ਸੰਗਰੂਰ ‘ਚ ਈਲਵਾਲ ਪਿੰਡ ਬਦਲਿਆ ਜੰਗ ਦੇ ਮੈਦਾਨ ‘ਚ, 4 ਜ਼ਖਮੀ, ਭਾਰੀ ਪੁਲਿਸ ਫੋਰਸ ਤੈਨਾਤ

TeamGlobalPunjab
2 Min Read

ਸਨਾਮ : ਲੋਕ ਸਭਾ ਹਲਕਾ ਸੰਗਰੂਰ ਵਿੱਚ ਪੈਂਦੇ ਪਿੰਡ ਈਲਵਾਲ ਅੰਦਰ ਅੱਜ ਉਸ ਵੇਲੇ ਮਾਹੌਲ ਜੰਗ ਦੇ ਮੈਦਾਨ ਵਾਂਗ ਤਬਦੀਲ ਹੋ ਗਿਆ ਜਦੋਂ ਇੱਥੋਂ ਦੇ ਇੱਕ ਪੋਲਿੰਗ ਬੂਥ ‘ਤੇ ਬੈਠੇ ਕੁਝ ਨੌਜਵਾਨਾਂ ‘ਤੇ ਗੱਡੀਆਂ ‘ਤੇ ਆਏ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 4 ਵਿਅਕਤੀਆਂ ਦੇ ਜਖਮੀ ਹੋਣ ਦੀ ਖ਼ਬਰ ਹੈ। ਵਿਅਕਤੀਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਹ ਹਮਲਾ ਇੰਨਾ ਅਚਾਨਕ ਅਤੇ ਜਬਰਦਸਤ ਸੀ ਕਿ ਮੌਕੇ ‘ਤੇ ਮੌਜੂਦ ਲੋਕ ਡਰ ਗਏ, ਤੇ ਵੋਟਾਂ ਪਾਏ ਜਾਣ ਦਾ ਕੰਮ ਬੰਦ ਹੋ ਗਿਆ। ਪਤਾ ਲੱਗਣ ‘ਤੇ  ਮੌਕੇ ‘ਤੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਤਾਂ ਕਿ ਅਮਨ ਅਤੇ ਕਨੂੰਨ ਦੀ ਵਿਵਸਥਾ ਕਾਇਮ ਰਹਿ ਸਕੇ।

ਇਸ ਘਟਨਾ ਵਿੱਚ ਜਖਮੀ ਹੋਣ ਵਾਲੇ ਲੋਕਾਂ ਨੇ ਦੋਸ਼ ਲਾਇਆ ਕਿ ਹਮਲਾਵਰ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ ਤੇ ਜਿਸ ਵੇਲੇ ਹਮਲਾ ਕਰਨ ਆਏ ਸਨ, ਉਸ ਵੇਲੇ ਇਹ ਲੋਕ ਹਥਿਆਰਬੰਦ ਹੋ ਕੇ 2 ਗੱਡੀਆਂ ‘ਚ ਸਵਾਰ ਹੋ ਕੇ ਘਟਨਾ ਨੂੰ ਅੰਜਾਮ ਦੇਣ ਆਏ ਸਨ।

ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਸੱਤਪਾਲ ਸ਼ਰਮਾਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਮਾਮਲੇ ਦੋ ਪਾਰਟੀਆਂ ਦੀ ਆਪਸੀ ਪੁਰਾਣੀ ਰੰਜਿਸ਼ ਦਾ ਜਾਪਦਾ ਹੈ। ਬਾਕੀ ਹਸਪਤਾਲ ‘ਚ ਪਏ ਜ਼ਖਮੀਆਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਤੇ ਵੋਟਾਂ ਪਾਏ ਜਾਣ ਦਾ ਕੰਮ ਜਾਰੀ ਹੈ।

Share this Article
Leave a comment