ਸ਼ਹੀਦੀ ਜੋੜ ਮੇਲ : ਲੰਗਰ ਵਿੱਚ ਨਹੀਂ ਵਰਤਾਏ ਜਾਣਗੇ ਖੀਰ, ਜਲੇਬੀ ਅਤੇ ਹਲਵਾ

TeamGlobalPunjab
5 Min Read

-ਅਵਤਾਰ ਸਿੰਘ

ਸਿੱਖ ਕੌਮ ਲਈ ਪੋਹ ਦਾ ਮਹੀਨਾ ਸ਼ਹਾਦਤਾਂ ਵਾਲਾ ਹੈ। ਪੋਹ ਮਹੀਨੇ ਵਿੱਚ ਕੜਾਕੇ ਦੀ ਠੰਢ ਹੁੰਦੀ ਹੈ। ਪੋਹ ਮਹੀਨੇ ਦੀਆਂ ਕਾਲੀਆਂ ਰਾਤਾਂ ਵਿੱਚ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ। ਸਿੱਖ ਕੌਮ ਲਈ ਚਾਰ ਸਾਹਿਬਜ਼ਾਦਿਆਂ ਨੇ ਕੁਰਬਾਨੀ ਦੇ ਕੇ ਸ਼ਹਾਦਤ ਦਾ ਜਾਮ ਪੀਤਾ। ਮਾਤਾ ਗੁਜਰੀ ਨੇ ਮਾਸੂਮਾਂ ਸਣੇ ਦੁਸ਼ਮਣ ਦਾ ਤਸ਼ੱਦਦ ਝੱਲਿਆ। ਇਸ ਮਹੀਨੇ ਦੀਆਂ ਕਾਲੀਆਂ ਰਾਤਾਂ ਵਿੱਚ ਪਰਿਵਾਰ ਅਨੰਦਪੁਰ ਸਾਹਿਬ ਤੋਂ ਫ਼ਤਹਿਗੜ੍ਹ ਸਾਹਿਬ ਪਹੁੰਚਿਆ ਸੀ। ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਅਜਿਹੀ ਲਾਸਾਨੀ ਕੁਰਬਾਨੀ ਕਿਧਰੇ ਨਹੀਂ ਮਿਲਦੀ।

