ਕਿਸਾਨਾਂ ਲਈ ਜਾਣਕਾਰੀ : ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਮਸ਼ੀਨਾਂ/ਤਕਨੀਕਾਂ

TeamGlobalPunjab
6 Min Read

-ਰੁਪਿੰਦਰ ਚੰਦੇਲ, ਅਰਪਨ ਬੋਪਾਰਾਏ;

ਕੰਬਾਈਨ ਨਾਲ ਝੋਨੇ ਦੀ ਕਟਾਈ ਮਗਰੋਂ ਕੱਟੇ ਹੋਏ ਨਾੜ ਨੂੰ ਸਾੜਨ ਦੀ ਬਜਾਏ ਇਸਦੀ ਵੱਖ-ਵੱਖ ਮਸ਼ੀਨਾਂ ਰਾਹੀਂ ਸੁਚੱਜੀ ਵਰਤੋਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਹੇਠ ਲਿਖੀਆਂ ਤਕਨੀਕਾਂ ਦੀ ਸਿਫਾਰਸ਼ ਕੀਤੀ ਗਈ ਹੈ ।
ੳ. ਖੇਤ ਵਿੱਚ ਪਰਾਲੀ ਦਾ ਪ੍ਰਬੰਧ ਕਰਨ ਲਈ
1. ਮਲਚ ਦੇ ਤੌਰ ‘ਤੇ ਪਰਾਲ ਨੂੰ ਵਰਤ ਕੇ :

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀ ਕਟਾਈ ਦੌਰਾਨ ਪਰਾਲੀ ਨੂੰ ਖੇਤਾਂ ਵਿੱਚ ਇਕਸਾਰ ਖਿਲਾਰਨ ਲਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐੱਸ ਐੱਮ ਐੱਸ) ਪ੍ਰਣਾਲੀ (ਇੱਕ ਪਰਾਲੀ ਦਾ ਕੁਤਰਾ ਕਰਨ ਵਾਲਾ ਚੋਪਰ ਯੂਨਿਟ) ਵਿਕਸਿਤ ਕੀਤੀ ਹੈ ਅਤੇ ਇਸ ਦੀ ਸਿਫਾਰਸ਼ ਕੀਤੀ ਗਈ ਹੈ ਜੋ ਕਿ ਕੰਬਾਈਨ ਦੇ ਪਿਛਲੇ ਪਾਸੇ ਫਿੱਟ ਹੋ ਜਾਂਦਾ ਹੈ। ਇਹ ਪ੍ਰਣਾਲੀ ਕੰਬਾਈਨ ਦੇ ਨਾਲ ਝੋਨਾ ਵੱਢਦੇ ਸਮੇਂ ਸਟਰਾਅ ਵਾਕਰ ਅਤੇ ਜਾਲੀਆਂ ਵਿੱਚੋਂ ਆਉਣ ਵਾਲੀ ਪਰਾਲੀ ਅਤੇ ਫੁਸ ਨੂੰ ਕੁਤਰ ਕੇ ਇਕਸਾਰ ਖੇਤਾਂ ਵਿੱਚ ਖਿਲਾਰ ਦਿੰਦੀ ਹੈ। ਇਸ ਸਾਲ ਕੰਬਾਈਨ ਨਾਲ ਝੋਨਾ ਵੱਢਦੇ ਸਮੇਂ ਹੀ ਪਿੱਛੇ ਡਿਗਦੀ ਪਰਾਲੀ ਦਾ ਕੁਤਰਾ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਪ੍ਰਣਾਲੀ ਬਾਅਦ ਵਿੱਚ ਕਣਕ ਦੀ ਬਿਜਾਈ ਕਰਨ ਲਈ ਹੈਪੀ ਸੀਡਰ, ਖੁੱਲੀਆਂ ਕਤਾਰਾਂ ਵਾਲੀ ਜੀਰੋ ਡਰਿੱਲ ਆਦਿ ਦੇ ਕੰਮ ਨੂੰ ਅਸਾਨ ਕਰ ਦਿੰਦੀ ਹੈ ਅਤੇ ਹੈਪੀ ਸੀਡਰ ਦੇ ਕੰਮ ਕਰਨ ਦੀ ਸਮਰੱਥਾ ਨੂੰ 25% ਤੱਕ ਵਧਾ ਦਿੰਦੀ ਹੈ ।

ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਹੈਪੀ ਸੀਡਰ ਮਸ਼ੀਨ ਦੀ ਸਿਫਾਰਸ਼ ਕੀਤੀ ਗਈ ਹੈ। ਪੀ ਟੀ ਓ ਤੇ ਚੱਲਣ ਵਾਲੀ ਇਹ ਮਸ਼ੀਨ 45 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ ਅਤੇ ਇਸ ਦੀ ਕੰਮ ਕਰਨ ਦੀ ਸਮਰੱਥਾ 0.3-0.35 ਹੈਕਟੇਅਰ ਪ੍ਰਤੀ ਘੰਟਾ ਹੈ ।ਰਵਾਇਤੀ ਹੈਪੀ ਸੀਡਰ ਦੇ ਹਰ ਦੋ ਫਾਲਿਆਂ ਵਿਚਕਾਰ ਹੁਣ ਦਬਾਅ ਵਾਲੇ ਪਹੀਏ (ਪੀ ਏ ਯੂ ਹੈਪੀ ਸੀਡਰ) ਲਗਾਏ ਗਏ ਹਨ। ਜਿਸ ਨਾਲ ਕਣਕ ਦਾ ਪੁੰਗਾਰਾ ਬਹੁਤ ਵਧੀਆ ਤੇ ਇਕਸਾਰ ਹੁੰਦਾ ਹੈ। ਇਸ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਖੇਤ ਵਿੱਚ ਖੜ੍ਹੇ ਕਰਚਿਆਂ ਨੂੰ ਸਟੱਬਲ ਸ਼ੇਵਰ (ਪੀ ਏ ਯੂ ਸਟਰਾਅ ਕਟਰ ਕਮ ਸਪਰੈਡਰ) ਨਾਲ ਕੱਟ ਲੈਣਾ ਚਾਹੀਦਾ ਹੈ।

- Advertisement -

ਇਹ ਮਸ਼ੀਨ ਦੋ ਮਸ਼ੀਨਾਂ ਵਿੱਚ ਰੋਟੋ ਸੀਡਰ ਅਤੇ ਡਿਸਕ ਕਿਸਮ ਦੀ ਬਿਜਾਈ ਪ੍ਰਣਾਲੀ ਦਾ ਸੁਮੇਲ ਹੈ। ਸੁਪਰ ਸੀਡਰ ਮਸ਼ੀਨ ਵਿੱਚ ਇੱਕ ਰੋਟਰ ਜਿਸ ਤੇ ਇੱਕ ਫਲੈਂਜ ਤੇ ਰੋਟਾਵੇਟਰ ਟਾਈਪ ਬਲੇਡ ਲੱਗੇ ਹੁੰਦੇ ਹਨ, ਜਿਸ ਦਾ ਅਕਾਰ ਛ-ਝ ਟਾਈਪ ਦਾ ਹੁੰਦਾ ਹੈ, ਜਿਹੜੇ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਂਦੇ ਹਨ ਅਤੇ ਬਿਜਾਈ ਸਿਸਟਮ ਬੀਜਣ ਲਈ ਲੱਗਾ ਹੁੰਦਾ ਹੈ। ਰੋਟਰ ਨੂੰ ਪਾਵਰ ਪੀ ਟੀ ਓ ਸ਼ਾਫਟ ਤੋਂ ਗੀਅਰ ਬੌਕਸ ਰਾਹੀਂ ਮਿਲਦੀ ਹੈ। ਇਸ ਮਸ਼ੀਨ ਵਿੱਚ ਬੀਜ ਅਤੇ ਖਾਦ ਬਕਸੇ ਤੋਂ ਇਲਾਵਾ, ਡਿਸਕ ਟਾਈਪ ਫਰੋ ਓਪਨਰ ਲੱਗੇ ਹੁੰਦੇ ਹਨ। ਸੀਡ ਅਤੇ ਖਾਦ ਡਿਸਕਾਂ ਦੇ ਪਿੱਛੇ ਲੱਗੇ ਫਰੋ ਓਪਨਰ ਵਿੱਚ ਡਿੱਗਦੀ ਹੈ। ਫਰੋ ਓਪਨਰ ਤੇ ਲੱਗੀਆਂ ਡਿਸਕਾਂ ਘੁੰਮਦੀਆਂ ਹਨ। ਇਸ ਮਸ਼ੀਨ ਨੂੰ ਚਲਾਉਣ ਲਈ 55 ਹ.ਪ. ਜਾਂ ਇਸ ਤੋਂ ਵੱਧ ਦਾ ਟਰੈਕਟਰ ਚਾਹੀਦਾ ਹੈ। ਇਸ ਮਸ਼ੀਨ ਨਾਲ ਇੱਕ ਏਕੜ ਤਕਰੀਬਨ 1.30 ਤੋਂ 1.45 ਘੰਟੇ ਵਿੱਚ ਬੀਜਿਆ ਜਾਂਦਾ ਹੈ। ਤੇਲ ਦੀ ਖਪਤ 8-9 ਲਿਟਰ ਪ੍ਰਤੀ ਘੰਟਾ ਹੈ।

ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣਾ : ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਮਿੱਟੀ ਦੇ ਭੌਤਿਕ ਰਸਾਇਣ ਅਤੇ ਜੈਵਿਕ ਗੁਣਾਂ ਵਿੱਚ ਸੁਧਾਰ ਹੁੰਦਾ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੰਬਾਈਨ ਨਾਲ ਵੱਢੇ ਝੋਨੇ ਦੇ ਖੇਤ ਵਿੱਚ ਬਚੀ ਹੋਈ ਪਰਾਲੀ ਦੇ ਕੁਤਰਾ ਕਰਨ ਲਈ ਇੱਕ ਪਰਾਲੀ ਕੁਤਰਨ ਅਤੇ ਖਿਲਾਰਨ ਵਾਲਾ ਚੋਪਰ ਵਿਕਸਿਤ ਕੀਤਾ ਗਿਆ ਹੈ। ਇਹ ਪਰਾਲੀ ਨੂੰ ਕੁਤਰਨ ਅਤੇ ਖਿਲਾਰਨ ਦਾ ਕੰਮ ਨਾਲੋਂ ਨਾਲ ਕਰਦਾ ਹੈ। ਖੁੱਲੀਆਂ ਕਤਾਰਾਂ ਵਾਲੀ ਜੀਰੋ ਡਰਿੱਲ ਨਾਲ ਕੁਤਰੀ ਹੋਈ ਪਰਾਲੀ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕੁਤਰੀ ਹੋਈ ਪਰਾਲੀ ਨੂੰ ਗਿੱਲੇ ਅਤੇ ਸੁੱਕੇ ਵਾਹਣ ਵਿੱਚ ਵਾਹੀ ਦੀਆਂ ਮਸ਼ੀਨਾਂ ਜਿਵੇਂ ਕਿ ਐੱਮ. ਬੀ ਪਲੋਅ ਅਤੇ ਰੋਟਾਵੇਟਰ ਆਦਿ ਨਾਲ ਮਿੱਟੀ ਵਿੱਚ ਮਿਲਾ ਕੇ ਬਾਅਦ ਵਿੱਚ ਆਲੂ ਪਲਾਂਟਰ ਨਾਲ ਆਲੂ ਦੀ ਬਿਜਾਈ ਕੀਤੀ ਜਾ ਸਕਦੀ ਹੈ ।

