ਸ਼੍ਰੋਮਣੀ ਅਕਾਲੀ ਦਲ ਨੇ ਸੁਖਜਿੰਦਰ ਰੰਧਾਵਾ ਵੱਲੋਂ ਕੀਤੇ ਬੀਮਾ ਘੁਟਾਲੇ ਦੀ ਨਿਰਪੱਖ ਜਾਂਚ ਮੰਗੀ

TeamGlobalPunjab
4 Min Read

ਚੰਡੀਗੜ੍ਹ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੇ ਬੀਮਾ ਘੁਟਾਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਦੇ ਮੁਲਾਜ਼ਮਾਂ ਲਈ ਕੋਰੋਨਾ ਨਾਲ ਮੌਤ ਹੋਣ ‘ਤੇ ਬੀਮੇ ਦੀ ਰਾਸ਼ੀ ਦੁਆਉਣ ਵਾਸਤੇ ਸਾਰੇ ਨਿਯਮ ਛਿੱਕੇ ਟੰਗ ਕੇ ਇਕ ਅਣਜਾਣ ਕੰਪਨੀ ਨੂੰ ਟੈਂਡਰ ਅਲਾਟ ਕਰ ਦਿੱਤਾ ਗਿਆ ਜਦਕਿ ਇਹ ਟੈਂਡਰ ਸਿਰਫ ਇਸ ਇਕੱਲੀ ਕੰਪਨੀ ਨੇ ਹੀ ਭਰਿਆ ਸੀ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਹੀ ਕੰਪਨੀ ਵੱਲੋਂ ਟੈਂਡਰ ਭਰਨ ਦੇ ਬਾਵਜੂਦ ਸਹਿਕਾਰਤਾ ਮੰਤਰੀ ਨੇ ਟੈਂਡਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਦਰਕਿਨਾਰ ਕਰ ਕੇ ਟੈਂਡਰ ਅਲਾਟ ਕਰ ਦਿੱਤਾ । ਇਸ ਨਾਲ ਪੰਜਾਬ ਸਰਕਾਰ ਦੇ ਆਮ ਵਿੱਤੀ ਨਿਯਮ 2017 ਦੀ ਵੀ ਉਲੰਘਣਾ ਹੋਈ ਹੈ ਕਿਉਂਕਿ ਨਿਯਮ ਕਹਿੰਦਾ ਹੈ ਕਿ ਇਕ ਹੀ ਸਰੋਤ ਤੋਂ ਖਰੀਦ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਿਰਫ ਉਹ ਵਿਸ਼ੇਸ਼ ਫਰਮ ਹੀ ਸੇਵਾਵਾਂ ਦੇਣ ਦੇ ਸਮਰਥ ਹੋਵੇ। ਉਹਨਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਤੱਥ ਨੂੰ ਵੀ ਅਣਡਿੱਠ ਕੀਤਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੇ ਮਹਾਂਮਾਰੀ ਦੌਰਾਨ ਫਰੰਟ ਲਾਈਨ ‘ਤੇ ਡਿਊਟੀ ਦੇਣ ਵਾਲੇ ਮੁਲਾਜ਼ਮ ਦੀ ਮੌਤ ਹੋਣ ਦੀ ਸੂਰਤ ਵਿਚ ਪਰਿਵਾਰ ਲਈ ਮੁਆਵਜ਼ਾ ਅਦਾ ਕਰਨ ਵਾਸਤੇ ਦਿਸ਼ਾ ਨਿਰਦੇਸ਼ ਤੈਅ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਗੋ ਡਿਜ਼ਿਟ ਨਾਂ ਦੀ ਕੰਪਨੀ ਨੂੰ ਠੇਕਾ ਦੇਣ ਤੋਂ ਤਿੰਨ ਦਿਨ ਪਹਿਲਾਂ 8 ਮਈ ਨੂੰ ਰਾਜ ਸਰਕਾਰ ਨੇ ਇਸ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਸੀ।

ਮਜੀਠੀਆ ਨੇ ਕਿਹਾ ਕਿ ਭਾਵੇਂ ਇਹ ਦੋਵੇਂ ਭਰੋਸੇ ਦਿੱਤੇ ਜਾ ਚੁੱਕੇ ਹਨ ਪਰ ਸਹਿਕਾਰਤਾ ਮੰਤਰੀ ਨੇ 11 ਮਈ ਆਪਣੇ ਵਿਭਾਗ ਦੇ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ ਹੋਣ ਦੀ ਸੂਰਤ ਵਿਚ ਮੁਆਵਜ਼ਾ ਦੇਣ ਲਈ ਟੈਂਡਰ ਭਰਨ ਵਾਲੀ ਇਕਲੌਤੀ ਕੰਪਨੀ ਜੋ ਅਣਜਾਣ ਗੋ ਡਿਜ਼ਿਟ ਇੰਸ਼ਿਓਰੰਸ ਕੰਪਨੀ ਹੈ, ਨੂੰ ਠੇਕਾ ਦੇ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਟੈਂਡਰ ਦਸਤਾਵੇਜ਼ ਵਿਚ ਸਪਸ਼ਟ ਲਿਖਿਆ ਹੈ ਕਿ ਟੈਂਡਰ ਲਈ ਅਪਲਾਈ ਕਰਨ ਵਾਲੀ ਕੰਪਨੀ ਕੋਲ ਢੁਕਵੇਂ ਵਿੱਤੀ ਸਰੋਤ ਅਤੇ ਚੰਗਾ ਟਰੈਕ ਰਿਕਾਰਡ ਹੋਣਾ ਚਾਹੀਦਾ ਹੈ।

