ਸੁਖਬੀਰ ਨੇ ਕਿਹਾ ਭਾਜਪਾ ਨੇ ਬਾਬਰੀ ਮਸਜਿਦ ਢਾਹੀ ਤਾਹੀਂਓਂ ਮੁਸਲਮਾਨ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਂਦੇ? ਡਾ. ਰਾਜ ਕਮਾਰ ਨੇ ਉਡਾਇਆ ਮਜ਼ਾਕ ਕਿਹਾ ਮਾਵਾ ਖਾ ਕੇ ਦਿੰਦੈ ਬਿਆਨ ਉਸ ਦਾ ਨਹੀਂ ਕਸੂਰ

TeamGlobalPunjab
7 Min Read

ਅੰਮ੍ਰਿਤਸਰ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਅਜਿਹੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੁਖਬੀਰ ਬਾਦਲ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਬਾਬਰੀ ਮਸਜਿਦ ਢਾਹੀ ਹੈ ਤਾਹੀਓਂ ਮੁਸਲਮਾਨ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਂਦੇ। ਸੁਖਬੀਰ ਦੇ ਇਸ ਆਡੀਓ ਬਿਆਨ ਨੂੰ ਸੁਣਨ ਤੋਂ ਬਾਅਦ ਅਕਾਲੀ ਦਲ ਦੇ ਵਿਰੋਧੀਆਂ ਨੇ ਜਿੱਥੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ ਉੱਥੇ ਇਹ ਸਵਾਲ ਕੀਤੇ ਹਨ ਕਿ ਜੇਕਰ ਇਹ ਸੱਚ ਹੈ ਤੇ ਉਨ੍ਹਾਂ ਨੂੰ ਵਾਕਿਆ ਹੀ ਮੁਸਲਮਾਨਾਂ ਨਾਲ ਹਮਦਰਦੀ ਹੈ ਤਾਂ ਉਹ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕਹਿਣ ਕਿ ਉਹ ਅਸਤੀਫਾ ਦੇ ਕੇ ਘਰ ਬੈਠ ਜਾਣ।

ਕੀ ਹੈ ਇਸ ਆਡੀਓ ਕਲਿੱਪ ਅੰਦਰ?

ਵੈਸੇ ਤਾਂ ਇਹ ਆਡੀਓ ਕਲਿੱਪ 17 ਮਿੰਟ 12 ਸੈਕਿੰਡ ਦਾ ਹੈ ਤੇ ਸ਼ੁਰੂ ਵਿੱਚ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਸੁਖਬੀਰ ਬਾਦਲ ਨਾਲ ਗੱਲਬਾਤ ‘ਚ ਹਿੱਸਾ ਲੈਂਦੇ ਸੁਣਾਈ ਦਿੰਦੇ ਹਨ ਪਰ ਜਿਉਂ ਹੀ ਇਹ ਆਡੀਓ ਕਲਿੱਪ 12 ਮਿੰਟ ਕੁਝ ਸੈਕਿੰਡ ‘ਤੇ ਪਹੁੰਚਦਾ ਹੈ ਤਾਂ ਉੱਥੇ ਸੁਖਬੀਰ ਮੌਕੇ ‘ਤੇ ਮੌਜੂਦ ਲੋਕਾਂ ਨੂੰ ਬੇਅਦਬੀ ਕਾਂਡ ਦੀਆਂ ਘਟਨਾਵਾਂ ਸਬੰਧੀ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾਉਣ ‘ਤੇ ਅਫਸੋਸ ਜਾਹਰ ਕਰਦੇ ਸੁਣਾਈ ਦਿੰਦੇ ਹਨ। ਸੁਖਬੀਰ ਕਹਿੰਦੇ ਹਨ ਕਿ, “ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਲਗਦਾ ਹੈ ਕਿ ਲੋਕ ਬੇਅਦਬੀ ਦੀਆਂ ਘਟਨਾਵਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਮੇਵਾਰ ਠਹਿਰਾ ਰਹੇ ਹਨ।“ ਉਹ ਸਵਾਲ ਕਰਦੇ ਹਨ ਕਿ, “ਕੀ ਕੋਈ ਇਹ ਸੋਚ ਸਕਦਾ ਹੈ, ਕਿ ਇਹ ਕੰਮ ਸ਼੍ਰੋਮਣੀ ਅਕਾਲੀ ਦਲ ਵਾਲੇ ਕਰਵਾ ਸਕਦੇ ਹਨ? ਉਹ ਤਰਕ ਦਿੰਦੇ ਹਨ ਕਿ ਇਹ ਉਹ ਤਾਕਤਾਂ ਨੇ ਜੋ ਸਹੀ ਮਾਈਨੇਂ ‘ਚ ਪੰਥ ਨੂੰ ਤੋੜਨਾਂ ਅਤੇ ਕਮਜ਼ੋਰ ਕਰਨਾ ਚਾਹੁੰਦੀਆਂ ਹਨ।  ਸੁਖਬੀਰ ਅਨੁਸਾਰ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤਾਂ ਚਾਰੇ ਪਾਸੇ ਰੌਲਾ ਪਿਆ, ਪਰ ਜਦੋਂ ਹੁਣ ਇਹ ਘਟਨਾਵਾਂ ਵਾਪਰਦੀਆਂ ਹਨ ਉਦੋਂ ਨਾ ਤਾਂ ਕਿਤੇ ਕੋਈ ਦਿਖਾਈ ਦਿੰਦਾ ਹੈ ਤੇ ਨਾ ਹੀ ਇਸ ਸਬੰਧੀ ਕੋਈ ਬਿਆਨ ਆਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਭ ਕੁਝ ਵਿਸ਼ੇਸ਼ ਤਾਕਤਾਂ ਕਰਵਾ ਰਹੀਆਂ ਹਨ ਤੇ ਜਦੋਂ ਉਹ ਤਾਕਤਾਂ ਰੌਲਾ ਪਾਉਣ ਵਾਲੇ ਲੋਕਾਂ ਨੂੰ ਕਹਿ ਦਿੰਦੀਆਂ ਹਨ ਤੇ ਅਜਿਹੀਆਂ ਪਾਰਟੀਆਂ ਸਰਗਰਮ ਹੋ ਜਾਂਦੀਆਂ ਨੇ ਨਹੀਂ ਤਾਂ ਚੁੱਪ ਰਹਿੰਦੀਆਂ ਹਨ।

