ਵਰਤਮਾਨ ਸਮਾਜ ਅਤੇ ਔਰਤਾਂ ਦੀ ਸਵੈ-ਨਿਰਭਰਤਾ

TeamGlobalPunjab
7 Min Read

-ਸੁਖਦੀਪ ਕੌਰ ਮਾਨ

ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਦੂਜਿਆਂ ‘ਤੇ ਨਿਰਭਰ ਨਾ ਕਰਨਾ, ਨੂੰ ਸਵੈ-ਨਿਰਭਰਤਾ ਕਿਹਾ ਜਾਂਦਾ ਹੈ। ਜਾਂ ਜੋ ਇਨਸਾਨ ਆਪਣੀ ਜਿੰਦਗੀ ਨੂੰ ਸਹੀ ਦਿਸ਼ਾ ਦੇਣ ਲਈ ਆਪਣੇ ਫੈਸਲੇ ਆਪ ਲੈਂਦਾ ਹੈ ਅਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਵੀ ਆਪਣੇ ਆਪ ਕਰਦਾ ਹੈ ਉਸ ਨੂੰ ਸਵੈ-ਨਿਰਭਰ ਕਿਹਾ ਜਾ ਸਕਦਾ ਹੈ।
ਔਰਤਾਂ ਦਾ ਸਵੈ-ਨਿਰਭਰ ਹੋਣਾ ਕਿਉਂ ਜ਼ਰੂਰੀ?

• ਅੱਜ ਕਲ੍ਹ ਦੇ ਮਹਿੰਗਾਈ ਦੇ ਸਮੇਂ ਵਿੱਚ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਮੈਂਬਰ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੁੰਦਾ ਹੈ। ਜੇ ਕਰ ਔਰਤਾਂ ਵਿੱਤੀ ਤੌਰ ‘ਤੇ ਸੁਤੰਤਰ ਹੋਣ ਤਾਂ ਉਹ ਘਰ ਦੇ ਖਰਚਿਆਂ ਵਿੱਚ ਯੋਗਦਾਨ ਪਾ ਕੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕਦੀਆਂ ਹਨ।

• ਜਦੋਂ ਕੋਈ ਔਰਤ ਆਪਣੇ ਪੈਰਾਂ ਉਤੇ ਖੜ੍ਹੀ ਹੁੰਦੀ ਹੈ ਤਾਂ ਇਸ ਨਾਲ ਉਸ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਹੰਦਾ ਹੈ, ਉਹਨਾਂ ਦਾ ਮਨੋਬਲ ਉਤਸ਼ਾਹਿਤ ਹੁੰਦਾ ਹੈ ਅਤੇ ਸਮਾਜ ਵਿੱਚ ਉਹਨਾਂ ਨੂੰ ਮਾਨ ਸਨਮਾਨ ਅਤੇ ਵੱਖਰੀ ਪਛਾਣ ਵੀ ਮਿਲਦੀ ਹੈ।

- Advertisement -

• ਜੇ ਕਰ ਔਰਤ ਆਰਥਿਕ ਤੌਰ ‘ਤੇ ਆਤਮਨਿਰਭਰ ਹੈ ਤਾਂ ਉਹ ਆਪਣੇ ਪਰਿਵਾਰ ਦੀਆਂ ਸਮਾਜਿਕ ਅਤੇ ਭਾਵਨਾਤਮਕ ਜ਼ਰੂਰਤਾਂ ਪੂਰੀਆਂ ਕਰ ਸਕਦੀ ਹੈ। ਬੱਚਿਆਂ ਨੂੰ ਚੰਗਾ ਭਵਿੱਖ ਦੇ ਕੇ ਉਹਨਾਂ ਲਈ ਅਤੇ ਆਪਣੇ ਵਰਗੀਆਂ ਬਹੁਤ ਸਾਰੀਆਂ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ ਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ।

