Breaking News

ਰਾਜ ਗੁਰੂ – ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਦੇਸ਼ ਭਗਤ

-ਅਵਤਾਰ ਸਿੰਘ;

ਕ੍ਰਾਂਤੀਕਾਰੀ ਸ਼ਹੀਦ ਰਾਜ ਗੁਰੂ ਦਾ ਪੂਰਾ ਨਾਮ ਸ਼ਿਵ ਰਾਮ ਰਾਜਗੁਰੂ ਸੀ। ਉਸਦੇ ਪਿਤਾ ਹਰੀ ਨਰਾਇਣ ਕੰਮ ਦੀ ਭਾਲ ਵਿੱਚ ਆਪਣੇ ਪਿੰਡ ਚਾਕਣ ਤੋਂ ਜਾ ਕੇ ਪਿੰਡ ਖੇੜਾ (ਪੁਣੇ ਨੇੜੇ) ਜਾ ਵਸਿਆ, ਇਥੇ ਹੀ ਰਾਜਗੁਰੂ ਦਾ ਜਨਮ 24-8-1908 ਨੂੰ ਹੋਇਆ।

ਉਹ ਅਜੇ ਛੇ ਸਾਲ ਦੇ ਸਨ ਜਦ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸਦੀ ਦੇਖ-ਭਾਲ ਵੱਡੇ ਭਰਾ ਨੇ ਕੀਤੀ। ਉਸਨੂੰ ਸਕੂਲ ਦਾਖਲ ਕਰਾਇਆ ਪਰ ਉਨ੍ਹਾਂ ਦਾ ਮਨ ਪੜਾਈ ਵਿਚ ਨਾ ਹੋਣ ਕਰਕੇ ਉਹ ਘਰੋਂ ਭੱਜ ਕੇ ਬਨਾਰਸ ਵਿੱਚ ਇਕ ਅਧਿਆਪਕ ਕੋਲ ਚਲੇ ਗਏ।

ਅਧਿਆਪਕ ਪੜਾਉਂਦਾ ਘੱਟ ਤੇ ਜਿਆਦਾ ਨੌਕਰਾਂ ਵਾਲਾ ਕੰਮ ਲੈਂਦਾ ਸੀ। ਪੜਾਈ ਤੋਂ ਬਾਅਦ ਬਨਾਰਸ ਦੇ ਸਕੂਲ ਵਿੱਚ ਹੀ ਪੀ ਟੀ ਆਈ ਅਧਿਆਪਕ ਲੱਗ ਗਏ। ਇਸੇ ਦੌਰਾਨ ਕ੍ਰਾਂਤੀਕਾਰੀ ਸ਼ਿਵ ਵਰਮਾ ਨਾਲ ਸੰਪਰਕ ਹੋਣ ਤੇ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਲ ਹੋ ਕੇ ਲਾਹੌਰ ਚੱਲਿਆ ਗਿਆ।

ਉਹ ਭਗਤ ਸਿੰਘ ਦਾ ਪ੍ਰਸੰਸਕ ਤੇ ਦੋਸਤ ਬਣ ਗਿਆ। ਦੋਵੇਂ ਨਿਸ਼ਾਨੇਬਾਜ਼ ਪੱਕੇ ਸਨ। ਸਾਂਡਰਸ ਦੇ ਕਤਲ ਤੋਂ ਬਾਅਦ ਸਾਰੇ ਰਾਜਗੁਰੂ ਦੇ ਨਿਸ਼ਾਨੇ ਦੀ ਤਾਰੀਫ ਕਰ ਰਹੇ ਸਨ ਕਿ ਉਸਨੇ ਢਿੱਡ ਵਿੱਚ ਗੋਲੀ ਮਾਰੀ। “ਨਹੀਂ, ਮੈਂ ਪੁੜਪੜੀ ਵਿੱਚ ਗੋਲੀ ਮਾਰੀ ਸੀ ਪਰ ਪਿਸਤੌਲ ਹੀ ਨਿੰਕਮਾ ਸੀ ਜੋ ਹਿਲ ਗਿਆ।” ਉਹ ਬਹੁਤ ਹੀ ਸਿੱਧੇ ਸੁਭਾਅ ਦਾ ਪਰ ਮੱਘਦੇ ਜ਼ਜਬੇ ਵਾਲਾ ਕ੍ਰਾਂਤੀਕਾਰੀ ਸੀ।

