Home / ਓਪੀਨੀਅਨ / ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ – ਗੁਰਮੁਖੁ ਵੀਆਹੁਣ ਆਇਆ

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ – ਗੁਰਮੁਖੁ ਵੀਆਹੁਣ ਆਇਆ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸੰਸਾਰ ਯਾਤਰਾ ਦੌਰਾਨ ਸੰਸਾਰੀ ਜੀਵਾਂ ਨੂੰ ਤਾਰਦਿਆਂ ਦੁਨੀਆਂ ਦੇ ਜਿਨ੍ਹਾ ਵੱਖ ਵੱਖ ਮੁਲਕਾਂ, ਦੇਸ਼ ਦੇ ਵੱਖ ਵੱਖ ਸੂਬਿਆਂ ਤੇ ਪੰਜਾਬ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਨੂੰ ਆਪਣੀ ਚਰਨ ਛੋਹ ਦੇ ਕੇ ਭਾਗ ਲਗਾਏ, ਉਨ੍ਹਾਂ ਵੱਡਭਾਗੇ ਸਥਾਨਾਂ ‘ਚੋਂ ਇੱਕ ਸਥਾਨ ਸ਼ਹਿਰ ਬਟਾਲਾ ਵੀ ਹੈ। ਬਟਾਲਾ ਦੀ ਧਰਤੀ ਉਸ ਵੇਲੇ ਪਾਵਨ ਹੋ ਕੇ ਗਦਗਦ ਹੋ ਉਠੀ ਜਦੋਂ 13 ਸਤੰਬਰ ਸੰਨ 1487 ਨੂੰ ਅਠ੍ਹਾਰਾਂ ਸਾਲ ਦੀ ਉਮਰ ਵਿਚ ਨਾਨਕੀ ਦੇ ਵੀਰ ਨਾਨਕ ਨੇ ਬਟਾਲਾ ਵਾਸੀ ਸ੍ਰੀ ਮੂਲ ਚੰਦ ਪਟਵਾਰੀ ਅਤੇ ਬੀਬੀ ਚੰਦੋ ਦੀ ਲਾਡਲੀ ਧੀ ਬੀਬੀ ਸੁਲੱਖਣੀ ਨਾਲ ਅਨੰਦ ਕਾਰਜ ਕਰਨ ਲਈ ਬਟਾਲਾ ਪੁੱਜੇ।

ਇਸ ਵੇਲੇ ਬਟਾਲਾ ਸਥਿਤ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਪਰਿਵਾਰ ਦਾ ਘਰ ਸੀ ਤੇ ਜਿੱਥੇ ਇਸ ਵਕਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ ,ਇਹ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੂੰ ਬਰਾਤ ਦੇ ਢੁਕਾਅ ਸਮੇਂ ਕਿਸੇ ਨੇ ਬਿਠਾ ਦਿੱਤਾ ਸੀ। ਇੱਥੇ ਇੱਕ ਕੱਚੀ ਕੰਧ ਸੀ ਜਿਸਦੇ ਨਜ਼ਦੀਕ ਆ ਕੇ ਗੁਰੂ ਸਾਹਿਬ ਨੇ ਆਸਣ ਲਾਇਆ ਸੀ। ਉਥੇ ਹਾਜ਼ਰ ਇੱਕ ਬਜ਼ੁਰਗ ਮਾਤਾ ਨੇ ਆਪ ਨੂੰ ਜਦ ਇਹ ਆਖ ਕੇ  ਦੂਰ ਹਟਣ ਲਈ ਕਿਹਾ ਕਿ ‘‘ਇਹ ਕੰਧ ਕੱਚੀ ਹੈ’’ ਤਾਂ ਗੁਰੂ ਸਾਹਿਬ ਨੇ ਮੁਸਕੁਰਾਉਂਦਿਆਂ ਹੋਇਆਂ ਉੱਤਰ ਦਿੱਤਾ – ‘‘ਮਾਤਾ ਜੀ, ਇਹ ਕੰਧ ਨਹੀਂ ਡਿੱਗੇਗੀ। ਇਹ ਯੁਗਾਂ ਯੁਗਾਂ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਰਹੇਗੀ’’। ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਅੱਜ 524 ਵਰ੍ਹੇ ਬੀਤ ਜਾਣ ਮਗਰੋਂ ਵੀ ਉਹ ਕੱਚੀ ਕੰਧ ਉਸੇ ਤਰ੍ਹਾਂ ਆਪਣੇ ਸਥਾਨ ‘ਤੇ ਸੁਭਾਇਮਾਨ ਹੈ। ਇੱਥੇ ਹਰ ਸਾਲ ‘ਬਾਬੇ ਦਾ ਵਿਆਹ’ ਸਿਰਲੇਖ ਹੇਠ ਵੱਡਾ ਮੇਲਾ ਲੱਗਦਾ ਹੈ ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਹਾਜ਼ਰੀ ਭਰਦੀਆਂ ਹਨ ਅਤੇ ਕੀਰਤਨ ਦਰਬਾਰ ਤੇ ਢਾਡੀ ਦਰਬਾਰ ਸਜਾਏ ਜਾਂਦੇ ਹਨ ਤੇ ਸ੍ਰੀ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪ ਵਿੱਚ ਆਈ ਸੰਗਤ ਦਾ ਸਮੂਹ ਸ਼ਹਿਰ ਵਾਸੀ ਸੰਗਤਾਂ ਵੱਲੋਂ ਭਰ੍ਹਵਾਂ ਸੁਆਗਤ ਕੀਤਾ ਜਾਂਦਾ ਹੈ ਤੇ ਰੱਜਵੀਂ ਸੇਵਾ ਕੀਤੀ ਜਾਂਦੀ ਹੈ ਤੇ ਪੂਰੇ ਸ਼ਹਿਰ ਵਿੱਚ ਗੁਰੂ ਸਾਹਿਬ ਦੇ ਵਿਆਹ ਦੀ ਭਾਜੀ ਬਤੌਰ ਪ੍ਰਸ਼ਾਦ ਵੰਡੀ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਅਤੇ ਮਾਤਾ ਸੁਲੱਖਣੀ ਜੀ ਦੇ ਘਰ ਸੰਨ 1494 ਵਿੱਚ ਬਾਬਾ ਸ੍ਰੀ ਚੰਦ ਜੀ ਨੇ ਅਤੇ ਸੰਨ 1496 ਵਿੱਚ ਬਾਬਾ ਲਖਮੀ ਚੰਦ ਜੀ ਨਾਮਕ ਦੋ ਪੁੱਤਰਾਂ ਨੇ ਜਨਮ ਲਿਆ ਸੀ। ਗੁਰੂ ਸਾਹਿਬ ਜੀ ਜਦ ਉਦਾਸੀਆਂ ਸਮੇਂ ਸੰਸਾਰ ਯਾਤਰਾ ‘ਤੇ ਨਿਕਲੇ ਸਨ ਤਾਂ ਪਿੱਛੇ ਮਾਤਾ ਸੁਲੱਖਣੀ ਜੀ ਨੇ ਹੀ ਬੜੀ ਨਿਮਰਤਾ ਤੇ ਸੇਵਾ ਭਾਵਨਾ ਨਾਲ ਦੋਵਾਂ ਬਾਲਾਂ ਦਾ ਪਾਲਣ ਪੋਸ਼ਣ ਕੀਤਾ ਸੀ ਅਤੇ ਆਪਣੇ ਸੱਸ-ਸਹੁਰਾ ਸ੍ਰੀਮਤੀ ਤ੍ਰਿਪਤਾ ਦੇਵੀ ਅਤੇ ਸ੍ਰੀ ਕਲਿਆਣ ਦਾਸ ਜੀ ਦੀ ਸੇਵਾ ਕੀਤੀ ਸੀ।