ਮਜੀਠੀਆ ਨੇ ਕਿਹਾ ਕਿ ਸਰਕਾਰ ਦੀ ਰਵਾਇਤ ਅਨੁਸਾਰ ਜੇਕਰ ਪਹਿਲੀ ਵਾਰ ਸਿਰਫ ਹੀ ਇਕ ਕੰਪਨੀ ਦਾ ਟੈਂਡਰ ਮਿਲਦਾ ਹੈ ਤਾਂ ਟੈਕਨਿਕਲ ਬੋਲੀ ਨਹੀਂ ਖੋਲ•ੀ ਜਾਂਦੀ। ਉਹਨਾਂ ਕਿਹਾ ਕਿ ਨਿਯਮਾਂ ਮੁਤਾਬਕ ਜੇਕਰ ਹੋਰ ਬੋਲੀਆਂ ਪ੍ਰਾਪਤ ਹੁੰਦੀਆਂ ਹਨ ਤੇ ਤਕਨੀਕੀ ਮੁਲਾਂਕਣ ਪਿੱਛੋਂ ਸਿਰਫ ਇਕ ਹੀ ਕੰਪਨੀ ਯੋਗ ਪਾਈ ਜਾਂਦੀ ਹੈ ਤਾਂ ਵੀ ਟੈਂਡਰ ਨਹੀਂ ਖੋਲਿ•ਆ ਜਾਂਦਾ ਪਰ ਇਸ ਮਾਮਲੇ ਵਿਚ ਮੰਤਰੀ ਨੇ ਗੋ ਡਿਜ਼ਿਟਲ ਨੂੰ ਟੈਂਡਰ ਅਲਾਟ ਕਰਨ ਲਈ ਟੈਂਡਰ ਅਲਾਟਮੈਂਟ ਕਮੇਟੀ ਨੂੰ ਵੀ ਅਣਡਿੱਠ ਕਰ ਦਿੱਤਾ ਜਿਸ ਕਾਰਨ ਇਸ ਕਾਰਵਾਈ ਵਿਚੋਂ ਭ੍ਰਿਸ਼ਟਾਚਾਰ ਕੀਤਾ ਗਿਆ ਨਜ਼ਰ ਆ ਰਿਹਾ ਹੈ ਜਿਸ ਵਿਚ ਰਿਸ਼ਵਤ ਹਾਸਲ ਕੀਤੀ ਗਈ ਹੋਵੇ।

- Advertisement -

ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਇਹ ਟੈਂਡਰ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਮਾਮਲੇ ਵਿਚ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਤੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਪਏ ਘਾਟੇ ਨੂੰ ਸਹਿਕਾਰਤਾ ਮੰਤਰੀ ਤੋਂ ਵਸੂਲਿਆ ਜਾਵੇ।

ਅਕਾਲੀ ਆਗੂ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਮੁਲਾਜ਼ਮਾਂ ਲਈ ਮੌਤ ਹੋਣ ਦੀ ਸੂਰਤ ਵਾਸਤੇ ਬੀਮਾ ਕਵਰ ਦੇ ਦਿੱਤਾ ਗਿਆ ਪਰ ਨੀਤੀ ਇਸ ਢੰਗ ਨਾਲ ਬਣਾਈ ਗਈ ਕਿ ਕੋਰੋਨਾ ਨਾਲ ਹੋਰ ਬਿਮਾਰੀ ਲੱਗਣ ਦੀ ਸੂਰਤ ਵਿਚ ਬੀਮਾ ਕਵਰ ਦੇਣ ਤੋਂ ਇਨਕਾ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਕੋਰੋਨਾ ਵਰਗੀ ਬਿਮਾਰੀ ਦੇ ਮਾਮਲੇ ਵਿਚ ਹੋਰ ਰੋਗ ਲੱਗਣਾ ਆਮ ਜੇਹੀ ਗੱਲ ਹੈ ਤੇ ਇਸ ਤੱਥ ਨੂੰ ਅਣਡਿੱਠ ਕਰਨਾ ਨੀਤੀ ਧਾਰਕ ਦੇ ਹਿਤਾਂ ਦੇ ਖਿਲਾਫ ਹੈ।

ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਪਾਰਟੀ ਦੇ ਦਫਤਰ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।

Share this Article
Leave a comment