ਸਾਡਾ ਕੰਮ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨਾ ਹੈ ਉਨ੍ਹਾਂ ਦੀਆਂ ਲਾਸ਼ਾਂ ਗਿਣਨਾ ਨਹੀਂ: ਹਵਾਈ ਫੌਜ ਪ੍ਰਮੁੱਖ

Prabhjot Kaur
2 Min Read

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ਸੈਕਟਰ ਵਿਚ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਅੱਜ ਹਵਾਈ ਫੌਜ ਪ੍ਰਮੁੱਖ ਬੀ.ਐਸ ਧਨੋਆ ਨੇ ਵੱਡਾ ਬਿਆਨ ਦਿੱਤਾ ਹੈ। ਹਵਾਈ ਫੌਜ ਪ੍ਰਮੁੱਖ ਬੀ.ਐਸ ਧਨੋਆ ਨੇ ਕਿਹਾ ਕਿ ਅਸੀਂ ਆਪਣਾ ਟਿੱਚਾ ਪੂਰਾ ਕੀਤਾ ਹੈ। ਅਸੀਂ ਏਅਰ ਸਟ੍ਰਾਈਕ ਦੇ ਟਾਰਗੇਟ ਨੂੰ ਹਿਟ ਕੀਤਾ ਹੈ ਅਤੇ ਸਾਡਾ ਕੰਮ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਹੈ ਨਾ ਕਿ ਲਾਸ਼ਾਂ ਦੀ ਗਿਣਤੀ ਕਰਨਾ, ਇਹ ਕੰਮ ਸਰਕਾਰ ਦਾ ਹੈ ਅਤੇ ਰਹੀ ਗੱਲ ਬੰਬ ਸੁੱਟਣ ਦੀ ਤਾਂ ਜੇਕਰ ਅਸੀਂ ਜੰਗਲ ਵਿਚ ਹੀ ਬੰਬ ਸੁੱਟਣੇ ਹੁੰਦੇ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਕਿਉਂ ਕਰਦਾ।

ਹਵਾਈ ਫੌਜ ਪ੍ਰਮੁੱਖ ਨੇ ਕਿਹਾ ਕਿ ਮਿਗ-21 ਦੁਸ਼ਮਣ ਨੂੰ ਖਦੇੜਣ ਲਈ ਸਮਰੱਥ ਹੈ। ਪਾਕਿਸਤਾਨ ਦੇ ਜਹਾਜ਼ਾਂ ਨੂੰ ਖਦੇੜਨ ਲਈ ਵੀ ਮਿਗ-21 ਦਾ ਹੀ ਇਸਤੇਮਾਲ ਕੀਤਾ ਗਿਆ ਹੈ। ਹਵਾਈ ਫੌਜ ਚੀਫ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਸਾਡਾ ਮਿਸ਼ਨ ਖਤਮ ਨਹੀਂ ਹੋਇਆ ਹੈ। ਇਸ ਏਅਰ ਸਟ੍ਰਾਈਕ ਵਿਚ ਮਿਗ-21 ਦਾ ਇਸਤੇਮਾਲ ਕਿਉਂ ਹੋਇਆ, ਇਸ ‘ਤੇ ਵੀ ਹਵਾਈ ਫੌਜ ਪ੍ਰਮੁੱਖ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਿਗ-21 ਸਾਡਾ ਇਕ ਕਾਮਗਾਰ ਜਹਾਜ਼ ਹੈ, ਜਿਸਨੂੰ ਅਪਗਰੇਡ ਕਰ ਦਿੱਤਾ ਗਿਆ ਹੈ। ਇਸ ਜਹਾਜ਼ ਕੋਲ ਬਿਹਤਰ ਰਡਾਰ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਵੀ ਜਹਾਜ਼ ਸਾਡੇ ਬੇੜੇ ਵਿਚ ਹੈ, ਅਸੀਂ ਉਸਨੂੰ ਆਪਣੀ ਲੜਾਈ ਵਿਚ ਇਸਤੇਮਾਲ ਕਰਦੇ ਹਾਂ। ਬੀਐਸ ਧਨੋਆ ਨੇ ਇਹ ਵੀ ਕਿਹਾ ਕਿ ਹੁਣ ਵੀ ਸਾਡਾ ਆਪਰੇਸ਼ਨ ਜਾਰੀ ਹੈ, ਇਸ ਲਈ ਜ਼ਿਆਦਾ ਜਾਣਕਾਰੀ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਦੱਸ ਸੱਕਦੇ। ਦੱਸ ਦਈਏ ਕਿ 26 ਫਰਵਰੀ ਸਵੇਰੇ ਹਵਾਈ ਫੌਜ ਦੇ ਮਿਰਾਜ ਜਹਾਜ਼ਾਂ ਨੇ ਪਾਕਿਸਤਾਨ ਵਿਚ ਵੜਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ‘ਤੇ ਏਅਰ ਸਟ੍ਰਾਈਕ ਕੀਤੀ ਸੀ।

ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜਾਕੇ ਅਤਿਵਾਦੀ ਟਿਕਾਣਿਆਂ ਨੂੰ ਹਿਟ ਕੀਤਾ। ਇਹ ਹਮਲਾ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਵੱਲੋਂ ਪੁਲਵਾਮਾ ਵਿਚ ਕੀਤੇ ਗਏ ਅਤਿਵਾਦੀ ਹਮਲੇ ਦਾ ਜਵਾਬ ਸੀ, ਜਿਸ ਵਿਚ 40 ਜਵਾਨ ਸ਼ਹੀਦ ਹੋਏ ਸਨ।

- Advertisement -

Share this Article
Leave a comment