ਸਿੱਧੂ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਪੋਚੀ ਕੈਪਟਨ ਦੀ ਫੱਟੀ, ਕਰ ਗਿਆ ਪੁੱਠੀਆਂ ਗੱਲਾਂ, ਆਪਣੇ ਪਾਲੇ ‘ਚ ਕਰਤਾ ਆਪ ਹੀ ਗੋਲ?

Prabhjot Kaur
3 Min Read

ਮੋਗਾ : ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਵਿੱਚ ਆਏ ਤਾਂ ਸਨ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਦਾ ਝੰਡਾ ਬੁਲੰਦ ਕਰਨ, ਪਰ ਉਨ੍ਹਾਂ ਵੱਲੋਂ ਸਟੇਜ਼ ਤੋਂ  ਦਿੱਤਾ ਗਿਆ ਭਾਸ਼ਣ ਕਈ ਵਿਵਾਦਾਂ ਨੂੰ ਜਨਮ ਦੇ ਗਿਆ। ਇੱਥੋਂ ਤੱਕ ਕਿ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਉਸ ਭਾਸਣ ਨੂੰ ਸੁਣਕੇ ਕਈਆਂ ਨੇ ਮੱਥੇ ‘ਤੇ ਹੱਥ ਮਾਰਿਆ ਤੇ ਕਈਆਂ ਨੇ ਕਿਹਾ ਕਿ ਇਹ ਤਾਂ ਰਾਹੁਲ ਆਪਣੇ ਪਾਲੇ ‘ਚ ਆਪ ਹੀ ਗੋਲ ਕਰ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਪਣੇ ਇਸ ਭਾਸ਼ਣ ਵਿੱਚ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਹ ਮੰਗ ਕਰ ਦਿੱਤੀ ਕਿ ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਕਹਿ ਕੇ ਪੰਜਾਬ ਵਿੱਚ ਨਸ਼ਾ ਵੇਚਣ ਵਾਲੀਆਂ ਵੱਡੀਆਂ ਮੱਛੀਆਂ ਤੇ ਮਗਰਮੱਛਾਂ ਦੇ ਖ਼ਿਲਾਫ ਕਾਰਵਾਈ ਕਰਵਾਉਣ। ਰਾਹੁਲ ਦੇ ਇੰਨਾਂ ਕਹਿਣ ਦੀ ਦੇਰ ਸੀ ਕਿ ਉੱਥੇ ਪੰਡਾਲ ‘ਚ ਬੈਠੇ ਲੋਕਾਂ ਅੰਦਰ ਤੁਰੰਤ ਘੁਸਰ-ਮੁਸਰ ਸ਼ੁਰੂ ਹੋ ਗਈ ਕਿ ਇਹ ਤਾਂ ਕਾਂਗਰਸ ਪ੍ਰਧਾਨ ਆਪਣੀ ਕੈਪਟਨ ਸਰਕਾਰ ‘ਤੇ ਆਪ ਹੀ ਵਾਰ ਕਰਕੇ ਉਨ੍ਹਾਂ ਦੀ ਕਿਰਕਰੀ ਕਰ ਗਏ ਹਨ।

ਹੋਇਆ ਇੰਝ ਕਿ ਰਾਹੁਲ ਗਾਂਧੀ ਨੇ ਭਾਸਣ ਵਿੱਚ ਗੱਲਾਂ ਗੱਲਾਂ ਦੌਰਾਨ ਨਸ਼ਿਆਂ ਦੇ ਮੁੱਦੇ ਦੀ ਗੱਲ ਤੋਰ ਲਈ ਤੇ ਕਿਹਾ ਕਿ ਜਦੋਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ‘ਚ ਜਦੋਂ ਨਸ਼ਿਆਂ ਦਾ ਮੁੱਦਾ ਚੁੱਕਿਆ ਸੀ ਤਾਂ ਉਸ ਵੇਲੇ ਅਕਾਲੀਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਹੁਣ ਨਸ਼ੇ ਵਾਲਿਆਂ ਦਾ ਲੱਕ ਤਾਂ ਤੋੜ ਤਾ ਹੈ, ਪਰ ਹੁਣ ਅਗਲਾ ਕੰਮ ਮੋਦੀ ਦਾ ਹੈ, ਜੋ ਕਿ ਈ.ਡੀ. ਰਾਹੀਂ ਨਸ਼ੇ ਵੇਚਣ ਵਾਲੇ ਵੱਡੇ ਮਗਰਮੱਛਾਂ ਖਿਲਾਫ ਕਾਰਵਾਈ ਕਰਨ ਤਾਂ ਮਾਮਲਾ ਹੱਲ ਹੋ ਸਕਦਾ ਹੈ।

ਰਾਹੁਲ ਗਾਂਧੀ ਨੇ ਮੰਗ ਉਸ ਵੇਲੇ ਕੀਤੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਜ਼ਾ ਤਾਜ਼ਾ ਆਪਣੇ ਭਾਸ਼ਣ ਵਿੱਚ ਸੂਬੇ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਵੱਡੇ ਵੱਡੇ ਦਾਅਵੇ ਕਰਕੇ ਹਟੇ ਸਨ। ਰਾਹੁਲ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਨੇ ਇਹ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿ ਜੇਕਰ ਪੰਜਾਬ ਸਰਕਾਰ ਨੇ ਸੂਬੇ ‘ਚ ਨਸ਼ਾ ਵੇਚਣ ਵਾਲਿਆਂ ਖਿਲਾਫ ਵਾਕਿਆ ਹੀ ਕਾਰਵਾਈ ਕੀਤੀ ਹੈ ਤਾਂ ਰਾਹੁਲ ਗਾਂਧੀ ਮੋਦੀ ਰਾਹੀਂ ਈ.ਡੀ. ਤੋਂ ਕਾਰਵਾਈ ਕੀਤੇ ਜਾਣ ਦੀ ਮੰਗ ਕਿਉਂ ਕਰ ਰਹੇ ਹਨ? ਸਵਾਲ ਇਹ ਹੈ ਕਿ, ਕੀ ਪੰਜਾਬ ਸਰਕਾਰ ਦੀ ਕਹਿਣੀ ਤੇ ਕਥਨੀ ਵਿੱਚ ਕਿਤੇ ਕੋਈ ਵਾਕਿਆ ਹੀ ਕਮੀ ਹੈ ਜਿਹੜੇ ਰਾਹੁਲ ਨੂੰ ਮੋਦੀ ਤੋਂ ਇਹ ਮੰਗ ਕਰਨੀ ਪਈ ਹੈ? ਇਸ ਸਵਾਲ ਦਾ ਜਵਾਬ ਆਉਣ ਵਾਲੇ ਸਮੇਂ ਦੌਰਾਨ ਜੇਕਰ ਆਪ ਵਰਗੇ ਵਿਰੋਧੀ ਕਾਂਗਰਸ ਤੋਂ ਆਪਣੀਆਂ ਸਟੇਜ਼ਾਂ ‘ਤੇ ਮੰਗਦੇ ਦਿਖਾਈ ਦੇਣ  ਤਾਂ ਇਸ ਵਿੱਚ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।

Share this Article
Leave a comment