• ਇੱਕ ਸਵੈਨਿਰਭਰ ਔਰਤ ਔਖੀ ਘੜੀ ਵਿੱਚ ਪਰਿਵਾਰ ਦੀ ਵਿੱਤੀ ਸਹਾਇਤਾ ਕਰਕੇ, ਪਰਿਵਾਰ ਨੂੰ ਕਰਜ਼ੇ ਤੋਂ ਬਚਾ ਸਕਦੀ ਹੈ।

ਸਵੈਨਿਰਭਰਤਾ ਅਤੇ ਆਮਦਨ ਵਧਾਉ ਕਿੱਤੇ- ਸਿਰਫ ਉਚ ਸਿੱਖਿਆ ਲੈ ਕੇ ਨੌਕਰੀ ਕਰਨ ਨਾਲ ਹੀ ਨਹੀਂ ਆਤਮ ਨਿਰਭਰ ਬਣਿਆ ਜਾ ਸਕਦਾ, ਬਲਕਿ ਹੋਰ ਵੀ ਬਹੁਤ ਸਾਰੇ ਅਜਿਹੇ ਧੰਦੇ ਹਨ ਜਿੰਨ੍ਹਾਂ ਨੂੰ ਕਿਸਾਨ ਬੀਬੀਆਂ ਅਪਣਾਕੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ ਅਤੇ ਸਵੈ-ਨਿਰਭਰ ਹੋ ਸਕਦੀਆਂ ਹਨ। ਇਹਨਾਂ ਕਿੱਤਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ:-

ਖੇਤੀ ਆਧਾਰਿਤ ਕਿੱਤੇ

ਮੁੱਖ ਫਸਲਾਂ ਤੋਂ ਵੱਖ-ਵੱਖ ਪਦਾਰਥਾਂ ਦਾ ਉਤਪਾਦਨ: ਆਟਾ, ਵੇਸਣ, ਦਲੀਆ, ਗੁੜ, ਸ਼ੱਕਰ,ਪਾਪੜ, ਵੜੀਆਂ,ਤੇਲ ਆਦਿਫਸਲਾਂ, ਫਲਾਂ ਅਤੇ ਸਬਜ਼ੀਆਂ ਦਾ ਸਿੱਧਾ ਮੰਡੀਕਰਨ: ਕੱਟੀਆਂ ਹੋਈਆਂ ਸਬਜ਼ੀਆਂ ਵੇਚਣਾ,ਪੈਕਡ ਸਬਜ਼ੀ, ਫਲ ਅਤੇ ਦਾਲਾਂ ਵੇਚਣਾ, ਫਲਾਂ ਅਤੇ ਸਬਜ਼ੀਆਂ ਨੂੰ ਸਕਾਉਣਾ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ : ਆਚਾਰ, ਮੁਰੱਬੇ, ਚਟਨੀ, ਜੈਮ,ਸਕੈਸ਼, ਜੂਸ ਸੋਇਆਬੀਨ ਦੀ ਪ੍ਰੋਸੈਸਿੰਗ : ਦੁੱਧ, ਟੋਫੂ ਆਦਿ, ਦਵਾਈਆਂ ਵਾਲੇ ਅਤੇ ਸੁਗੰਧੀਦਾਰ ਬੂਟੇ ਉਗਾਉਣਾ ਅਤੇ ਉਨਾਂ ਦੀ ਪ੍ਰੋਸੈਸਿੰਗ ਹਲਦੀ, ਐਲੋਵੀਰਾ ਆਦਿ, ਫੁੱਲਾਂ ਅਤੇ ਬੂਟਿਆਂ ਦੀ ਨਰਸਰੀ ਖੇਤੀ ਸਹਾਇਕ ਕਿੱਤੇ ਮਧੂ ਮੱਖੀ ਪਾਲਣ, ਖੂੰਬਾਂ ਦੀ ਕਾਸ਼ਤ, ਪੋਲਟਰੀ ਅਤੇ ਡੇਅਰੀ ਫਾਰਮਿੰਗ, ਗੰਡੋਇਆਂ ਦੀ ਖਾਦ/ ਜੈਵਿਕ ਖਾਦ ਤਿਆਰ ਕਰਨਾ, ਵੇਚਣ ਲਈ ਜਾਨਵਰ/ ਪੰਛੀ ਪਾਲਣੇ, ਦੁੱਧ ਅਤੇ ਉਸ ਤੋਂ ਬਣੇ ਪਦਾਰਥਾਂ ਦਾ ਉਤਪਾਦਨ:ਦਹੀ, ਪਨੀਰ,ਖੋਆ, ਘਿਓ ਆਦਿ।