ਆਡੀਓ ਕਲਿੱਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਫਸੋਸ ਜ਼ਾਹਰ ਕਰਦੇ ਕਹਿੰਦੇ ਸੁਣਾਈ ਦਿੰਦੇ ਹਨ ਕਿ  ਕਾਂਗਰਸ ਪਾਰਟੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਪਰ ਅਜੇ ਵੀ ਆਪਣੇ ਲੋਕ ਉਨ੍ਹਾਂ ਨੂੰ ਵੋਟਾਂ ਪਾਈ ਜਾ ਰਹੇ ਹਨ। ਇਸ ਤੋਂ ਬਾਅਦ ਸੁਖਬੀਰ ਨੇ ਕਿਹਾ ਕਿ, “ ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਤੁਸੀਂ ਦੇਖੋ ਕਿ ਬਾਬਰੀ ਮਸਜਿਦ ਨੂੰ ਬੀਜੇਪੀ ਨੇ ਢਾਹਿਆ ਕੋਈ ਇੱਕ ਵੀ ਮੁਸਲਮਾਨ ਉਨ੍ਹਾਂ ਨੂੰ ਵੋਟ ਪਾਉਂਦੈ?” ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਯਾਦ ਆ ਜਾਂਦਾ ਹੈ ਕਿ ਕਿਤੇ ਉਨ੍ਹਾਂ ਦੀ ਗੱਲ ਕੋਈ ਰਿਕਾਰਡ ਨਾ ਕਰ ਲਵੇ ਤੇ ਉਹ ਤੁਰੰਤ ਕਹਿੰਦੇ ਹਨ ਕਿ, “ਯਾਰ ਰਿਕਾਰਡਿੰਗ ਨਾ ਕਰੋ”।

ਇਸ ਤੋਂ ਅੱਗੇ ਸੁਖਬੀਰ ਕਹਿੰਦੇ ਹਨ, “ਮੈਂ ਕਹਿਣਾ ਚਾਹੁੰਦਾਂ ਕਿ ਆਪਾਂ ਸੌ ਸਾਲ ‘ਚ ਨਹੀਂ ਪਹਿਚਾਣ ਸਕੇ ਕਿ ਆਪਣਾ ਕਿਹੜਾ ਹੈ ਤੇ ਪਰਾਇਆ ਕਿਹੜਾ?” ਉਹ ਤਰਕ ਦਿੰਦੇ ਹਨ ਕਿ, “ਸਾਡੇ ‘ਚ ਹਜ਼ਾਰ ਕਮੀਆਂ ਹੋ ਸਕਦੀਆਂ ਨੇ, ਪਰ ਪਾਰਟੀ ਤਾਂ ਆਪਣੀ ਹੈ। ਅੱਜ ਮੈਂ ਹੈਗਾਂ ਕੱਲ੍ਹ ਕੋਈ ਹੋਰ ਹੋਵੇਗਾ ਤੇ ਪਰਸੋਂ ਕੋਈ ਹੋਰ ਸੇਵਾਦਾਰ ਹੋਵੇਗਾ। ਪਰ ਆਪਾਂ ਪਾਰਟੀ ਨੂੰ ਨਾ ਕਮਜ਼ੋਰ ਕਰੀਏ, ਜੇਕਰ ਲੀਡਰ ਪਸੰਦ ਨਹੀਂ ਤਾਂ ਲੀਡਰ ਬਦਲਾ ਦਿਓ। ਹੋਰ ਹੋ ਸਕਦਾ ਹੈ ਲੀਡਰ ਆਪਣੇ ਪੰਥ ‘ਚ ਕੋਈ ਕਮੀਂ ਹੈ ਲੀਡਰਾਂ ਦੀ?”

