Home / ਓਪੀਨੀਅਨ / ਨੌਦੀਪ ਕੌਰ – ਹਰਿਆਣਾ ਪੁਲਿਸ ਦਾ ਤਸ਼ੱਦਦ, ਕਿਸ ਕਸੂਰ ਦੀ ਭੁਗਤ ਰਹੀ ਹੈ ਸਜ਼ਾ ?

ਨੌਦੀਪ ਕੌਰ – ਹਰਿਆਣਾ ਪੁਲਿਸ ਦਾ ਤਸ਼ੱਦਦ, ਕਿਸ ਕਸੂਰ ਦੀ ਭੁਗਤ ਰਹੀ ਹੈ ਸਜ਼ਾ ?

-ਅਵਤਾਰ ਸਿੰਘ

ਮੀਡੀਆ ਦੀਆਂ ਸੁਰਖੀਆਂ ਬਣੀ ਅਤੇ ਹਰਿਆਣਾ ਪੁਲਿਸ ਦਾ ਤਸ਼ੱਦਦ ਝੱਲ ਰਹੀ ਪੰਜਾਬ ਦੇ ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਦੀ ਕੁੜੀ ਨੌਦੀਪ ਅੱਜ ਕੱਲ੍ਹ ਜੇਲ ਦੀਆਂ ਸਲਾਖਾਂ ਪਿਛੇ ਹੈ। ਇਕ ਦਲਿਤ ਪਰਿਵਾਰ ਨਾਲ ਸੰਬੰਧਤ ਨੌਦੀਪ ਕੌਰ ਬਾਰ੍ਹਵੀਂ ਤੱਕ ਪੜ੍ਹੀ ਹੋਈ ਹੈ। ਮਜ਼ਦੂਰ ਅਧਿਕਾਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ ਨੂੰ ਕਥਿਤ ਜਬਰੀ ਵਸੂਲੀ ਕੇਸ ਵਿੱਚ ਜ਼ਮਾਨਤ ਮਿਲ ਗਈ। ਪਰ ਅਜੇ ਜੇਲ੍ਹ ਵਿੱਚ ਹੀ ਰਹਿਣਾ ਪਏਗਾ ਕਿਉਂਕਿ ਸੈਸ਼ਨ ਕੋਰਟ ਨੇ 12 ਜਨਵਰੀ ਨੂੰ ਦਰਜ ਕੇਸ ਵਿੱਚ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਜਿਸ ਕੇਸ ਵਿੱਚ ਜ਼ਮਾਨਤ ਮਿਲੀ ਉਹ 28 ਦਸੰਬਰ ਨੂੰ ਕੁੰਡਲੀ ਪੁਲੀਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ।

ਉਸ ਦੀ ਭੈਣ ਰਾਜਵੀਰ ਕੌਰ ਦਿੱਲੀ ਯੂਨੀਵਰਸਿਟੀ ਤੋਂ ਪੀਐੱਚ ਡੀ ਕਰ ਰਹੀ ਹੈ। ਰਾਜਵੀਰ ਕੌਰ ਦਾ ਕਹਿਣਾ ਹੈ ਕਿ ਘਰੇਲੂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਪੜ੍ਹਾਈ ਲਈ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਰਾਜਵੀਰ ਕੌਰ ਅਨੁਸਾਰ ਉਸ ਦੀਆਂ ਚਾਰ ਭੈਣਾਂ ਅਤੇ ਦੋ ਭਰਾ ਹਨ। ਉਨ੍ਹਾਂ ਦਾ ਪਿਤਾ ਤੇਲੰਗਾਨਾ ਦੀ ਇੱਕ ਫ਼ੈਕਟਰੀ ਵਿੱਚ ਮਜ਼ਦੂਰੀ ਕਰਦਾ ਹੈ ਅਤੇ ਮਾਤਾ ਪਿੰਡ ਵਿੱਚ ਖੇਤ ਮਜ਼ਦੂਰੀ ਕਰਕੇ ਜ਼ਿੰਦਗੀ ਬਸਰ ਕਰ ਰਹੀ ਹੈ।

