ਸਿੰਘੂ ਬਾਰਡਰ ਦੀ ਘਟਨਾ; ਆਖਰ ਸਾਜਿਸ਼ ਬੇਨਕਾਬ ਹੋ ਹੀ ਗਈ !

TeamGlobalPunjab
7 Min Read

-ਸੁਬੇਗ ਸਿੰਘ, ਸੰਗਰੂਰ;

ਕਿਸੇ ਦੇਸ਼ ਦੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਕੋਈ ਨਾ ਕੋਈ ਤਰੀਕਾ ਅਪਣਾਇਆ ਹੀ ਜਾਂਦਾ ਹੈ। ਇਹ ਤਰੀਕਾ, ਭਾਵੇਂ ਲੋਕਤੰਤਰਿਕ ਹੋਵੇ, ਰਾਜਤੰਤਰ ਹੋਵੇ ਜਾਂ ਫਿਰ ਕੋਈ ਵੀ ਹੋਰ ਹੋਵੇ, ਪਰ ਤਰੀਕਾ ਕੋਈ ਨਾ ਕੋਈ ਲਾਗੂ ਕਰਨਾ ਹੀ ਪੈਂਦਾ ਹੈ। ਜਿਸ ਦੇ ਅਨੁਸਾਰ, ਸਮੁੱਚੇ ਰਾਜ ਪ੍ਰਬੰਧ ਨੂੰ ਚਲਾਇਆ ਜਾਂਦਾ ਹੈ ਅਤੇ ਜਨਤਾ ਵੀ ਆਖਰ ਉਸੇ, ਤਰੀਕੇ ਨੂੰ ਹੀ ਅਪਣਾਅ ਲੈਂਦੀ ਹੈ। ਪਰ ਦੇਸ਼ ਦੇ ਸਮੁੱਚੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਸਭ ਤੋਂ ਵਧੀਆ ਤਰੀਕਾ ਤਾਂ ਲੋਕਤੰਤ੍ਰਿਕ ਪ੍ਰਣਾਲੀ ਨੂੰ ਹੀ ਮੰਨਿਆ ਗਿਆ ਹੈ। ਇਸੇ ਲਈ ਤਾਂ ਸੰਸਾਰ ਦੇ ਜਿਆਦਾਤਰ ਦੇਸ਼ਾਂ ਵਿੱਚ ਲੋਕਤੰਤਰਿਕ ਪ੍ਰਣਾਲੀ ਹੀ ਲਾਗੂ ਹੈ।

ਸਾਡੇ ਦੇਸ਼ ਭਾਰਤ ਵਿੱਚ ਵੀ ਲੋਕਤੰਤਰਕ ਪ੍ਰਣਾਲੀ ਹੈ। ਇਸੇ ਲਈ ਤਾਂ ਦੇਸ਼ ਦੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਦੇਸ਼ ਚ ਤਿੰਨ ਸੰਵਿਧਾਨਿਕ ਸੰਸਥਾਵਾਂ ਆਜਾਦਾਨਾ ਤੌਰ ‘ਤੇ ਆਪੋ ਆਪਣਾ ਰੋਲ ਅਦਾ ਕਰਦੀਆਂ ਹਨ। ਇਸੇ ਕੜੀ ਵਜੋਂ ਵਿਧਾਨ ਪਾਲਿਕਾ, ਭਾਵ ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ। ਕਾਰਜ ਪਾਲਿਕਾ, ਭਾਵ ਅਫਸਰਸਾਹੀ, ਸਰਕਾਰ ਦੇ ਬਣਾਏ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਅਗਰ, ਸਰਕਾਰਾਂ ਦੁਆਰਾ ਬਣਾਏ ਕਾਨੂੰਨਾਂ ਨੂੰ ਅਫਸਰਸਾਹੀ ਸਹੀ ਤਰੀਕੇ ਨਾਲ ਲਾਗੂ ਨਹੀਂ ਕਰਦੀ ਜਾਂ ਫਿਰ ਗਲਤ ਤਰੀਕੇ ਨਾਲ ਲਾਗੂ ਕਰਦੀ ਹੈ, ਤਾਂ ਉਨ੍ਹਾਂ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਜਾਂ ਗਲਤ ਤਰੀਕੇ ਨਾਲ ਲਾਗੂ ਕੀਤੇ ਕਾਨੂੰਨਾਂ ਨੂੰ ਰੋਕਣ ਲਈ ਦੇਸ਼ ਦੀਆਂ ਨਿਆਂ ਪਾਲਿਕਾਵਾਂ, ਆਪਣਾ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।ਪਰ ਜਦੋਂ, ਦੇਸ਼ ਦੀ ਕੋਈ ਇੱਕ ਸੰਵਿਧਾਨਕ ਇਕਾਈ ਆਪਣੇ ਅਧਿਕਾਰਾਂ ਜਾਂ ਫਰਜਾਂ ਦਾ ਗਲਤ ਇਸਤੇਮਾਲ ਕਰਦੀ ਹੈ,ਤਾਂ ਦੇਸ਼ ਦਾ ਮਹੌਲ ਅਸਾਵਾਂ ਹੋ ਜਾਂਦਾ ਹੈ। ਜਿਸ ਨਾਲ ਦੇਸ਼ ਚ ਅਫਰਾ ਤਫੜੀ ਦਾ ਮਹੌਲ ਪੈਦਾ ਹੋਣਾ ਕੁਦਰਤੀ ਹੈ।