- Advertisement -

ਇਹ ਆਡੀਓ ਕਲਿੱਪ ਕਦੋਂ ਦਾ ਹੈ ਕਿੱਥੇ ਰਿਕਾਰਡ ਹੋਇਆ ਤੇ ਇਸ ਵਿਚਲੀ ਅਵਾਜ਼ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਹੈ ਵੀ ਹੈ ਜਾਂ ਨਹੀਂ ਗਲੋਬਲ ਪੰਜਾਬ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇੰਨਾ ਦਾਅਵਾ ਜਰੂਰ ਹੈ ਕਿ ਇਸ ਅਵਾਜ਼ ਨੂੰ ਸੁਣਨ ਤੋਂ ਬਾਅਦ ਸੁਖਬੀਰ ਤੇ ਮਜੀਠੀਆ ਨੂੰ ਜਾਣਨ ਪਹਿਚਾਨਣ ਵਾਲਾ ਕੋਈ ਇੱਕ ਬੰਦਾ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਅਵਾਜ਼ ਉਨ੍ਹਾਂ ਦੀ ਨਹੀਂ ਹੈ।

ਇਸ ਸਬੰਧੀ ਜਦੋਂ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸੁਖਚੈਨ ਸਿੰਘ ਨੇ ਕਾਂਗਰਸ ਪਾਰਟੀ ਦੇ ਬੁਲਾਰੇ ਤੇ ਕੈਬਨਿਟ ਮੰਤਰੀ ਪੰਜਾਬ ਡਾ. ਰਾਜ ਕੁਮਾਰ ਵੇਰਕਾ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਤੇ ਸੁਖਬੀਰ ਨੂੰ ਵਾਕਿਆ ਹੀ ਮੁਸਲਮਾਨਾਂ ਨਾਲ ਹਮਦਰਦੀ ਹੈ ਤਾਂ ਉਹ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕਹਿਣ ਕਿ ਉਹ ਅਸਤੀਫਾ ਦੇ ਕੇ ਘਰ ਬੈਠ ਜਾਣ। ਉਨ੍ਹਾਂ ਮਜ਼ਾਕ ਉਡਾਉਂਦਿਆਂ ਕਿਹਾ ਕਿ ਸੁਖਬੀਰ ਦਾ ਕਸੂਰ ਨਹੀਂ ਉਹ ਜਰਾ ਕੁ ਮਾਵਾ ਜਿਆਦਾ ਛਕ ਲੈਂਦੈ ਤੇ ਉਹ ਇਸ ਤਰ੍ਹਾਂ ਦੀਆਂ ਊਟ-ਪਟਾਂਗ ਗੱਲਾਂ ਕਰਦਾ ਰਹਿੰਦੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਇਹ ਆਡੀਓ ਕਲਿੱਪ ਜਾਣ ਬੁੱਝ ਕੇ ਵਾਇਰਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਹ ਜੇਕਰ ਸਿੱਧੇ ਤੌਰ ‘ਤੇ ਬੀਜੇਪੀ ਨੂੰ ਕੁਝ ਕਹਿੰਦੇ ਹਨ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਕੇਂਦਰੀ ਵਜ਼ਾਰਤ ਵਿੱਚੋਂ ਬਾਹਰ ਜਾਣ ਲਈ ਕਹਿ ਸਕਦੇ ਹਨ। ਔਜਲਾ ਅਨੁਸਾਰ ਸੁਖਬੀਰ ਨੇ ਅਜਿਹਾ ਕਰਕੇ ਜਿਹੜੀ ਜਮਾਤ ਬੀਜੇਪੀ ਦੇ ਵਿਰੁੱਧ ਹੈ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਹਾਨਾਂ ਤਾਂ ਕੋਈ ਚਾਹੀਦਾ ਹੀ ਸੀ ਤੇ ਅਜਿਹਾ ਉਹ ਸਿੱਖਾਂ ਦੀ ਗੱਲ ਕਰਕੇ ਹੀ ਕਰ ਸਕਦੇ ਸਨ।

