ਚੰਡੀਗੜ੍ਹ : ਜਿਸ ਦਿਨ ਤੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮੰਤਰੀ ਮੰਡਲ ‘ਚੋਂ ਦਿੱਤਾ ਆਪਣਾ ਅਸਤੀਫਾ ਜਨਤਕੀ ਕੀਤਾ ਹੈ ਉਸੇ ਦਿਨ ਤੋਂ ਸੂਬੇ ਦੇ ਕਈ ਆਗੂਆਂ ਨੇ ਆਪਣੀ ਨਿਗ੍ਹਾ ਉਸ ਬਿਜਲੀ ਮਹਿਕਮੇਂ ਦੇ ਮੰਤਰੀ ਵਾਲੀ ਕੁਰਸੀ ‘ਤੇ ਟਿਕਾ ਰੱਖੀ ਹੈ ਜਿਸ ਬਿਜਲੀ ਮਹਿਕਮੇਂ ਨੂੰ ਸਿੱਧੂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ। ਹਾਲਾਤ ਇਹ ਹਨ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਅੱਜ ਹਰ ਉਹ ਵਿਧਾਇਕ ਸਿੱਧੂ ਦਾ ਇਹ ਬਿਜਲੀ ਮਹਿਕਮਾਂ ਹਥਿਆਉਣ ਦੀ ਤਾਕ ਵਿੱਚ ਹੈ ਜਿਹੜਾ ਮਾੜਾ ਮੋਟਾ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਨੇੜੇ ਸਮਝਦਾ ਹੈ। ਹਾਲਾਤ ਇਹ ਹਨ ਕਿ ਚੁੱਪ ਚਪੀਤੇ ਕੀਤੀ ਜਾ ਰਹੀ ਇਸ ਖਿੱਚਾ-ਧੂਹ ਦੌਰਾਨ ਕਈ ਵਿਧਾਇਕ ਤਾਂ ਆਪਣੇ ਆਪ ਨੂੰ ਬਿਜਲੀ ਮੰਤਰੀ ਦੱਸ ਕੇ ਲੋਕਾਂ ਦੀਆਂ ਵਧਾਈਆਂ ਵੀ ਲੈ ਗਏ ਹਨ। ਜਿਸ ਸਾਰੇ ਵਰਤਾਰੇ ਬਾਰੇ ਮੁੱਖ ਮੰਤਰੀ ਦਫਤਰ ਅਤੇ ਕਾਂਗਰਸ ਹਾਈ ਕਮਾਂਡ ਬਾਜ ਅੱਖ ਰੱਖੀ ਬੈਠਾ ਹੈ।
ਇਸ ਸਬੰਧੀ ਕਾਂਗਰਸ ਪਾਰਟੀ ਦੇ ਉੱਚ ਕੋਟੀ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੂਸਾਰ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਵਜ਼ਾਰਤ ਤੋਂ ਅਸਤੀਫਾ ਦਿੱਤੇ ਜਾਣ ਦੀ ਖਬਰ ਫੈਲਦਿਆਂ ਹੀ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਵਜ਼ਾਰਤ ‘ਚੋਂ ਇੱਕ ਮੰਤਰੀ ਦੀ ਜਿਹੜੀ ਥਾਂ ਖਾਲੀ ਹੋਈ ਹੈ ਉਹ ਥਾਂ ਉਨ੍ਹਾਂ ਨੂੰ ਹਾਸਲ ਹੋ ਸਕੇ।
ਦੱਸ ਦਈਏ ਕਿ ਜਿੰਨਾ ਕਾਂਗਰਸੀ ਵਿਧਾਇਕਾਂ ਬਾਰੇ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਹਾਸਲ ਕਰਨ ਸਬੰਧੀ ਜਬਰਦਸਤ ਚਰਚਾ ਛਿੜੀ ਹੋਈ ਹੈ ਉਨ੍ਹਾਂ ‘ਚ ਸਾਬਕਾ ਮੰਤਰੀ ਰਾਣਾ ਗੁਰਜੀਤ ਦਾ ਨਾਂ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਕੁਰਸੀ ਹਾਸਲ ਕਰਨ ਲਈ ਕਾਂਗਰਸ ਪਾਰਟੀ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਵੱਲੋਂ ਵੀ ਸਿੱਧੇ-ਅਸਿੱਧੇ ਢੰਗ ਨਾਲ ਕੋਸ਼ਿਸ਼ਾਂ ਕਰਨ ਤੋਂ ਬਾਅਦ ਕਈ ਤਰ੍ਹਾਂ ਦੇ ਦਾਅਵੇ ਪ੍ਰਗਟ ਕਰਨ ਦੀਆਂ ਚਰਚਾਵਾਂ ਛਿੜੀਆਂ ਹੋਈਆਂਹਨ। ਸੂਤਰਾਂ ਅਨੁਸਾਰ ਸਿੱਧੂ ਦੀ ਜਗ੍ਹਾ ਸੰਭਾਲਣ ਲਈ ਇਛੁੱਕ ਵਿਧਾਇਕਾਂ ‘ਚ ਕੁਝ ਵਿਧਾਇਕ ਅਜਿਹੇ ਵੀ ਹਨ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ। ਪਰ ਚਰਚਾ ਹੈ ਕਿ ਇਹ ਅਹੁਦਾ ਹੁਣ ਕਿਸੇ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਵਿਅਕਤੀ ਨੂੰ ਹੀ ਦਿੱਤਾ ਜਾ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀਓਂ ਪਰਤਦੇ ਹੀ ਪੰਜਾਬ ਵਜ਼ਾਰਤ ਦੀ ਮੀਟਿੰਗ ਸੱਦ ਲਈ ਹੈ, ਦੇਖੋ ਹੁਣ ਕਿਸ ਦੇ ਹਿੱਸੇ ਕੀ ਆਉਂਦਾ ਹੈ।