- Advertisement -

ਘਰੇਲੂ ਕਿੱਤੇ

ਬੇਕਰੀ ਦੇ ਉਤਪਾਦ : ਬਰੈਡ,ਬਿਸਕੁੱਟ,ਕੇਕ ਆਦਿ। ਰਵਾਇਤੀ ਪਕਵਾਨ ਤਿਆਰ ਕਰ ਕੇ ਵੇਚਣਾ-ਪਿੰਨੀਆਂ,ਪੰਜ਼ੀਰੀ,ਬਰਫੀ, ਲੱਡੂ ਆਦਿ । ਮਸਾਲਿਆਂ ਦੀ ਪਿਸਾਈ ਅਤੇ ਪੈਕਿੰਗ। ਟਿਫਿਨ ਸਰਵਿਸ। ਘਰੇਲੂ ਸਜਾਵਟ ਲਈ ਸਮਾਨ ਬਣਾਉਣਾ :ਸਜਾਵਟੀ ਮੋਮਬੱਤੀਆਂ,ਗਿਫਟ ਪੈਕਿੰਗ, ਪੇਪਰ ਮੈਸ਼ੀ ਦੇ ਉਤਪਾਦ ਆਦਿ।

ਕੱਪੜਿਆਂ ਦੀ ਗੁਣਵਤਾ ਵਧਾਉਣਾ: ਸਿਲਾਈ, ਰੰਗਾਈ, ਰਵਾਇਤੀ ਕਢਾਈ, ਦਰੀਆਂ ਅਤੇ ਖੇਸਾਂ ਦੀ ਨਵੀਵਤਾ, ਪੇਂਟਿੰਗ ਆਦਿ। ਸਾਫ ਸਫਾਈ ਦੇ ਪਦਾਰਥ ਬਣਾਉਣਾ: ਫਰਨੈਲ, ਸਰਫ, ਸਾਬਣ ਆਦਿ ।

ਸਕਿੱਲ ਡਿਵੈਲਪਮੈਂਟ ਸੈਂਟਰ

ਉਪਰੋਕਤ ਦੱਸੇ ਸਾਰੇ ਕਿੱਤਿਆਂ ਦੀ ਸਿਖਲਾਈ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਥੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ ਅਤੇ ਇੰਡਸਟਰੀ ਸੰਬੰਧੀ ਵੱਖ-ਵੱਖ ਕਿੱਤਿਆਂ ਦੀ ਸਿੱਖਲਾਈ ਦਿਤੀ ਜਾਂਦੀ ਹੈ।ਇਹ ਸਿਖਲਾਈ ਹਾਸਿਲ ਕਰਕੇ ਨੌਜਵਾਨ ਇਸ ਯੋਗ ਬਣ ਜਾਂਦੇ ਹਨ ਕਿ ਉਹ ਆਪਣਾ ਕੋਈ ਰੁਜ਼ਗਾਰ ਸ਼ੁਰੂ ਕਰ ਸਕਣ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਾਰੇ ਕੋਰਸ ਐਗਰੀ ਸਕਿੱਲ ਕੌਂਸਲ ਆਫ ਇੰਡੀਆ ਦੇ ਅਧੀਨ ਹਨ ਅਤੇ ਕੋਰਸ ਕਰਨ ਤੌਂ ਬਾਅਦ ਸਿਖਿਆਰਥੀਆਂ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਦੁਆਰਾ ਬੈਂਕਾਂ ਤੋਂ ਕੰਮ ਸ਼ੁਰੂ ਕਰਨ ਲਈ ਲੋਨ ਵੀ ਮਿਲ ਜਾਂਦਾ ਹੈ।

