ਸਕੂਲ ਵੈਨ ਹਾਦਸੇ ‘ਚ 4 ਬੱਚੇ ਜਿੰਦਾ ਸੜੇ, ਮੁੱਖ ਮੰਤਰੀ ਨੇ ਦਿੱਤੇ ਮੈਜਿਸਟ੍ਰੇਟ ਜਾਂਚ ਦੇ ਹੁਕਮ!

TeamGlobalPunjab
2 Min Read

ਸੰਗਰੂਰ : ਅੱਜ ਕੁਝ ਸਮਾਂ ਪਹਿਲਾਂ ਇੱਥੋਂ ਦੇ ਲੌਂਗੋਵਾਲ ਇਲਾਕੇ ਅੰਦਰ ਵਾਪਰੇ ਭਿਆਨਕ ਹਾਦਸੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਦਰਅਸਲ ਅੱਜ ਇੱਥੇ ਸਕੂਲ ਵੈਨ ਵਿੱਚ ਅਚਾਨਕ ਅੱਗ ਲੱਗ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ। ਇਸ ਦੌਰਾਨ ਚਾਰ ਬੱਚੇ ਜਿੰਦਾ ਸੜ ਗਏ ਸਨ।

- Advertisement -

ਇਸ ਘਟਨਾ ‘ਤੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ “ਸੰਗਰੂਰ ‘ਚ ਵਾਪਰੇ ਹਾਦਸੇ ‘ਤੇ ਉਨ੍ਹਾਂ ਨੂੰ ਗਹਿਰਾ ਦੁੱਖ ਹੈ ਕਿਉਂਕਿ ਇਸ ਹਾਦਸੇ ਵਿੱਚ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੰਗਰੂਰ ਦੇ ਡੀਸੀ ਅਤੇ ਐਸਐਸਪੀ ਘਟਨਾ ਵਾਲੇ ਸਥਾਨ ‘ਤੇ ਮੌਜੂਦ ਹਨ। ਇਸ ਘਟਨਾਦੀ ਮੈਜਿਸਟ੍ਰੇਟ ਜਾਂਚ ਹੋਵੇਗੀ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ”।

ਦੱਸ ਦਈਏ ਕਿ ਇਸ ਸਬੰਧੀ ਸਤਨਾਮ ਸਿੰਘ ਨਾਮਕ ਇੱਕ ਸਥਾਨਕ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਇਹ ਵੈਨ ਸਕੂਲ ਵੱਲੋਂ ਬੀਤੀ ਕੱਲ੍ਹ ਹੀ ਖਰੀਦਕੇ ਲਿਆਂਦੀ ਗਈ ਸੀ ਅਤੇ ਅੱਜ ਜਦੋਂ ਇਹ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਇਸ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਸੀ ਕਿ ਅੱਗ ਲੱਗਣ ‘ਤੇ ਡਰਾਇਵਰ ਨੇ ਰੌਲਾ ਪਾ ਦਿੱਤਾ ਤਾਂ ਨੇੜੇ ਖੇਤਾਂ ਵਿੱਚ ਲੋਕਾਂ ਨੇ ਭੱਜ ਕੇ ਆ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਕਤ ਵਿਅਕਤੀ ਮੁਤਾਬਿਕ ਵੈਨ ਵਿੱਚ 12 ਬੱਚੇ ਮੌਜੂਦ ਸਨ ਅਤੇ 8 ਬੱਚਿਆਂ ਨੂੰ ਲੋਕਾਂ ਨੇ ਗੱਡੀ ਦੇ ਸੀਸ਼ੇ ਤੋੜ ਕੇ ਬਚਾਅ ਲਿਆ ਪਰ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਦੋ ਬੱਚੇ ਇੱਕ ਹੀ ਪਰਿਵਾਰ ਦੇ ਸਨ।

Share this Article
Leave a comment