ਰਾਜਵੀਰ ਕੌਰ ਨੇ ਦੱਸਿਆ ਕਿ ਉਹ ਦੋਵੇਂ ਭੈਣਾਂ ਕਾਫ਼ੀ ਸਮੇਂ ਤੋਂ ਦਿੱਲੀ ਰਹਿੰਦੀਆਂ ਹਨ। ਨੌਦੀਪ ਕੌਰ ਇੱਕ ਫ਼ੈਕਟਰੀ ਵਿੱਚ ਕੰਮ ਕਰਦੀ ਸੀ। ਉਹ ਫੈਕਟਰੀ ਵਿੱਚ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੀ ਇਕ ਸੰਸਥਾ ਨਾਲ ਜੁੜੀ ਹੋਈ ਹੈ। ਉਹ ਦਿੱਲੀ ਜਾਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਖੇਤ ਮਜ਼ਦੂਰਾਂ ਦੀ ਭਲਾਈ ਵਾਲੇ ਸੰਗਠਨ ਨਾਲ ਕੰਮ ਕਰਦੀ ਸੀ। ਨੌਦੀਪ ਫ਼ੈਕਟਰੀ ਵਿੱਚ ਅਤੇ ਟਰਾਂਸਲੇਸ਼ਨ ਦਾ ਕੰਮ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਪੂਰੀ ਕਰਦੀ ਹੈ। ਰਿਪੋਰਟਾਂ ਮੁਤਾਬਿਕ ਨੌਦੀਪ ਕੌਰ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਅੰਦਰ ਇਕ ਫੈਕਟਰੀ ਵਿੱਚ ਕੰਮ ਕਰਦੀ ਸੀ। ਉਹ ਪਰਵਾਸੀ ਮਜ਼ਦੂਰਾਂ ਨਾਲ ਹੁੰਦੀ ਬੇਇਨਸਾਫ਼ੀ ਖਿਲਾਫ ਆਵਾਜ਼ ਚੁੱਕਦੀ ਸੀ।

ਨੌਦੀਪ ਮਜ਼ਦੂਰ ਅਧਿਕਾਰ ਸੰਘਰਸ਼ (ਐੱਮਏਐੱਸ) ਦੀ ਮੈਂਬਰ ਹੈ ਅਤੇ ਮਜ਼ਦੂਰਾਂ ਦਾ ਮਿਹਨਤਾਨਾ ਦੇਣ ਤੋਂ ਇਨਕਾਰ ਕਰਨ ਵਾਲੀਆਂ ਫੈਕਟਰੀਆਂ ਦੇ ਗੇਟਾਂ ਅੱਗੇ ਧਰਨੇ ਲਗਾਉਣ ਵਿੱਚ ਸਰਗਰਮ ਰਹਿੰਦੀ ਸੀ।

ਕੁੰਡਲੀ ਉਦਯੋਗਿਕ ਖੇਤਰ ਨੇੜੇ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨਾਂ ਵੱਲੋਂ ਧਰਨਾ ਲੱਗਣ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਵੀ ਕਿਸਾਨਾਂ ਦੇ ਹੱਕ ਵਿਚ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨ ਅੰਦੋਲਨ ਦਾ ਸਮਰਥਨ ਕਰਨ ਬਦਲੇ ਉਸ ਨੂੰ ਆਪਣੀ ਨੌਕਰੀ ਗਵਾਉਣੀ ਪਈ।