ਸਕਿਲ ਡਿਵੈਲਪਮੈਂਟ ਸੈਂਟਰ ਵਿਖੇ ਰਾਸ਼ਟਰੀ ਕਿਸਾਨ ਵਿਕਾਸ ਯੋਜਨਾ ਦੇ ਅਧੀਨ ਪੰਜਾਬ ਐਗਰੀ ਬਿਜਨਸ ਇੰਕੂਬੇਟਰ (ਪਾਬੀ) ਪ੍ਰੋਗਰਾਮ ਵੀ ਚਲ ਰਿਹਾ ਹੈ ਜਿਸ ਦੇ ਵਿੱਚ ਦੋ ਬੈਚਾਂ ‘ਉਦਮ’ ਅਤੇ ‘ਉਡਾਣ’ ਵਿੱਚ ਉਦਮੀ ਕਿਸਾਨਾਂ ਅਤੇ ਬੀਬੀਆਂ ਨੂੰ ਦੋ ਮਹੀਨਿਆਂ ਦੀ ਸਿਖਲਾਈ ਦਿੱਤੀ ਗਈ ਹੈ ਜਿਸ ਦੇ ਬਾਅਦ ਉਹਨਾਂ ਦੀ ਕੇਂਦਰ ਖੇਤੀਬਾੜੀ ਮੰਤਰਾਲਾ ਅੱਗੇ ਖੇਤੀ ਉਤਪਾਦਕ ਪੇਸ਼ਕਾਰੀ ਕੀਤੀ ਜਾਂਦੀ ਹੈ। ਉਦਮ ਦੇ ਚੁਣੇ ਗਏ ਸਿਖਿਆਰਥੀਆਂ ਨੂੰ ਪੰਜ ਲੱਖ ਤੱਕ ਅਤੇ ਉਡਾਣ ਦੇ ਚੁਣੇ ਗਏ ਸਿਖਿਆਰਥੀਆਂ ਨੂੰ ਪੱਚੀ ਲੱਖ ਰੁਪਏ ਤਕ ਦੀ ਗ੍ਰਾਂਟ ਮਿਲ ਸਕਦੀ ਹੈ ਜਿਸਦੇ ਨਾਲ ਉਹ ਵੱਡੇ ਪੱਧਰ ਤੇ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਦੇ ਸਕਦੇ ਹਨ।

ਇਸ ਤੋਂ ਇਲਾਵਾ ਬੀਬੀਆਂ ਹੋਰ ਉਦਮੀ ਔਰਤਾਂ ਨੂੰ ਮਿਲਣ ਅਤੇ ਪੀ.ਏ.ਯੂ. ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਪੀ.ਏ.ਯੂ. ਕਿਸਾਨ ਕਲੱਬ ਦੀਆਂ ਮੈਂਬਰ ਵੀ ਬਣ ਸਕਦੀਆਂ ਹਨ। ਇਸ ਕਲੱਬ ਦੀ ਫੀਸ 1,000 ਰੁਪਏ 15 ਸਾਲਾਂ ਲਈ ਹੈ। ਪੀ.ਏ.ਯੂ. ਵੱਲੋਂ ਸਿਖਲਾਈ ਪ੍ਰਾਪਤ ਕੀਤੇ ਸਿਖਿਆਰਥੀਆਂ ਨੂੰ ਲੁਧਿਆਣਾ ਦੇ ਕਿਸਾਨ ਮੇਲੇ, ਵੱਖ ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫੂਡ ਕਰਾਫਟ ਅਤੇ ਇੰਡਸਟਰੀ ਮੇਲੇ ਵਿੱਚ ਵੀ ਸਟਾਲ ਲਗਾਉਂਣ ਦਾ ਮੌਕਾ ਦਿੱਤਾ ਜਾਂਦਾ ਹੈ ਤਾਂ ਕਿ ਬੀਬੀਆਂ ਆਪਣੇ ਤਿਆਰ ਸਾਮਾਨ ਨੂੰ ਵੇਚ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।
ਸਕਿਲ ਡਿਵੈਲਪਮੈਂਟ ਸੈਂਟਰ ਤੋਂ ਇਲਾਵਾ ਬੀਬੀਆਂ ਇਹ ਸਿਖਲਾਈ ਕੋਰਸ ਵੱਖ ਵੱਖ ਜ਼ਿਲਿਆਂ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਵੀ ਲੈ ਸਕਦੀਆਂ ਹਨ।ਇਹ ਸਿਖਲਾਈ ਕੋਰਸ ਬੀਬੀਆਂ ਲਈ ਬਿਲਕੁਲ ਮੁਫਤ ਹਨ।