ਪੁਰਾਣੇ ਸਮਿਆਂ ਵਿੱਚ ਇਹਨਾਂ ਇਲਾਕਿਆਂ ਦੇ ਪਿੰਡਾਂ ਦੇ ਲੋਕ ਕੌਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੋਹ ਦਾ ਸਾਰਾ ਮਹੀਨਾ ਰਾਤ ਨੂੰ ਭੁੰਜੇ ਸੌਂਦੇ ਸਨ। ਰੋਪੜ, ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਖੇਤਰ ਦੇ ਪਿੰਡਾਂ ਦੇ ਲੋਕ ਸ਼ਹੀਦਾਂ ਨੂੰ ਜੋੜ ਮੇਲ ‘ਤੇ ਸ਼ਰਧਾਂਜਲੀ ਦੇਣ ਵਾਲੀ ਸੰਗਤ ਨੂੰ ਆਪਣੇ ਘਰਾਂ ਵਿਚ ਠਹਿਰਾਉਂਦੇ ਸਨ। ਸਮੇਂ ਦੀ ਤਬਦੀਲੀ ਦੇ ਨਾਲ ਨਾਲ ਲੋਕ ਇਹ ਗੱਲਾਂ ਭੁੱਲਣ ਲਗੇ ਤੇ ਜੋੜ ਮੇਲ ਇਕ ਪਿਕਨਿਕ ਵਾਂਗ ਬਣਨ ਲੱਗ ਪਿਆ। ਇਹਨਾਂ ਮੌਕਿਆਂ ਦਾ ਸਿਆਸੀਕਰਨ ਹੋਣ ਲਗਾ। ਰਾਜਨੀਤਕ ਪਾਰਟੀਆਂ ਲੋਕਾਂ ਦੇ ਇਕੱਠਾਂ ਦਾ ਲਾਹਾ ਲੈਣ ਲੱਗੀਆਂ। ਸਿਆਸੀ ਕਾਨਫਰੰਸਾਂ ਹੋਣ ਲੱਗੀਆਂ। ਕਾਨਫਰੰਸਾਂ ਵਿੱਚ ਪਹੁੰਚੇ ਲੋਕ ਸਿੱਖੀ ਦੀ ਸ਼ਾਨ ਤੋਂ ਖਿਲਾਫ ਵਾਲੇ ਕੰਮ ਵੀ ਕਰਦੇ ਰਹੇ। ਨਸ਼ਿਆਂ ਦਾ ਸੇਵਨ ਹੁੰਦਾ ਰਿਹਾ। ਕਾਨਫਰੰਸਾਂ ਵਿੱਚ ਸ਼ਹੀਦਾਂ ਨੂੰ ਸ਼ਧਾਂਜਲੀ ਦੇਣੀ ਭੁੱਲ ਕੇ ਇਕ ਦੂਜੇ ਉਪਰ ਸਿਆਸੀ ਕਿਚੜ ਉਛਾਲਦੇ। ਕੌਮ ਦੇ ਹੀਰਿਆਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਆਪਣਾ ਸਿਆਸੀ ਲਾਹਾ ਲੈਂਦੇ ਰਹੇ। ਇਸ ਨੂੰ ਬੰਦ ਕਰਵਾਉਣ ਲਈ ਨਾ ਤਾਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਨਾ ਹੀ ਅਕਾਲੀ ਦਲ ਨੇ ਕੋਈ ਕਦਮ ਪੁਟਿਆ ਸੀ। ਸਾਰੇ ਆਪਣਾ ਆਪਣਾ ਸਿਆਸੀ ਲਾਹਾ ਖੱਟਦੇ ਰਹੇ। ਸਤਿਕਾਰ ਕਮੇਟੀ ਦੇ ਦਖ਼ਲ ਨਾਲ ਪਿਛਲੇ ਤਿੰਨ ਸਾਲ ਤੋਂ ਸਿਆਸੀ ਕਾਨਫਰੰਸਾਂ ਬੰਦ ਹੋ ਗਈਆਂ ਹਨ। ਹੌਲੀ ਹੌਲੀ ਲੋਕਾਂ ਤੇ ਪ੍ਰਸ਼ਾਸ਼ਨ ਨੂੰ ਹੋਸ਼ ਆਉਣ ਲੱਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਥੋੜੀ ਸਰਗਰਮ ਹੋਣ ਲੱਗੀ।

ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਫ਼ਤਹਿਗੜ੍ਹ ਸਾਹਿਬ ਵਿੱਚ 26 ਤੋਂ 28 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਕੁਝ ਚੰਗੇ ਫੈਸਲੇ ਲਏ ਹਨ। ਉਹਨਾਂ ਪ੍ਰਬੰਧਕਾਂ ਨੂੰ ਕਿਹਾ ਕਿ ਸੰਗਤ ਲਈ ਤਿਆਰ ਹੋਣ ਵਾਲੇ ਲੰਗਰ ਵਿੱਚ ਖੀਰ, ਜਲੇਬੀ ਅਤੇ ਹਲਵਾ ਨਾ ਵਰਤੇ ਜਾਣ। ਜੋੜ ਮੇਲ ਵਿੱਚ ਸਪੀਕਰ ਦੀ ਵਰਤੋਂ ਨਾ ਕੀਤੀ ਜਾਵੇ। ਉਹਨਾਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਹਾ ਕਿ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਤਕ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ। ਲੰਗਰ ਵਰਤਾਉਣ ਸਮੇਂ ਪਲਾਸਟਿਕ ਦੇ ਬਰਤਨਾਂ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਸਰਕਸ ਜਾਂ ਝੂਲੇ ਨਾ ਲਗਾਏ ਜਾਣ। ਬਜ਼ੁਰਗ ਸ਼ਰਧਾਲੂਆਂ ਲਈ ਟਰਾਂਸਪੋਰਟ ਸਹੂਲਤ ਮੁਹਈਆ ਕਰਵਾਈ ਜਾਵੇ। ਪਾਲਕੀ ਸਾਹਿਬ ਲਿਜਾਣ ਸਮੇਂ ਝਾੜੂ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਗੁਰੂ ਗਰੰਥ ਸਾਹਿਬ ਉਪਰ ਧੂੜ ਪੈਂਦੀ ਹੈ। ਸਗੋਂ ਮਸ਼ੀਨੀ ਝਾੜੂ ਲਗਾਇਆ ਜਾਵੇ। ਸ਼੍ਰੋਮਣੀ ਕਮੇਟੀ ਵਲੋਂ ਪੁੱਟੇ ਗਏ ਇਹ ਕਦਮ ਸ਼ਲਾਘਾਯੋਗ ਹਨ।