ਉਸ ਨੂੰ ਹਰਿਆਣਾ ਪੁਲਿਸ ਵੱਲੋਂ ਜਬਰਨ ਪੈਸੇ ਵਸੂਲੀ ਸਬੰਧੀ ਲਾਈਆਂ ਗਈਆਂ ਧਾਰਾਵਾਂ ਬਾਰੇ ਨੌਦੀਪ ਦੀ ਭੈਣ ਰਾਜਵੀਰ ਕੌਰ ਨੇ ਦੱਸਿਆ ਕਿ ਕੇਆਈਏ ਨੇ ਕੁਇੱਕ ਰਿਸਪੌਂਸ ਟੀਮ (ਕਿਊਆਰਟੀ) ਬਣਾਈ ਜੋ ਮਜ਼ਦੂਰਾਂ ਦੁਆਰਾ ਲੰਬਿਤ ਮਜ਼ਦੂਰੀ ਦੇ ਮਾਮਲੇ ਵਿੱਚ ਕਿਸੇ ਵੀ ਧਰਨਾ ਲਾਉਣ ਨੂੰ ਰੋਕਣ ਦਾ ਕੰਮ ਕਰਦੀ ਹੈ। ਉਸ ਅਨੁਸਾਰ 28 ਦਸੰਬਰ ਨੂੰ ਮਜ਼ਦੂਰ ਅਧਿਕਾਰ ਸੰਘਰਸ਼ ਨੇ ਬਕਾਇਆ ਮਜ਼ਦੂਰੀ ਲਈ ਧਰਨਾ ਲਾਇਆ ਹੋਇਆ ਸੀ ਕਿਉਆਰਟੀ ਨੇ ਤਨਖ਼ਾਹ ਦੀ ਮੰਗ ਕਰਦੇ ਮੁਜ਼ਾਹਰਾਕਾਰੀਆਂ ਦੇ ਦਬਾਅ ਨੂੰ ਭੰਗ ਕਰਨ ਲਈ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਇਸ ਮਾਮਲੇ ਦੀ ਸ਼ਿਕਾਇਤ ਸੋਨੀਪਤ ਦੇ ਐੱਸਪੀ ਨੂੰ ਭੇਜੀ ਗਈ ਸੀ ਤਾਂ ਕਿ ਕਿਊਆਰਟੀ ਦੇ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਪਰ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ ਗਿਆ। 12 ਜਨਵਰੀ ਨੂੰ ਜਦੋਂ ਨੌਦੀਪ ਮਜ਼ਦੂਰ ਅਧਿਕਾਰ ਸੰਘਰਸ਼ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਕੇਆਈਏ ਦੇ ਅੰਦਰ ਇੱਕ ਫੈਕਟਰੀ ਦੇ ਬਾਹਰ ਧਰਨਾ ਦੇ ਰਹੇ ਸੀ ਤਾਂ ਪੁਲਿਸ ਅਫਸਰਾਂ ਨੇ ਪਹੁੰਚ ਕੇ ਨੌਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਨੌਦੀਪ ਦੀ ਭੈਣ ਨੇ ਦੋਸ਼ ਲਗਾਇਆ ਕਿ ਉਸ ਨੂੰ ਮਰਦ ਪੁਲਿਸ ਮੁਲਾਜ਼ਮਾ ਨੇ ਗ੍ਰਿਫ਼ਤਾਰ ਕੀਤਾ। ਮਰਦ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਸਰੀਰ ਦੇ ਅੰਦਰੂਨੀ ਹਿੱਸਿਆਂ ‘ਤੇ ਬੇਰਹਿਮੀ ਨਾਲ ਠੁੱਡੇ ਮਾਰੇ। 24 ਸਾਲਾ ਨੌਦੀਪ ਕੌਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹੈ, ਉਸ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਮਜ਼ਦੂਰਾਂ ਖਿਲਾਫ ਹੋ ਰਹੀ ਬੇਇਨਸਾਫ਼ੀ ਦੀ ਆਵਾਜ਼ ਬੁਲੰਦ ਕਰਦੀ ਸੀ। ਹਰਿਆਣਾ ਪੁਲਿਸ ਵੱਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਸੀ। ਉਧਰ ਨੌਦੀਪ ਦੇ ਪਰਿਵਾਰਕ ਮੈਂਬਰ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਰਹੇ ਹਨ।

ਨੌਦੀਪ ਨਾਲ ਹੋ ਰਹੀ ਬੇਇਨਸਾਫ਼ੀ ਦੀ ਦੁਨੀਆਂ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ। ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਸਮੇਤ ਦੇਸ-ਵਿਦੇਸ਼ ਦੀਆਂ ਕਈ ਹਸਤੀਆਂ ਉਸ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਰਾਹੀਂ ਸਰਗਰਮ ਹਨ। ਮੀਨਾ ਹੈਰਿਸ ਵੱਲੋਂ ਨੌਦੀਪ ਕੌਰ ਨਾਲ ਪੁਲਿਸ ਹਿਰਾਸਤ ਵਿੱਚ ਸਰੀਰਕ ਤੇ ਜਿਨਸੀ ਸੋਸ਼ਣ ਹੋਣ ਬਾਰੇ ਟਵੀਟ ਕੀਤਾ ਸੀ। ਯੂਕੇ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਨੌਦੀਪ ਬਾਰੇ ਟਵੀਟ ਕਰਕੇ ਉਸ ਦੀ ਗ੍ਰਿਫ਼਼ਤਾਰੀ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਅਜਿਹੀਆਂ ਸਾਜਿਸ਼ਾਂ ਦੇ ਸ਼ਿਕਾਰ ਕਿਸਾਨ ਅੰਦੋਲਨ ਵਿੱਚ ਬੈਠੇ ਹੋਰ ਵੀ ਕਈ ਲੋਕ ਸ਼ਾਮਿਲ ਹਨ।

Check Also

ਸ਼ਿਵ ਕੁਮਾਰ ਨੇ ਕਿਸ ਗ਼ਮ ਵਿੱਚ ਲਿਖੀ ਸੀ ਕਵਿਤਾ “ਸ਼ਿਕਰਾ” !

-ਅਵਤਾਰ ਸਿੰਘ (ਸ਼ਰਧਾਂਜਲੀ) ਪੰਜਾਬੀ ਦੇ ਲੇਖਕ ਸੰਤ ਸਿੰਘ ਸੇਖੋਂ ਅਨੁਸਾਰ, “ਸ਼ਿਵ ਕੁਮਾਰ ਦੇ ਦੁਖ ਉਥੋਂ …

Leave a Reply

Your email address will not be published. Required fields are marked *