ਅੱਜ 12 ਸਤੰਬਰ ਦੇ ਦਿਨ ਬਟਾਲਾ ਵਿਖੇ ਸਜਾਏ ਜਾਂਦੇ ਧਾਰਮਿਕ ਦੀਵਾਨਾਂ ਵਿੱਚ ਵੱਡੀਆਂ ਪੰਥਕ ਸ਼ਖ਼ਸੀਅਤਾਂ, ਰਾਜਨੇਤਾਵਾਂ,ਰਾਗੀਆਂ ,ਕਥਾਕਾਰਾਂ ਤੇ ਢਾਡੀਆਂ ਵੱਲੋਂ ਹਾਜ਼ਰੀ ਭਰੀ ਜਾਂਦੀ ਹੈ। ਬੱਚਿਆਂ ਤੇ ਨੌਜਵਾਨਾਂ ਵੱਲੋਂ ਪੰਘੂੜੇ ਝੂਟੇ ਜਾਂਦੇ ਹਨ ਤੇ ਇੱਕੇ ਸਜਾਏ ਗਏ ਬਜ਼ਾਰਾਂ ਵਿੱਚ ਲੋਕ ਵੱਖ ਵੱਖ ਪ੍ਰਕਾਰ ਦੇ ਵਿਅੰਜਨਾਂ ਤੇ ਵਸਤਾਂ ਦਾ ਅਨੰਦ ਮਾਣਦੇ ਹਨ ਤੇ ਖ਼ਰੀਦੋ-ਫ਼ਰੋਖ਼ਤ ਕਰਦੇ ਹਨ। ਅੱਜ ਦੀ ਰਾਤ ਸਮੁੱਚਾ ਸ਼ਹਿਰ ਦੁਲਹਨ ਵਾਂਗ ਸ਼ਿੰਗਾਰਿਆ ਹੁੰਦਾ ਹੈ ਤੇ ਲੋਕ ਗੁਰੂ ਨਾਨਕ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਦੀ ਯਾਦ ਨੂੰ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਮਨਾਉਂਦੇ ਹਨ ਤੇ ਅਨੰਦਿਤ ਹੁੰਦੇ ਹਨ।

ਸੰਪਰਕ: 97816-46008

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 24ਵਾਂ ਤੇ 25ਵਾਂ ਰਾਗ ਭੈਰਉ ਅਤੇ ਸਾਰੰਗ -ਗੁਰਨਾਮ ਸਿੰਘ (ਡਾ.)

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਲੜੀ-23 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 24ਵਾਂ …

Leave a Reply

Your email address will not be published. Required fields are marked *