ਸਿੱਧੂ ਨੇ ਜਿਸ ਮੰਤਰੀ ਵਿਰੁੱਧ ਕੀਤੀ ਸੀ ਕਾਰਵਾਈ, ਉਸੇ ਮੰਤਰੀ ਨੂੰ ਮਿਲੀ ਸਿੱਧੂ ਦੀ ਕੁਰਸੀ !

TeamGlobalPunjab
4 Min Read

ਚੰਡੀਗੜ੍ਹ : ਸਥਾਨਕ ਸਰਕਾਰਾਂ ਮੰਤਰੀ ਰਹਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਿਸ ਸਾਥੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੇਂਜ ਆਫ ਲੈਂਡ ਯੀਊਜ (ਸੀਐਲਯੂ) ਮਾਮਲੇ ਵਿੱਚ ਪੂਰੀ ਤਰ੍ਹਾਂ ਜਵਾਬਦੇਹ ਬਣਾਈ ਰੱਖਿਆ, ਤੇ ਇੱਥੋਂ ਤੱਕ ਕਿ ਸਿੱਧੂ ਨੇ ਜਿਸ ਆਸ਼ੂ ਖਿਲਾਫ ਜਾਂਚ ਬਿਠਾ ਕੇ ਉਨ੍ਹਾਂ ਦੇ ਕੈਰੀਅਰ ‘ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ, ਉਹੀ ਭਾਰਤ ਭੂਸ਼ਣ ਆਸ਼ੂ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਦਿੰਦਿਆਂ ਹੀ ਹੁਣ ਉਨ੍ਹਾਂ ਦਾ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਸਥਿਤ ਉਹ ਕਮਰਾ ਨੰ: 33 ਤੇ ਉਨ੍ਹਾਂ ਦੀ ਕੁਰਸੀ ਹੁਣ ਆਪ ਸਾਂਭ ਲਈ ਹੈ, ਤੇ ਇਹ ਉਹ ਕੁਰਸੀ ਹੈ ਜਿਸ ਜਗ੍ਹਾ ਬੈਠ ਕੇ ਸਿੱਧੂ ਨੇ ਆਸ਼ੂ ਵਾਲੇ ਸੀਐਲਯੂ ਵਿਵਾਦ ਸਬੰਧੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਕੁੱਲ ਮਿਲਾ ਕੇ ਹੁਣ ਕਿਹਾ ਜਾ ਸਕਦਾ ਹੈ ਕਿ ਆਸ਼ੂ ਸਿੱਧੂ ਦੇ ਕਮਰੇ ‘ਚ ਸਿੱਧੂ ਵਾਲੀ ਹੀ ਕੁਰਸੀ ‘ਤੇ ਹੀ ਬੈਠਿਆ ਕਰਨਗੇ। ਤੇਜੀ ਨਾਲ ਘਟੇ ਇਸ ਘਟਨਾਕ੍ਰਮ ਤੋਂ ਬਾਅਦ ਇਹ ਮਾਮਲਾ ਹੁਣ ਸਿਆਸੀ ਗਲਿਆਰਿਆਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਚੁਗਲੀਆਂ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿਵਲ ਸਕੱਤਰੇਤ ਦੀ ਪੰਜਵੀ ਮੰਜਿਲ ‘ਤੇ ਸਥਿਤ ਕਮਰਾ ਨੰ: 13 ਵਿੱਚ ਬੈਠਣ ਵਾਲੇ ਭਾਰਤ ਭੂਸ਼ਣ ਆਸ਼ੂ ਦੀ ਨਵਜੋਤ ਸਿੰਘ ਸਿੱਧੂ ਨਾਲ ਪਿਛਲੇ ਸਾਲ ਫਰਵਰੀ ਮਹੀਨੇਂ ਵਿੱਚ ਉਸ ਵੇਲੇ ਖੜਕ ਗਈ ਸੀ, ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਨ ਸਭਾ ਅੰਦਰ ਡਿਪਟੀ ਲੀਡਰ ਸਰਬਜੀਤ ਕੌਰ ਮਾਣੂਕੇ ਨੇ ਅਸੈਂਬਲੀ ਦੇ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ ਸੀ ਕਿ ਲੁਧਿਆਣਾ ਦੇ ਈਸ਼ਰ ਨਗਰ ਖੇਤਰ ਵਿੱਚ ਸ਼ੁਰੂ ਹੋ ਰਹੇ ਗਰੈਂਡ ਮੈਨਰ ਹੋਮਜ਼ ਨਾਮ ਦੇ ਰਿਹਾਇਸ਼ੀ ਪ੍ਰੋਜੈਕਟ ਦੀ ਮਨਜ਼ੂਰੀ ਲੈਣ ਲਈ ਚੇਂਜ ਆਫ ਲੈਂਡ ਯੀਊਜ਼ ਲਈ ਜੋ ਦਸਤਾਵੇਜ਼ ਲਾਏ ਗਏ ਸਨ ਉਹ ਫਰਜ਼ੀ ਹਨ। ਮਾਣੂਕੇ ਨੇ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਇਮਾਨਦਾਰ ਮੰਤਰੀ ਦੱਸਦਿਆਂ ਕੁਝ ਅਧਿਕਾਰੀਆਂ ‘ਤੇ ਉਂਗਲ ਚੁੱਕਦਿਆਂ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਦੀ ਵੀ ਮੰਗ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਨਵਜੋਤ ਸਿੰਘ ਸਿੱਧੂ ਨੇ ਗਰੈਂਡ ਮੈਨਰ ਹੋਮਜ਼ ਦੇ ਰਿਹਾਇਸ਼ੀ ਪ੍ਰੋਜੈਕਟ ਦੀ ਸੀਐਲਯੂ ਸਬੰਧੀ ਦਿੱਤੀ ਗਈ ਮਨਜ਼ੂਰੀ ‘ਤੇ ਰੋਕ ਲਾ ਦਿੱਤੀ ਸੀ। ਇਸ ਮੌਕੇ ਸਿੱਧੂ ਦਾ ਵੀ ਇਹ ਕਹਿਣਾ ਸੀ ਕਿ ਇਹ ਮਨਜ਼ੂਰੀ ਫਰਜ਼ੀ ਦਸਤਾਵੇਜਾਂ ਦੇ ਅਧਾਰ ‘ਤੇ ਦਿੱਤੀ ਗਈ ਸੀ।