ਰਾਜਗੁਰੂ ਤੇ ਭਗਤ ਸਿੰਘ ਦੁਰਗਾ ਭਾਬੀ ਨਾਲ ਆਗਰਾ ਪੁੱਜ ਗਏ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਲਈ ਨਾਮਜ਼ਦ ਕੀਤਾ ਤਾਂ ਰਾਜਗੁਰੂ ਨੇ ਮੀਟਿੰਗ ਵਿੱਚ ਬਹੁਤ ਜ਼ੋਰ ਲਾਇਆ ਕਿ ਭਗਤ ਸਿੰਘ ਦੀ ਥਾਂ ਮੇਰਾ ਨਾਮ ਸ਼ਾਮਲ ਕੀਤਾ ਜਾਵੇ ਜਾਂ ਉਸਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਨਾਲ ਭੇਜਿਆ ਜਾਵੇ।

ਉਸ ਦੇ ਸਾਥੀਆਂ ਨੇ ਕਿਹਾ ਕਿ ਉਸ ਨੂੰ ਅੰਗਰੇਜ਼ੀ ਘੱਟ ਆਉਦੀ ਇਸ ਲਈ ਉਹ ਪਾਰਟੀ ਦਾ ਪੱਖ ਉਥੇ ਚੰਗੀ ਤਰਾਂ ਨਹੀਂ ਰੱਖ ਸਕਦਾ। ਚੰਦਰ ਸ਼ੇਖਰ ਨੂੰ ਕਹਿਣ ਲੱਗਾ, “ਮੈਨੂੰ ਅੰਗਰੇਜ਼ੀ ਵਿੱਚ ਬਿਆਨ ਤਿਆਰ ਕਰ ਦਿਉ ਮੈਂ ਉਸਨੂੰ ਰਟ ਕੇ ਬੋਲ ਦੇਵਾਂਗਾ, ਆਖਰ ਮੈਂ ਸੰਸਕਿਰਤੀ ਕੌਮਿਟੀ ਨੂੰ ਵੀ ਰਟਾ ਲਾਇਆ ਸੀ।” ਪਰ ਉਸਦੀ ਮੰਗ ਪ੍ਰਵਾਨ ਨਾ ਹੋਈ।

ਬੰਬ ਸੁੱਟਣ ਦੇ ਨਾਲ ਨਾਲ ਲਾਹੌਰ ਸ਼ਾਜਿਸ ਕੇਸ ਵੀ ਕ੍ਰਾਂਤੀਕਾਰੀਆਂ ਖਿਲਾਫ ਚੱਲਿਆ। ਉਹਨਾਂ ਵਿੱਚੋਂ ਚੰਦਰ ਸ਼ੇਖਰ ਫਰਾਰ ਸਨ। ਅਕਤੂਬਰ 1930 ਨੂੰ ਹੋਏ ਫੈਸਲੇ ਵਿਚ ਭਗਤ ਸਿੰਘ, ਸੁਖਦੇਵ ਦੇ ਨਾਲ ਰਾਜਗੁਰੂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ। ਰਾਜਗੁਰੂ ਖੁਸ਼ ਸੀ ਕਿਉਕਿ ਉਸਦੀ ਭਗਤ ਸਿੰਘ ਨਾਲ ਸ਼ਹੀਦ ਹੋਣ ਦੀ ਇੱਛਾ ਪੂਰੀ ਹੋਣ ਵਾਲੀ ਸੀ। 23 ਮਾਰਚ, 1931 ਸ਼ਾਮ ਨੂੰ ਤਿੰਨੇ “ਇਨਕਲਾਬ-ਜਿੰਦਾਬਾਦ” ਦੇ ਨਾਹਰੇ ਲਾਉਂਦੇ ਹੋਏ ਫਾਂਸੀ ਦੇ ਤਖਤੇ ‘ਤੇ ਚੜ੍ਹ ਗਏ। ਅਜਿਹੇ ਦੇਸ਼ ਭਗਤ ਨੂੰ ਸਲਾਮ।

Check Also

ਭ੍ਰਿਸ਼ਟਾਚਾਰ ਅਤੇ ਡਰੱਗ ਦੇ ਮੁੱਦੇ ਉੱਪਰ ਟਕਰਾਅ ਕਿਉਂ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦਾ ਇੱਕ ਸਾਲ ਮੁਕੰਮਲ …

Leave a Reply

Your email address will not be published. Required fields are marked *