ਸਿੱਧੂ ਦੇ ਅਸਤੀਫੇ ਤੋਂ ਬਾਅਦ ਹੁਣ ਕੈਪਟਨ ਲਈ ਸੁਖਬੀਰ ਨੇ ਛੇੜੀ ਨਵੀਂ ਮੁਸੀਬਤ, ਜੁੜ ਰਹੇ ਨੇ ਡੇਰਾ ਸਿਰਸਾ ਨਾਲ ਤਾਰ?

TeamGlobalPunjab
5 Min Read

ਚੰਡੀਗੜ੍ਹ  : ਇੰਝ ਜਾਪਦਾ ਹੈ ਜਿਵੇਂ ਪੰਜਾਬ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਆਪਣੀ ਪੰਥਕ ਜਮੀਨ ਗਵਾ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਇਸ ਜ਼ਮੀਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੀਬੀਆਈ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੇ  ਮੁਲਜ਼ਮਾਂ ਖਿਲਾਫ ਅਦਾਲਤ ਵਿੱਚ ਕੇਸ ਨੂੰ ਬੰਦ ਕਰਨ ਲਈ ਪੇਸ਼ ਕੀਤੀ ਗਈ ਕਲੋਜਰ ਰਿਪੋਰਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਕੇਸਾਂ ਦੀ ਮੁੜ ਜਾਂਚ ਕੀਤੇ ਜਾਣ ਲਈ ਇੱਕ ਵਾਰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਉਣ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਬੇਅਦਬੀ ਹੋਈ ਹੈ ਤੇ ਇਨ੍ਹਾਂ ਦੇ ਦੋਸ਼ੀਆਂ ਨੂੰ ਜਾਂਚ ਤੋਂ ਬਾਅਦ ਅਦਾਲਤ ਰਾਹੀਂ ਹਰ ਹਾਲਤ ਵਿੱਚ ਸਜ਼ਾ-ਏ-ਮੌਤ ਦਵਾਉਣੀ ਚਾਹੀਦੀ ਹੈ। ਮਾਹਰਾਂ ਅਨੁਸਾਰ ਅਕਾਲੀ ਦਲ ਅਜਿਹਾ ਕਦਮ ਇਸ ਲਈ ਚੁੱਕਣ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਘਟਨਾਵਾਂ ਲਈ ਸਿਰਫ ਬਾਦਲਾਂ ਨੂੰ ਹੀ ਨਿਸ਼ਾਨੇ ‘ਤੇ ਲਿਆ ਗਿਆ ਹੈ ਤੇ ਅਕਾਲੀ ਦਲ ਵੱਲੋਂ ਅਦਾਲਤ ਵਿੱਚ ਅਜਿਹੀ ਰਿੱਟ ਦਾਇਰ ਕਰਨ ਤੋਂ ਬਾਅਦ ਪਾਰਟੀ ਲੋਕਾਂ ਵਿੱਚ ਆਪਣੇ ਆਪ ਨੂੰ ਵੀ ਪੀੜਤ ਦੱਸਣ ਦੀ ਕੋਸ਼ਿਸ਼ ਕਰਕੇ, ਗਵਾਚੀ ਪੰਥਕ ਜ਼ਮੀਨ ਮੁੜ ਹਾਸਲ ਕਰਨ ਦਾ ਟੀਚਾ ਮਿੱਥੀ ਬੈਠੀ ਹੈ।

ਇਸ ਸਬੰਧ ਵਿੱਚ ਗੰਭੀਰਤਾ ਨਾਲ ਵਿਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਬੇਸ਼ੱਕ ਅਜੇ ਉਨ੍ਹਾਂ ਨੇ ਇਹ ਕਲੋਜ਼ਰ ਰਿਪੋਰਟ ਦੇਖੀ ਨਹੀਂ ਹੈ, ਪਰ ਜਿਉਂ ਹੀ ਇਹ ਰਿਪੋਰਟ ਉਨ੍ਹਾਂ ਕੋਲ ਆਉਂਦੀ ਹੈ ਤਾਂ ਉਹ ਆਪਣੀ ਪਾਰਟੀ ਦੇ ਉੱਚ ਕੋਟੀ ਦੇ ਵਕੀਲਾਂ ਦੀ ਟੀਮ ਨੂੰ ਕਹਿਣਗੇ ਕਿ ਉਹ ਸੀਬੀਆਈ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ ਇਸ ਕਲੋਜ਼ਰ ਰਿਪੋਰਟ ਦੀ ਬੜੀ ਡੂੰਘਾਈ ਨਾਲ ਸਮੀਖਿਆ ਕਰਨ  ਤੇ  ਪੂਰੀ ਤਰ੍ਹਾਂ ਸੰਤੁਸ਼ਟ ਹੋਣ ਤੋਂ ਬਾਅਦ ਪਾਰਟੀ ਇਸ ਕਲੋਜ਼ਰ ਰਿਪੋਰਟ  ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਕੇ ਆਪਣਾ ਪੱਖ ਰੱਖੇਗੀ। ਸੁਖਬੀਰ ਨੇ ਕਿਹਾ ਕਿ ਇਸ ਤੋਂ ਇਲਾਵਾ ਉਹ ਇਸ ਮਾਮਲੇ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ ਕਿਉਂਕਿ ਉਹ ਇਹ ਚਾਹੁੰਦੇ ਹਨ ਕਿ ਜਿਸ ਕਿਸੇ ਨੇ ਵੀ ਬੇਅਦਬੀ ਦੀਆਂ ਘਟਨਾਵਾਂ ਵਰਗਾ ਗੰਦਾ ਕੰਮ ਕੀਤਾ ਹੈ ਉਸ ਨੂੰ ਸਜ਼ਾ ਜਰੂਰ ਮਿਲੇ। ਲਿਹਾਜਾ ਉਹ ਅਮਿਤ ਸ਼ਾਹ ਨੂੰ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਵਿਭਾਗ ਅਦਾਲਤ ਵਿੱਚ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ਨੂੰ ਵਾਪਸ ਲੈ ਕੇ ਇਸ ਦੀ ਜਾਂਚ ਕਰਦਿਆਂ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਵਾਵੇ।

ਸੁਖਬੀਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਜਿਸ ਸਮੇਂ ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਤਾਂ ਉਸ ਸਮੇਂ ਜਦੋਂ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ, ਪਰ ਸਿੱਖ ਜਥੇਬੰਦੀਆਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਮੰਗ ਕੀਤੀ ਸੀ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਵੱਲੋਂ ਨਾ ਕਰਵਾ ਕੇ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸੇ ਲਈ ਉਨ੍ਹਾਂ ਦੀ ਸਰਕਾਰ ਨੇ ਇਹ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਸੁਖਬੀਰ ਨੇ ਕਿਹਾ ਕਿ ਹੁਣ ਇਹ ਕੇਸ ਸੀਬੀਆਈ ਵੱਲੋਂ ਹੀ ਬੰਦ ਕੀਤਾ ਜਾ ਰਿਹਾ ਹੈ ਜਦਕਿ ਉਹ ਇਸ ਰਿਪੋਰਟ ਦਾ ਵਿਰੋਧ ਕਰ ਰਹੇ ਹਨ। ਛੋਟੇ ਬਾਦਲ ਨੇ ਅੱਗੇ ਬੋਲਦਿਆਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀ ਫੜੇ ਨਹੀਂ ਜਾਂਦੇ ਉਸ ਸਮੇਂ ਤੱਕ ਉਨ੍ਹਾਂ ਨੂੰ ਜੋ ਵੀ ਕਰਨਾ ਪਿਆ ਉਹ ਕਰਨਗੇ ਤੇ ਉਹ ਦੋਸ਼ੀਆਂ ਨੂੰ ਸਜ਼ਾ ਦਵਾ ਕੇ ਹੀ ਰਹਿਣਗੇ। ਸੁਖਬੀਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੋ ਕੋਈ ਵੀ ਦੋਸ਼ੀ ਹੈ ਉਸ ਅਦਾਲਤ ਵੱਲੋਂ ਸਜ਼ਾ-ਏ-ਮੌਤ ਮਿਲੇ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਬੇਅਦਬੀ ਦੀਆਂ ਜਿੰਨਾ ਘਟਨਾਵਾਂ ਨੇ ਅਕਾਲੀ ਦਲ ਸਰਕਾਰ ਦੀ ਬਲੀ ਲਈ ਸੀ, ਉਨ੍ਹਾਂ ਨੂੰ ਹਥਿਆਰ ਬਣਾ ਕੇ ਪਾਰਟੀ ਆਪਣੇ ਵਿਰੋਧੀਆਂ ਦਾ ਘੋਗਾ ਚਿੱਤ ਕਰਨ ਦੀ ਫਿਰਾਕ ਵਿੱਚ ਹੈ। ਜੇਕਰ ਅਕਾਲੀ ਅਜਿਹਾ ਕਰਨ ਵਿੱਚ ਕਾਮਯਾਬ ਰਹੇ ਤਾਂ ਫਿਰ ਉਨ੍ਹਾਂ ਦੀ ਪੰਥਕ ਜਮੀਨ ਵੀ ਮੁੜ ਹਥਿਆ ਲੈਣਗੇ ਤੇ ਸੱਤਾ ਵੀ। ਹੁਣ ਵੇਖਣਾ ਇਹ ਹੋਵੇਗਾ ਵੱਲੋਂ ਅਕਾਲੀਆਂ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਜਾ ਰਹੀ ਇਸ ਰਿੱਟ ਨੂੰ ਲੋਕ ਕਿਸ ਨਜ਼ਰੀਏ ਨਾਲ ਦੇਖਦੇ ਹਨ, ਤੇ ਕੈਪਟਨ ਸਰਕਾਰ ਕਿਸ ਨਜ਼ਰੀਏ ਨਾਲ?

- Advertisement -

Share this Article
Leave a comment