ਕੁਤਰੀ ਹੋਈ ਪਰਾਲੀ ਨੂੰ ਰੋਟਾਵੇਟਰ ਅਤੇ ਐਮ ਬੀ ਪਲੇਅ ਆਦਿ ਨਾਲ ਮਿੱਟੀ ਵਿੱਚ ਮਿਲਾਉਣਾ। ਆਲੂ ਵਾਲਾ ਪਲਾਂਟਰ ਖੁੱਲੀਆਂ ਕਤਾਰਾਂ ਵਾਲੀ ਜੀਰੋ ਡਰਿੱਲ ਵਿੱਚ ਫਾਲੇ ਦੋ ਦੀ ਜਗ੍ਹਾ ਤਿੰਨ ਕਤਾਰਾਂ ਵਿੱਚ ਕੀਤੇ ਗਏ ਹਨ ਅਤੇ ਫਾਲਿਆਂ ਦੀਆਂ ਲਾਈਨਾ ਵਿਚਕਾਰ ਫਾਸਲਾ ਆਮ ਡਰਿੱਲ ਨਾਲੋਂ ਵਧਾ ਦਿੱਤਾ ਗਿਆ ਹੈ ਤਾਂ ਜੋ ਇਹ ਮਸ਼ੀਨ ਚੋਪਰ ਨਾਲ ਪਰਾਲੀ ਕੁਤਰਨ ਤੋਂ ਬਾਅਦ ਖੇਤ ਵਿੱਚ ਅਸਾਨੀਨਾਲ ਚੱਲ ਸਕੇ। ਡਰਿਲ ਦੀ ਜ਼ਮੀਨ ਤੋਂ ਵਿੱਥ ਵੀ ਵਧਾਈ ਗਈ ਹੈ ਤਾਂ ਜੋ ਇਹ ਮਸ਼ੀਨ ਖੜੇ ਕਰਚਿਆਂ ਵਿੱਚ ਅਸਾਨੀ ਨਾਲ ਚੱਲ ਸਕੇ ।

ਅ) ਪਰਾਲੀ ਨੂੰ ਇਕੱਠਾ ਕਰਕੇ ਖੇਤਾਂ ਵਿੱਚੋਂ ਕੱਢਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੰਬਾਈਨ ਨਾਲ ਵੱਢੇ ਝੋਨੇ ਦੇ ਖੇਤ ਵਿੱਚੋਂ ਪਰਾਲੀ ਨੂੰ ਗੰਢਾਂ ਬਣਾ ਕੇ ਇਕੱਠਾ ਕਰਨ ਲਈ ਬੇਲਰ ਦੀ ਸਿਫਾਰਸ਼ ਕੀਤੀ ਗਈ ਹੈ। ਬੇਲਰ ਮਸ਼ੀਨ ਪਰਾਲੀ ਨੂੰ ਇਕੱਠਾ ਕਰਦੀ ਹੈ ਅਤੇ ਦਾਬ ਨਾਲ ਆਇਤਕਾਰ ਜਾਂ ਗੋਲ ਗੰਢਾਂ ਬਣਾਉਂਦੀ ਹੈ। ਇਸ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਖੇਤ ਵਿੱਚ ਖੜ੍ਹੈ ਕਰਚਿਆਂ ਨੂੰ ਸਟੱਬਲ ਸ਼ੇਵਰ (ਜਾਂ ਗੰਪਰ) ਨਾਲ ਕੱਟ ਲੈਣਾ ਚਾਹੀਦਾ ਹੈ। ਪਰਾਲੀ ਦੀਆਂ ਇਹਨਾਂ ਗੱਢਾਂ ਦੀ ਵਰਤੋਂ ਗੱਤਾ ਬਣਾਉਣ ਅਤੇ ਪੈਕਿੰਗ ਦਾ ਸਮਾਨ ਬਣਾਉਣ ਲਈ ਅਤੇ ਬਿਜਲੀ ਤਿਆਰ ਕਰਨ ਅਤੇ ਇੱਟਾਂ ਦੇ ਭੱਠਿਆਂ ਵਿੱਚ ਬਾਲਣ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਇਹ ਮਸ਼ੀਨ ਦੀ ਵਰਤੋਂ ਗੰਨੇ ਦੀ ਖੋਰੀ, ਮੱਕੀ ਦੇ ਖੇਤਾਂ ਵਿਚ ਵਿਚਲੀ ਬਚਦੀ ਰਹਿੰਦ ਖੂੰਹਦ ਦੀਆਂ ਗੰਢਾਂ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਜਿਸ ਨੂੰ ਬਾਇਓਮਾਸ ਪਲਾਟਾਂ ਵਿੱਚ ਬਾਲਣ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ।

Share this Article
Leave a comment