ਪਿਛਲੇ ਦਿਨੀਂ, ਅਜਿਹੀ ਹੀ ਇੱਕ ਮੰਦਭਾਗੀ ਘਟਨਾ ਸਿੰਘੂ ਬਾਰਡਰ ‘ਤੇ ਵਾਪਰੀ, ਜਿੱਥੇ ਪਿਛਲੇ ਲੱਗਭੱਗਦਸ ਮਹੀਨਿਆਂ ਤੋਂ ਵੱਧ ਸਮੇਂ ਤੋਂ ਦੇਸ਼ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖੇਤੀ ਸਵੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਮੋਰਚਾ ਲਗਾਇਆ ਹੋਇਆ ਹੈ। ਇਸ ਮੋਰਚੇ ‘ਚ, ਜਿੱਥੇ ਦੇਸ਼ ਦਾ ਹਰ ਵਰਗ ਸਾਮਲ ਹੈ,ਉੱਥੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ 2 ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ ਵੀ ਕਿਸਾਨ ਮੋਰਚੇ ਚ ਸਾਮਲ ਹੋ ਕੇ, ਕਿਸਾਨਾਂ ਦਾ ਸਮਰਥਨ ਕੀਤਾ ਹੈ।

- Advertisement -

ਇਹ ਇੱਕ ਸਚਾਈ ਹੈ ਕਿ ਜਦੋਂ ਲੋਕਾਂ ਵੱਲੋਂ ਲੜਿਆ ਜਾ ਰਿਹਾ ਕੋਈ ਵੀ ਘੋਲ ਵੱਡੇ ਰੂਪ ‘ਚ ਫੈਲ ਜਾਵੇ, ਤਾਂ ਉਹ ਅੰਦੋਲਨ ਦੇਸ਼ ਵਿਆਪੀ ਅੰਦੋਲਨ ਬਣ ਜਾਂਦਾ ਹੈ।ਇਸੇ ਕੜੀ ਵਜੋਂ ਹੀ,ਕਿਸਾਨ ਅੰਦੋਲਨ ਵੀ ਦੇਸ਼ ਵਿਆਪੀ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ। ਅਜਿਹੇ ਮੌਕੇ, ਇਨ੍ਹਾਂ ਸੰਘਰਸ਼ਾਂ ਨੂੰ ਫੇਲ੍ਹ ਕਰਨ ਲਈ, ਸਮੇਂ ਦੀਆਂ ਸਰਕਾਰਾਂ ਅਤੇ ਵਿਰੋਧੀ ਵੀ ਆਪਣਾ ਪੂਰਾ ਤਾਣ ਲਗਾ ਦਿੰਦੇ ਹਨ। ਅਜਿਹੇ ਮੌਕੇ, ਕੁੱਝ ਸਮਾਜ ਵਿਰੋਧੀ ਤੱਤ ਅਤੇ ਹੁਲੜਬਾਜਾਂ ਦਾ ਅਜਿਹੇ ਸੰਘਰਸ਼ਾਂ ਚ ਸਾਮਲ ਹੋਣਾ ਵੀ ਕੁਦਰਤੀ ਹੁੰਦਾ ਹੈ। ਕਈ ਵਾਰ ਤਾਂ ਸਮੇਂ ਦੀਆਂ ਸਰਕਾਰਾਂ ਵੀ, ਸਮਾਜ ਵਿਰੋਧੀ ਤੱਤਾਂ ਨੂੰ ਅਜਿਹੇ ਅੰਦੋਲਨਾਂ ‘ਚ ਸਾਮਲ ਕਰਵਾ ਕੇ, ਅੰਦੋਲਨ ਨੂੰ ਫੇਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ।