ਕਈ ਵਾਰ ਕੁਝ ਘਰੇਲੂ ਹਾਲਾਤਾਂ ਕਰਕੇ ਬੀਬੀਆਂ ਆਮਦਨ ਵਧਾਉ ਕਿੱਤੇ ਸ਼ੁਰੂ ਨਹੀ ਕਰ ਸਕਦੀਆਂ, ਅਜਿਹੀ ਸਥਿਤੀ ਵਿਚ ਔਰਤਾਂ ਘਰੇਲੂ ਖਰਚੇ ਘਟਾ ਕੇ ਵੀ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰ ਸਕਦੀਆਂ ਹਨ, ਇਸ ਵਿਚ ਸਭ ਤੋਂ ਪਹਿਲਾਂ ਘਰੇਲੂ ਬਗੀਚੀ ਲਗਾ ਕੇ ਜਿੱਥੇ ਅੋਰਤਾਂ ਪੈਸੇ ਦੀ ਬਚਤ ਕਰ ਸਕਦੀਆਂ ਹਨ, ਉਸਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਜ਼ਹਿਰ ਰਹਿਤ ਭੋਜਨ ਨਾਲ ਚੰਗੀ ਸਿਹਤ ਵੀ ਦੇ ਸਕਦੀਆਂ ਹਨ । ਸੁਆਣੀਆਂ ਕੱਪੜਿਆਂ ਦੀ ਸਿਲਾਈ ਘਰੇ ਕਰ ਸਕਦੀਆਂ ਹਨ, ਛੋਟੇ ਬੱਚਿਆਂ ਨੂੰ ਟਿਊਸ਼ਨ ਦੀ ਬਜਾਏ ਘਰ ਵਿੱਚ ਹੀ ਪੜ੍ਹਾ ਸਕਦੀਆਂ ਹਨ, ਆਪਣੇ ਹੁਨਰ ਦੀ ਸਿਖਲਾਈ ਦੂਸਰਿਆਂ ਨੂੰ ਦੇ ਸਕਦੀ ਹੈ, ਸਾਬਣ, ਸਰਫ, ਫਿਨਾਇਲ ਘਰ ਵਿੱਚ ਹੀ ਬਣਾਈ ਜਾ ਸਕਦੀ ਹੈ ਅਤੇ ਜਿੱਥੋਂ ਤੱਕ ਹੋ ਸਕੇ ਘਰ ਦਾ ਕੰਮ ਆਪ ਕਰ ਕੇ ਸੁਆਣੀਆਂ ਆਤਮ ਨਿਰਭਰ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਜੇਕਰ ਅਸੀਂ ਸਾਰੇ ਵੀ ਸਥਾਨਕ ਅਤੇ ਛੋਟੇ ਕਿੱਤਾਕਾਰੀਆਂ ਦਾਆਰਾ ਤਿਆਰ ਕੀਤਾ ਲੋਕਲ ਸਾਮਾਨ ਖਰੀਦੀਏ ਤਾਂ ਇੱਕ ਪਾਸੇ ਇਨ੍ਹਾ ਕਿੱਤਾਕਾਰੀਆਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਦੂਸਰੇ ਪਾਸੇ ਦੇਸ਼ ਦੀ ਆਰਥਿਕਤਾ ਵਿੱਚ ਵੀ ਸੁਧਾਰ ਆਵੇਗਾ।

ਸੰਪਰਕ: 98724-28119

Share this Article
Leave a comment