Home / News / ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਯੂਰੀਆ ਤੁਰੰਤ ਪੁੱਜਦਾ ਕਰਨ: ਹਰਸਿਮਰਤ ਬਾਦਲ

ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਯੂਰੀਆ ਤੁਰੰਤ ਪੁੱਜਦਾ ਕਰਨ: ਹਰਸਿਮਰਤ ਬਾਦਲ

ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਆਖਿਆ ਕਿ ਉਹ ਸੂਬੇ ਦੇ ਕਿਸਾਨਾਂ ਕੋਲ ਖਾਦਾਂ ਖਾਸ ਤੌਰ ‘ਤੇ ਯੂਰੀਆ ਤੁਰੰਤ ਪੁੱਜਣਾ ਕਰਨ ਕਿਉਂਕਿ ਯੂਰੀਆ ਦੀ ਸਪਲਾਈ ਵਿਚ ਹੋਰ ਦੇਰੀ ਨਾਲ ਕਿਸਾਨਾਂ ‘ਤੇ ਬਹੁਤ ਮਾਰੂ ਅਸਰ ਪਵੇਗਾ ਅਤੇ ਇਸ ਨਾਲ ਕਣਕ ਦੀ ਪੈਦਾਵਾਰ 15 ਫੀਸਦੀ ਘੱਟ ਜਾਵੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੰਬਰ ਦੇ ਅੱਧ ਵਿਚ ਕਣਕ ਲਈ ਯੂਰੀਆ ਪਹਿਲੀ ਵਾਰ ਪਾਇਆ ਜਾਂਦਾ ਹੈ ਤਾਂ ਜੋ ਪੈਦਾਵਾਰ ਵਧਾਈ ਜਾ ਸਕੇ। ਉਹਨਾਂ ਕਿਹਾ ਕਿ ਸਮਾਂ ਤੇਜ਼ੀ ਨਾਲ ਲੰਘ ਰਿਹਾ ਹੈ ਤੇ ਇਸ ਗੱਲ ਦਾ ਕੋਈ ਯਕੀਨ ਨਹੀਂ ਕਿ ਲੋੜੀਂਦਾ ਯੂਰੀਆ ਕਦੋਂ ਮਿਲੇਗਾ ਕਿਉਂਕਿ ਰੇਲ ਸੇਵਾਵਾਂ ਕੱਲ੍ਹ ਤੋਂ ਸ਼ੁਰੂ ਹੋ ਰਹੀਆਂਹ ਨ ਤੇ 8 ਲੱਖ ਟਨ ਯੂਰੀਆ ਹਾਲੇ ਪੁੱਜਣਾ ਬਾਕੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਸੁੱਤੀ ਰਹਿ ਗਈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੇੜਲੇ ਇਲਾਕਿਆਂ ਤੋਂ ਸੜਕੀ ਮਾਰਗ ਰਾਹੀਂ ਯੂਰੀਆ ਮੰਗਵਾਉਣ ਬਾਰੇ ਵਿਚਾਰ ਹੀ ਨਹੀਂ ਕੀਤਾ। ਉਹਨਾਂ ਕਿਹਾ ਕਿ ਪਾਣੀਪਤ ਵਿਚ ਐਨ ਐਫ ਐਲ ਪਲਾਂਟ ‘ਤੇ ਯੂਰੀਆ ਉਪਲਬਧ ਹੈ ਜੋ ਆਸਾਨੀ ਨਾਲ ਸੜਕ ਰਾਹੀਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਲਿਆਂਦਾ ਜਾ ਸਕਦਾ ਸੀ ਪਰ ਕਾਂਗਰਸ ਸਰਕਾਰ ਨੇ ਕੋਈ ਪਹਿਲਕਦਮੀ ਨਹੀਂ ਕੀਤੀ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਤੁਰੰਤ ਗੱਲਬਾਤ ਕਰ ਕੇ ਸੂਬੇ ਲਈ ਯੁਰੀਆ ਦੀ ਸਪਲਾਈ ਤਰਜੀਹੀ ਆਧਾਰ ‘ਤੇ ਬਲਕਿ ਇਕ ਹਫਤੇ ਦੇ ਅੰਦਰ ਅੰਦਰ ਮਿਲਣੀ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਣਕ ਦੀ ਫਸਲ ‘ਤੇ ਮਾਰ ਨਾ ਪਵੇ। ਉਹਨਾਂ ਕਿਹਾ ਕਿ ਰਾਜ ਨੂੰ ਗੁਆਂਢੀ ਰਾਜਾਂ ਤੋਂ ਵੀ ਸੜਕ ਰਾਹੀਂ ਸਪਲਾਈ ਲਈ ਪ੍ਰਬੰਧ ਕਰਨੇ ਚਾਹੀਦੇ ਹਨ।