ਕਿਸਾਨ ਅੰਦੋਲਨ ਦੌਰਾਨ ਵੀ, ਸਿੰਘੂ ਬਾਰਡਰ ਤੇ ਇੱਕ ਅਜਿਹੀ ਹੀ ਦਰਦਨਾਕ ਘਟਨਾ ਵਾਪਰੀ ਹੈ।ਜਿੱਥੇ ਪੰਜਾਬ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਵਿਅਕਤੀ ਲਖਵੀਰ ਸਿੰਘ ਨੂੰ, ਅੰਦੋਲਨ ‘ਚ ਸਾਮਲ ਨਿਹੰਗ ਸਿੰਘਾਂ ਨੇ ਬੁਰੀ ਤਰ੍ਹਾਂ ਤੜਫਾ 2 ਕੇ ਬਾਅਦ ‘ਚ ਉਸ ਦਾ ਕਤਲ ਕਰ ਦਿੱਤਾ। ਉਸ ਵਿਅਕਤੀ ‘ਤੇ ਇਹ ਦੋਸ਼ ਲਗਾਇਆ ਗਿਆ, ਕਿ ਉਸ ਨੇ ਸਿੱਖਾਂ ਦੀ ਧਾਰਮਿਕ ਗਰੰਥ ਸਰਬਲੋਹ ਦੀ ਬੇਅਦਬੀ ਕੀਤੀ ਸੀ। ਜਿਸ ਬਾਰੇ ਨਾ ਤਾਂ ਯਕੀਨ ਨਾਲ ਹੀ ਕੁੱਝ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਅਜਿਹਾ ਕੋਈ ਸਬੂਤ ਹੀ ਸਾਹਮਣੇ ਆਇਆ ਹੈ ਕਿ ਲਖਵੀਰ ਸਿੰਘ ਨੇ ਬੇਅਦਬੀ ਕੀਤੀ ਹੋਵੇ। ਇਸ ਦਾ ਮੁਖੀਆ ਨਿਹੰਗ ਬਾਬਾ ਅਮਨ ਸਿੰਘ ਸੀ ਅਤੇ ਇਨ੍ਹਾਂ ਦੇ ਨਾਲ ਕੁੱਝ ਹੋਰ ਨਿਹੰਗ ਸਿੰਘ ਵੀ ਸ਼ਾਮਿਲ ਸਨ।

ਭਾਵੇਂ ਇਸ ਮੰਦਭਾਗੀ ਘਟਨਾ ਦੇ ਦੌਰਾਨ, ਲੋਕਾਂ ਨੇ ਆਪਣਾ ਵੱਖੋ ਵੱਖਰਾ ਪ੍ਰਤੀਕਰਮ ਜਾਹਰ ਕੀਤਾ ਸੀ। ਪਰ ਪੂਰਨ ਰੂਪ ‘ਚ ਸਚਾਈ ਹੁਣ ਸਾਹਮਣੇ ਆਉਣ ਲੱਗੀ ਹੈ। ਜਿਸਦੇ ਅਨੁਸਾਰ, ਨਿਹੰਗ ਬਾਬਾ ਅਮਨ ਸਿੰਘ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤਾਂ ਕਰਦਾ ਰਿਹਾ ਹੈ ਅਤੇ ਇਹਦੇ ਨਾਲ ਹੀ ਨਿਹੰਗ ਬਾਬਾ ਅਮਨ ਸਿੰਘ, ਕਤਲ ਦੇ ਦੋਸ਼ੀ ਬਰਖਾਸਤ ਪੁਲਿਸ ਕਰਮੀ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨਾਲ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਵੀ ਰਿਹਾ ਹੈ। ਇਸੇ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਹ ਘਟਨਾ ਕੋਈ ਐਵੇਂ ਅਚਨਚੇਤ ਨਹੀਂ ਵਾਪਰ ਗਈ, ਸਗੋਂ ਇਹ ਇਹ ਘਟਨਾ ਬੜੀ ਸੋਚੀ ਸਮਝੀ ਤੇ ਕਿਸੇ ਗਹਿਰੀ ਸਾਜਿਸ ਦਾ ਹਿੱਸਾ ਸੀ, ਜੋ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੇ ਮਨਸੂਬੇ ਦੇ ਤਹਿਤ ਬੜੇ ਯੋਜਨਾਬੱਧ ਤਰੀਕੇ ਨਾਲ ਘੜੀ ਗਈ ਸੀ।

