ਪਰਚੇ ਵੀ ਦਰਜ ਹੋਏ। ਜਿਹੜੇ ਕਿ ਪਹਿਲਾਂ ਬਾਦਲਾਂ ਨੇ ਦਰਜ ਕਰਵਾਏ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ। ਅਜਿਹੇ ਵਿੱਚ ਮੈਨੂੰ ਉਮੀਦ ਸੀ ਕਿ ਬਠਿੰਡਾ ਦੇ ਲੋਕ ਮੇਰਾ ਸਾਥ ਜਰੂਰ ਦੇਣਗੇ, ਕਿਉਂਕਿ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਾਲੇ ਲੋਕਾਂ ਨੂੰ ਲੁੱਟਦੇ ਵੀ ਹਨ ਤੇ ਕੁੱਟਦੇ ਵੀ ਹਨ।” ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦੀ ਇੱਕੋ ਜਿਹੀ ਕਾਰਜਸ਼ੈਲੀ ਹੈ। ਖਹਿਰਾ ਨੇ ਕਿਹਾ ਕਿ, “ਮੌਜੂਦਾ ਨਤੀਜੇ ਦੇਖ ਕੇ ਮੈਨੂੰ ਡੁੰਘੀ ਸੱਟ ਵੱਜੀ ਹੈ।”

ਕੁੱਲ ਮਿਲਾ ਕਿ ਉਹੋ ਕੁਝ ਹੋਇਆ ਜਿਸ ਗੱਲ ਦਾ ਖਹਿਰਾ ਨੂੰ ਸ਼ੁਰੂ ਤੋਂ ਡਰ ਸੀ। ਯਾਨੀਕਿ ਇਹ ਚੋਣ ਨਤੀਜਿਆਂ ਨੇ ਖਹਿਰਾ ਦੇ ਸਿਆਸੀ ਕੈਰੀਅਰ ਨੂੰ ਖਾਤਮੇ ਵੱਲ ਘੜੀਸ ਲਿਆ ਹੈ। ਜਿਹੜਾ ਕਿ ਖਹਿਰਾ ਹੁਣ ਆਪ ਸਵੀਕਾਰ ਕਰ ਰਹੇ ਹਨ।ਹੁਣ ਵੇਖਣਾ ਇਹ ਹੋਵੇਗਾ ਕਿ ਸੋਸ਼ਲ ਮੀਡੀਆ ‘ਤੇ ਜਿਹੜੇ ਲੋਕ ਸੁਖਪਾਲ ਖਹਿਰਾ ਨੂੰ ਚੰਗੀ ਸਲਾਹ ਦੇਣ ਵਾਲੇ, ਉਨ੍ਹਾਂ ਦੇ ਹਿਤਾਇਸ਼ੀਆਂ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਿਆ ਕਰਦੇ ਸਨ, ਜਿਹੜੇ ਖਹਿਰਾ ਦੀਆਂ ਕਮੀਆਂ ਨੂੰ ਉਜਾਗਰ ਕਰਦੇ ਸਨ, ਉਨ੍ਹਾਂ ਲੋਕਾਂ ਨੂੰ ਹੁਣ ਵੀ ਕੋਈ ਮਾੜੀ ਮੋਟੀ ਅਕਲ ਆਈ ਹੋਵੇਗੀ, ਜਾਂ ਨਹੀਂ। ਤੇ ਜੇ ਗਾਲ੍ਹਾਂ ਕੱਢਣ ਦੀ ਇਹ ਪ੍ਰਕਿਰਿਆ ਹੁਣ ਵੀ ਜਾਰੀ ਰਹੀ, ਤਾਂ ਖਿਝੇ ਹੋਏ ਲੋਕ ਇਹ ਕਹਿਣੋ ਗੁਰੇਜ਼ ਨਹੀਂ ਕਰਨਗੇ, ਕਿ ਅਜਿਹੇ ਗਾਲ੍ਹਾਂ ਕੱਢਣ ਵਾਲੇ ਲੋਕ ਸਿਆਸਤਦਾਨਾਂ ਦੇ ਆਪਣੇ ਹੀ ਤਨਖਾਹ ‘ਤੇ ਰੱਖੇ ਹੋਏ ਲੋਕ ਹੁੰਦੇ ਹਨ। ਬਾਕੀ ਅਜਿਹੇ ਸਿਆਸਤਦਾਨਾਂ ਨਾਲ ਜਨਤਾ ਕਿੰਨੀ ਕੁ ਹੈ, ਇਹ ਇਨ੍ਹਾਂ ਚੋਣ ਨਤੀਜਿਆਂ ਨੇ ਸਾਬਤ ਕਰ ਹੀ ਦਿੱਤਾ ਹੈ।

- Advertisement -

 

Share this Article
Leave a comment