- Advertisement -

ਸ਼ਰਧਾਲੂਆਂ ਲਈ ਬਦਲਵੇਂ ਰੂਟ ਤਿਆਰ

ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨੇ ਮੁਤਾਬਿਕ ਫ਼ਤਹਿਗੜ੍ਹ ਸਾਹਿਬ ਵਿੱਚ 26 ਤੋਂ 28 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਨੂੰ ਮੁੱਖ ਰੱਖਦਿਆਂ ਆਵਾਜਾਈ ਦੇ ਬਦਲਵੇਂ ਰੂਟਤਿਆਰ ਕੀਤੇ ਗਏ ਹਨ। ਇਹ ਰੂਟ 23 ਤੋਂ 29 ਦਸੰਬਰ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਉਣ ਵਾਲੀ ਆਵਾਜਾਈ, ਜਿਨ੍ਹਾਂ ਨੇ ਪਟਿਆਲਾ, ਸਰਹਿੰਦ ਅਤੇ ਲੁਧਿਆਣਾ ਜਾਣਾ ਹੈ, ਉਹ ਟੀ-ਪੁਆਂਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ, ਬਰਾਸ, ਰਾਜਿੰਦਰਗੜ੍ਹ ਤੋਂ ਜੀਟੀ ਰੋਡ ਪਟਿਆਲਾ-ਸਰਹਿੰਦ ਰਾਹੀਂ ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਵੇਗੀ।

ਇਸੇ ਤਰ੍ਹਾਂ ਰੂਪਨਗਰ, ਮੋਰਿੰਡਾ ਅਤੇ ਪੀਰਜੈਨ ਤੋਂ ਆਉਣ ਵਾਲੀ ਟਰੈਫਿਕ ਜਿਨ੍ਹਾਂ ਨੇ ਪਟਿਆਲਾ, ਸਰਹਿੰਦ ਅਤੇ ਲੁਧਿਆਣਾ ਜਾਣਾ ਹੈ, ਉਹ ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਵਾਇਆ ਮੰਡੋਫਲ ਤੋਂ ਸ਼ਮਸ਼ੇਰ ਨਗਰ ਚੌਕ, ਓਵਰਬ੍ਰਿਜ ਤੋਂ ਜੀਟੀ ਰੋਡ ਰਾਹੀਂ ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਮਾਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਵੇਗੀ। ਕੌਂਡਲ ਨੇ ਦੱਸਿਆ ਕਿ ਪਟਿਆਲਾ, ਰਾਜਪੁਰਾ ਅਤੇ ਲੁਧਿਆਣਾ ਤੋਂ ਆਉਣ ਵਾਲੀ ਟਰੈਫਿਕ ਜਿਨ੍ਹਾਂ ਨੇ ਚੁੰਨੀ, ਮੋਰਿੰਡਾ ਜਾਣਾ ਹੈ ਉਹ ਟਰੈਫਿਕ ਪੁਰਾਣੇ ਓਵਰ ਬ੍ਰਿਜ ਤੋਂ ਸ਼ਮਸ਼ੇਰ ਨਗਰ ਚੌਕ ਤੋਂ ਮੰਡੋਫਲ ਤੋਂ ਟੀ-ਪੁਆਇੰਟ ਭੈਰੋਂਪੁਰ ਤੋਂ ਚੁੰਨੀ ਰਾਹੀਂ ਚੰਡੀਗੜ੍ਹ, ਮੋਰਿੰਡਾ ਅਤੇ ਰੂਪਨਗਰ ਜਾਵੇਗੀ।