ਅਜਿਹੇ ਮੌਕੇ ‘ਤੇ, ਜਿੱਥੇ ਆਮ ਜਨਤਾ ਨੂੰ ਭੜਕਾਹਟ ਤੋਂ ਬਚਣ ਦੀ ਲੋੜ ਹੁੰਦੀ ਹੈ। ਉੱਥੇ ਬਿਨਾਂ ਸੋਚੇ ਸਮਝੇ, ਊਲ ਜਲੂਲ ਬਿਆਨਬਾਜੀ ਕਰਨ ਤੋਂ ਵੀ ਗੁਰੇਜ ਕਰਨ ਦੀ ਲੋੜ ਹੈ, ਤਾਂ ਕਿ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ। ਇਸ ਤੋਂ ਇਲਾਵਾ, ਇਸ ਅੰਦੋਲਨ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਵੀ ਇਹ ਜਿੰਮੇਵਾਰੀ ਬਣਦੀ ਹੈ ਕਿ ਅੰਦੋਲਨ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਅਜਿਹੀਆਂ ਅਣਹੋਣੀਆਂ ਘਟਨਾਵਾਂ ‘ਤੇ ਬਾਜ ਨਜਰ ਰੱਖਣੀ ਚਾਹੀਦੀ ਹੈ, ਤਾਂ ਕਿ ਕਿਸਾਨ ਅੰਦੋਲਨ ਨੂੰ ਕੋਈ ਆਂਚ ਨਾ ਆ ਜਾਵੇ। ਸਫਲਤਾ ਵੱਲ ਵਧ ਰਹੇ, ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਵਿਰੋਧੀ ਅਤੇ ਸਰਕਾਰਾਂ ਹਰ ਹਰਬਾ ਵਰਤਦੇ ਹਨ। ਵੈਸੇ ਵੀ ਸਿਆਣੇ ਕਹਿੰਦੇ ਹਨ, ਕਿ ਪਿਆਰ ਤੇ ਜੰਗ ‘ਚ ਚੀਜ ਜਾਇਜ਼ ਹੁੰਦੀ ਹੈ। ਅਸਲ ਵਿੱਚ, ਇਹ ਵੀ ਕਿਸਾਨਾਂ ਦੀ ਆਪਣੇ ਹੱਕਾਂ ਲਈ ਲੜੀ ਜਾ ਰਹੀ, ਇੱਕ ਜੰਗ ਹੀ ਤਾਂ ਹੈ।

ਮੀਡੀਆ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸਮੇਤ ਭਾਜਪਾ ਨੇਤਾਵਾਂ ਨਾਲ ਗੁਪਤ ਮੀਟਿੰਗ ਕਰਨ ਵਾਲੇ ਨਿਹੰਗ ਬਾਬਾ ਅਮਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਿੰਘੂ ਬਾਰਡਰ ਪ੍ਰਦਰਸ਼ਨ ਵਾਲੀ ਥਾਂ ਖਾਲ੍ਹੀ ਕਰਵਾਉਣ ਲਈ ਕਥਿਤ ਤੌਰ ‘ਤੇ 10 ਲੱਖ ਰੁਪਏ ਨਕਦ ਅਤੇ ਘੋੜਿਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ, ‘ਅਸੀਂ ਚਾਰ ਮੰਗਾਂ ਕੀਤੀਆਂ, ਖੇਤੀਬਾੜੀ ਕਾਨੂੰਨ ਵਾਪਸ ਲੈਣਾ, ਐੱਮਐੱਸਪੀ ਗਾਰੰਟੀ, 2015 ਤੋਂ ਪੰਜਾਬ ਵਿੱਚ ਬੇਅਦਬੀ ਮਾਮਲਿਆਂ ਵਿੱਚ ਨਿਆਂ ਅਤੇ ਸਾਡੇ ਵਿਰੁੱਧ ਕੇਸ ਵਾਪਸ ਲੈਣਾ ਸ਼ਾਮਲ ਸਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਦੋਂ ਹੀ ਧਰਨਾ ਚੁੱਕਾਂਗੇ ਜਦੋਂ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ। ਅਸੀਂ ਪੈਸੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤੀ ਤੇ ਅਸੀਂ ਆਪਣੀਆਂ ਮੰਗਾਂ ਸਬੰਧੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਵੀ ਲਿਖੀਆਂ।’ ਇਹ ਪੁੱਛਣ ’ਤੇ ਕੀ ਉਨ੍ਹਾਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਬਾਰੇ ਚਰਚਾ ਕੀਤੀ ਤਾਂ ਨਿਹੰਗ ਬਾਬਾ ਨੇ ਕਿਹਾ ਕਿ ਉਨ੍ਹਾਂ ਨੂੰ ‘ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ। ਮੈਂ ਇਕੱਲਾ ਤੋਮਰ ਨੂੰ ਮਿਲਣ ਨਹੀਂ ਗਿਆ ਸੀ। ਸਾਡੀ ‘ਫ਼ੌਜ’ ਦੇ ਘੱਟੋ-ਘੱਟ 10 ਮੈਂਬਰ ਮੇਰੇ ਨਾਲ ਸਨ।’

- Advertisement -

ਸੰਪਰਕ: 93169 10402

Share this Article
Leave a comment