ਔਜਲਾ ਅਨੁਸਾਰ ਇੰਨੀ ਦਿਨੀਂ ਬੀਜੇਪੀ ਵਾਲੇ ਥਾਂ ਥਾਂ ਮੈਂਬਰਸ਼ਿੱਪ ਅਭਿਆਨ  ਚਲਾ ਰਹੇ ਹਨ ਤੇ ਇਹ ਚੀਜ਼ ਉਨ੍ਹਾਂ ਨੂੰ ਇਹ ਸੋਚਣ ‘ਤੇ ਮਜ਼ਬੂਰ ਕਰ ਰਹੀ ਹੈ ਕਿ ਸ਼ਾਇਦ ਬੀਜੇਪੀ ਵਾਲੇ ਅਕਾਲੀ ਦਲ ਤੋਂ ਵੱਖਰੀ ਚੋਣ ਲੜਨਗੇ ਜੋ ਕਿ ਇੰਝ ਲਗਦਾ ਹੈ ਕਿ ਉਹ ਲੜਨਗੇ ਵੀ। ਲਿਹਾਜਾ  ਅਜਿਹੀ ਆਡੀਓ ਵਾਇਰਲ ਕਰਕੇ ਸੁਖਬੀਰ ਬਾਦਲ ਬੀਜੇਪੀ ਨੂੰ ਲੁਕਵੀਂ ਧਮਕੀ ਦੇ ਰਹੇ ਹਨ ਤੇ ਬਹਾਨਾ ਕਰ ਰਹੇ ਹਨ ਕਾਂਗਰਸ ਦਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਅਕਾਲੀ ਦਲ ਵਾਲੇ ਵਾਰ ਵਾਰ ਕਰਕੇ ਕਾਂਗਰਸ ‘ਤੇ ਦੋਸ਼ ਲਾ ਰਹੇ ਹਨ ਉਸ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਕੀ ਹੋਇਆ ਸੀ ਤੇ ਵਾਰ ਵਾਰ ਇਹ ਦੁਹਰਾਉਣ ਦੀ ਲੋੜ ਨਹੀਂ ਹੈ ਪਰ ਉਹ ਬੇਅਦਬੀ ਮਾਮਲਿਆਂ ਦੇ ਸਬੰਧ ਵਿੱਚ ਸੁਖਬੀਰ ਬਾਦਲ ਨੂੰ ਇੱਕ ਗੱਲ ਜਰੂਰ ਕਹਿਣਗੇ ਕਿ ਕੇਂਦਰ ਵਿੱਚ ਉਨ੍ਹਾਂ ਦੀ ਸਰਕਾਰ ਹੈ, ਸੀਬੀਆਈ ਅਤੇ ਈਡੀ ਉਨ੍ਹਾਂ ਦੇ ਅਧੀਨ ਹੈ ਲਿਹਾਜਾ ਜਿਹੜਾ ਵੀ ਗੁਨਾਹਗਾਰ ਹੈ ਤੁਸੀਂ ਉਨ੍ਹਾਂ ਨੂੰ ਅੰਦਰ ਦਿਓ, ਪਰ ਇਸ ‘ਤੇ ਰਾਜਨੀਤੀ ਨਾ ਕਰੋ ਕਿਉਂਕਿ ਹੁਣ ਇਸ ਤੋਂ ਵਧੀਆ ਮਾਹੌਲ ਤਾਂ ਉਨ੍ਹਾਂ ਕੋਲ ਹੋ ਹੀ ਨਹੀਂ ਸਕਦਾ।

ਇਹ ਤਾਂ ਸਨ ਉਹ ਬਿਆਨ ਜਿਨ੍ਹਾਂ ‘ਤੇ ਸਿਆਸਤ ਭਖ ਰਹੀ ਹੈ ਪਰ ਸੱਚਾਈ ਅਜੇ ਵੀ ਹਨ੍ਹੇਰੇ ਵਿੱਚ ਹੈ ਕਿਉਂਕਿ ਇਹ ਪੁਸ਼ਟੀ ਅਜੇ ਤੱਕ ਨਹੀਂ ਹੋ ਪਾਈ ਕਿ ਇਹ ਆਡੀਓ ਵਿਚਲੀ ਅਵਾਜ਼ ਸੁਖਬੀਰ ਬਾਦਲ ਦੀ ਹੈ। ਹੁਣ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਇਸ ਆਡੀਓ ਕਲਿੱਪ ‘ਤੇ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਹਨ।

Share this Article
Leave a comment