ਇਸੇ ਤਰ੍ਹਾਂ ਪਟਿਆਲਾ ਤੋਂ ਆਉਣ ਵਾਲੀ ਟਰੈਫਿਕ ਜਿਨ੍ਹਾਂ ਨੇ ਚੰਡੀਗੜ੍ਹ, ਰੂਪਨਗਰ, ਮੋਰਿੰਡਾ ਜਾਣਾ ਹੈ ਉਹ ਟਰੈਫਿਕ ਬੱਸ ਸਟੈਂਡ ਖਰੋੜਾ ਤੋਂ ਵਾਇਆ ਸਾਧੂਗੜ੍ਹ ਤੋਂ ਰਜਿੰਦਰਗੜ੍ਹ ਤੋਂ ਬਰਾਸ, ਬੀਬੀਪੁਰ ਤੋਂ ਬਡਾਲੀ ਰਾਹੀਂ ਚੰਡੀਗੜ੍ਹ, ਚੁੰਨੀ ਕਲਾਂ, ਮੋਰਿੰਡਾ ਅਤੇ ਰੂਪਨਗਰ ਜਾਵੇਗੀ। ਰੂਪਨਗਰ, ਮੋਰਿੰਡਾ ਤੋਂ ਆਉਣ ਵਾਲੀ ਟਰੈਫਿਕ ਜਿਨ੍ਹਾਂ ਨੇ ਗੋਬਿੰਦਗੜ੍ਹ, ਅਮਲੋਹ, ਲੁਧਿਆਣਾ ਜਾਣਾ ਹੈ, ਉਹ ਟੀ-ਪੁਆਇੰਟ ਨੇੜੇ ਊਸ਼ਾ ਮਾਤਾ ਮੰਦਰ ਬਾਈਪਾਸ ਰੋਡ ਬਸੀ ਪਠਾਣਾ ਵਾਇਆ ਜੜਖੇਲਾਂ ਚੌਕ ਤੋਂ ਪਿੰਡ ਫਿਰੋਜ਼ਪੁਰ, ਬਾਗ ਸਿਕੰਦਰ ਰਾਹੀਂ ਗੋਬਿੰਦਗੜ੍ਹ, ਅਮਲੋਹ, ਖੰਨਾ, ਮਾਲੇਰਕੋਟਲਾ ਅਤੇ ਲੁਧਿਆਣਾ ਜਾਵੇਗੀ। ਇਸੇ ਤਰ੍ਹਾਂ ਮੋਰਿੰਡਾ, ਰੂਪਨਗਰ ਤੋਂ ਆਉਣ ਵਾਲੀ ਟਰੈਫਿਕ, ਜਿਸ ਨੇ ਚੰਡੀਗੜ੍ਹ, ਪਟਿਆਲਾ, ਰਾਜਪੁਰਾ, ਸਰਹਿੰਦ ਜਾਣਾ ਹੈ, ਉਹ ਟੀ-ਪੁਆਇੰਟ ਨੇੜੇ ਆਈਟੀਆਈ ਬਸੀ ਪਠਾਣਾਂ ਤੋਂ ਸ਼ਹੀਦਗੜ੍ਹ, ਫ਼ਤਹਿਪੁਰ ਅਰਾਈਆਂ ਤੋਂ ਰਾਏਪੁਰ ਗੁੱਜਰਾਂ, ਦੁਫੇੜਾ ਮੋੜ ਤੋਂ ਖੱਬੇ ਚੰਡੀਗੜ੍ਹ ਅਤੇ ਸੱਜੇ ਭੈਰੋਂਪੁਰ, ਜੀਟੀ ਰੋਡ ਰਾਹੀਂ ਪਟਿਆਲਾ, ਸਰਹਿੰਦ, ਰਾਜਪੁਰਾ ਜਾਵੇਗੀ।

Share this Article
Leave a comment