ਬਠਿੰਡਾ ਦੀ ਐਮ ਪੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ ਯੂਰੀਆ ਮਿਲਣਾ ਯਕੀਨੀ ਬਣਾਉਣ ਲਈ ਕੋਈ ਪਹਿਲਕਦਮੀ ਨਾ ਕਰਨ ਕਾਰਨ ਕਿਸਾਨਾਂ ਨੇ ਪਹਿਲਾਂ ਹੀ ਭਾਰੀ ਘਾਟਾ ਝੱਲਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹਰਿਆਣਾ ਤੇ ਰਾਜਸਥਾਨ ਤੋਂ ਮਹਿੰਗੇ ਭਾਅ ਯੂਰੀਆ ਖਰੀਦਣਾ ਪਿਆ ਹੈ। ਉਹਨਾਂ ਹਿਕਾ ਕਿ ਜੋ ਵੀ ਸਪਲਾਈ ਬਠਿੰਡਾ ਤੇ ਰੋਪੜ ਵਿਖੇ ਐਨ ਐਫ ਐਲ ਦੇ ਪਲਾਂਟਾਂ ਵਿਚ ਸੀ, ਉਸਨੂੰ ਇਹ ਕਹਿ ਕੇ ਰੋਕਿਆ ਗਿਆ ਕਿਉਂਕਿ ਪੰਜਾਬ ਲਈ ਸਪਲਾਈ ਦਾ ਕੋਟਾ ਖਤਮ ਹੋ ਗਿਆ। ਉਹਨਾਂ ਕਿਹਾ ਕਿ ਸਹਿਕਾਰੀ ਸਭਾਵਾਂ ਨੇ ਪਹਿਲਾਂ ਹੀ 50 ਹਜ਼ਾਰ ਟਨ ਯੂਰੀਆ ਵੰਡ ਦਿੱਤਾ ਹੈ ਤੇ ਹੁਣ ਉਹਨਾਂ ਕੋਲ ਕੋਈ ਸਟਾਫ ਬਾਕੀ ਨਹੀਂ ਰਿਹਾ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਰੇ ਮਸਲਿਆਂ ਨੂੰ ਧਿਆਨ ਵਿਚ ਰੱਖਦਿਆਂ ਮੁੱਖ ਮੰਤਰੀ ਯੂਰੀਆ ਤੇ ਕਿਸਾਨਾਂ ਨੂੰ ਲੋੜੀਂਦੀਆਂ ਹੋਰ ਖਾਦਾਂ ਤਰਜੀਹ ਆਧਾਰ ‘ਤੇ ਮਿਲਣੀਆਂ ਯਕੀਨੀ ਬਣਾਉਣ ਲਈ ਮਾਮਲਾ ਪ੍ਰਧਾਨ ਮੰਤਰੀ ਕੋਲ ਚੁੱਕਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਪਹਿਲਾਂ ਹੀ ਕੇਂਦਰ ਨੂੰ ਇਹ ਦੱਸਣ ਵਿਚ ਨਾਕਾਮ ਰਹੇ ਹਨ ਕਿ ਕਿਸਾਨ ਜਥੇਬੰਦੀਆਂ ਨੇ ਦੋ ਹਫਤੇ ਪਹਿਲਾਂ ਹੀ ਰੇਲ ਲਾਈਨਾਂ ਖਾਲੀ ਕਰ ਦਿੱਤੀਆਂ ਸਨ। ਉਹਨਾਂ ਕਿਹਾ ਕਿ ਹੁਣ ਪੰਜਾਬ ਲਈ ਖਾਦਾਂ ਦੀ ਸਪਲਾਈ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ।

ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੀ ਕਦਮ ਚੁੱਕ ਕੇ ਯਕੀਨੀ ਬਣਾਵੇ ਕਿ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਦੀ ਤੋਟ ਨਾ ਰਹੇ। ਉਹਨਾਂ ਕਿਹਾ ਕਿ ਕਿਸਾਨਾਂ ਵਿਚ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ‘ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮੰਗ ‘ਤੇ ਫਸਲਾਂ ਦੀ ਐਮ ਐਸ ਪੀ ਅਨੁਸਾਰ ਯਕੀਨੀ ਸਰਕਾਰੀ ਖਰੀਦ ਦੀ ਗਰੰਟੀ ਦੇਣ ਵਾਸਤੇ ਲੋੜੀਂਦੇ ਕਦਮ ਚੁੱਕੇ।

Check Also

ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਚੰਡੀਗੜ੍ਹ: ਪਠਾਨਕੋਟ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ …

Leave a Reply

Your email address will not be published. Required fields are marked *