ਇਸ ਮਗਰੋਂ ਭਾਵੇਂ ਕਿ ਜਦੋਂ ਮੀਡੀਆ ਨੇ ਆਸ਼ੂ ਤੋਂ ਇਹ ਪੁੱਛਿਆ ਸੀ ਕਿ, ਕੀ ਸਿੱਧੂ ਉਨ੍ਹਾਂ ਦਾ ਨਾਮ ਇਸ ਜਾਂਚ ਰਿਪੋਰਟ ਵਿੱਚ ਸਿਆਸੀ ਰੰਜਿਸ਼ ਕਾਰਨ ਪਾਇਆ ਹੈ? ਤਾਂ ਆਸ਼ੂ ਨੇ ਇਹ ਕਹਿ ਕੇ ਪੱਲਾ ਝਾੜ੍ਹ ਲਿਆ ਸੀ ਕਿ ਇਸ ਬਾਰੇ ਸਿੱਧੂ ਹੀ ਜਿਆਦਾ ਦੱਸ ਸਕਦੇ ਹਨ, ਪਰ ਦੂਜੇ ਪਾਸੇ ਸਿੱਧੂ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਸਕੱਤਰ ਨੂੰ ਪਿਛਲੇ ਸਾਲ 7 ਜੁਲਾਈ ਨੂੰ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਪ੍ਰਿੰਸੀਪਲ ਸਕੱਤਰ ਵੱਲੋਂ ਇਸ ਮਾਮਲੇ ਵਿੱਚ ਅਜੇ ਤੱਕ ਜਾਂਚ ਮੁਕੰਮਲ ਨਹੀਂ ਕੀਤੀ ਗਈ ਸੀ। ਹੁਣ ਜਦੋਂ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਉਨ੍ਹਾਂ ਦਾ ਕਮਰਾ ਵੀ ਉਸੇ ਮੰਤਰੀ ਨੂੰ ਮਿਲ ਗਿਆ ਹੈ ਜਿਸ ਮੰਤਰੀ ‘ਤੇ ਦੋਸ਼ ਲੱਗਣ ਤੋਂ ਬਾਅਦ ਸਿੱਧੂ ਨੇ ਜਾਂਚ ਬਿਠਾਈ ਸੀ ਤਾਂ ਇਹ ਚਰਚਾ ਛਿੜ ਗਈ ਹੈ ਕਿ ਸਰਬਜੀਤ ਕੌਰ ਮਾਣੂਕੇ ਵੱਲੋਂ ਚੁੱਕਿਆ ਗਿਆ ਮੁੱਦਾ ਤੇ ਚੇਂਜ ਆਫ ਲੈਂਡ ਨੂੰ ਦਿੱਤੀ ਗਈ ਚੁਨੌਤੀ ਵੀ ਠੰਡੇ ਬਸਤੇ ਪੈ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਸਤੀਫਾ ਦੇਣ ਤੋਂ ਬਾਅਦ ਕੀ ਸਿੱਧੂ ਇਸ ਜਾਂਚ ਨੂੰ ਮੁਕੰਮਲ ਕਰਨ ਵਿੱਚ ਮੁੜ ਦਿਲਚਸਪੀ ਦਿਖਾਉਂਦੇ ਹਨ ਜਾਂ ਇੱਕ ਵਾਰ ਫਿਰ ਸੱਤਾ ਹੱਥ ਵਿੱਚ ਆਉਣ ਦਾ ਇੰਤਜਾਰ ਕਰਨਗੇ।

Share this Article
Leave a comment