ਲੁਧਿਆਣਾ ਜੇਲ੍ਹ ਫਾਇਰਿੰਗ, ਡੀਐਸਪੀ ਤੇ 4 ਪੁਲਿਸ ਮੁਲਾਜ਼ਮਾਂ ਸਣੇ 10 ਲੋਕ ਜ਼ਖਮੀ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

TeamGlobalPunjab
3 Min Read

ਲੁਧਿਆਣਾ : ਅੱਜ ਲੁਧਿਆਣਾ ਦੀ ਕੇਂਦਰੀ ਜੇਲ੍ਹ ਅੰਦਰ ਹੋਈ ਖੂਨੀ ਝੜੱਪ ਦੌਰਾਨ ਕੁੱਲ 5 ਕੈਦੀ, ਜੇਲ੍ਹ ਵਿਭਾਗ ਦਾ ਇੱਕ ਡੀਐਸਪੀ ਅਤੇ 4 ਪੁਲਿਸ ਮੁਲਾਜ਼ਮਾਂ ਸਣੇ 10 ਲੋਕਾਂ ਦੇ ਜਖਮੀ ਹੋਣ ਦੀਆਂ ਸੂਚਨਾਵਾਂ ਹਾਸਲ ਹੋਈਆਂ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅੱਗਰਵਾਲ ਨੇ ਦੱਸਿਆ ਕਿ ਫਿਲਹਾਲ ਜੇਲ੍ਹ ਅੰਦਰ ਹਾਲਾਤ ਕਾਬੂ ਹੇਠ ਹਨ ਤੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਾਰੇ ਮਾਮਲੇ ਦੌਰਾਨ ਕਿਤੇ ਕੋਈ ਕੈਦੀ ਫਰਾਰ ਤਾਂ ਨਹੀਂ ਹੋਗਿਆ। ਇਸ ਤੋਂ ਇਲਾਵਾ ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਸ ਦੌਰਾਨ ਕੋਈ ਕੈਦੀ ਜਾਂ ਹਵਾਲਾਤੀ ਜੇਲ੍ਹ ਅੰਦਰ ਜਖਮੀ ਹਾਲਤ ਵਿੱਚ ਨਾ ਪਿਆ ਹੋਵੇ। ਅੱਗਰਵਾਲ ਅਨੁਸਾਰ ਇਸ ਮਾਮਲੇ ਦੀ ਨਿਆਇਕ ਜਾਂਚ ਲਈ ਐਸਡੀਐਮ ਲੁਧਿਆਣਾ ਦੀ ਡਿਊਟੀ ਲਗਾ ਦਿੱਤੀ ਗਈ ਹੈ। ਜੋ ਕਿ ਬਹੁਤ ਜਲਦ ਇਸ ਦੀ  ਰਿਪੋਰਟ ਪੇਸ਼ ਕਰਨਗੇ। ਉੱਧਰ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦੱਸਿਆ ਕਿ ਇੱਕ ਕੈਦੀ ਦੀ ਮੌਤ ਤੋਂ ਬਾਅਦ ਇਹ ਝਗੜਾ ਸ਼ੁਰੂ ਹੋਇਆ ਸੀ ਜਿਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅੱਗਰਵਾਲ ਨੇ ਦੱਸਿਆ ਕਿ ਜੇਲ੍ਹ ਵਿੱਚ ਮਾਹੌਲ ਇਸ ਲਈ ਖਰਾਬ ਹੋਇਆ ਕਿਉਂਕਿ ਇੱਥੇ ਬੰਦ ਇੱਕ ਕੈਦੀ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਜਿਸ ਨੂੰ ਇਲਾਜ ਲਈ ਪਹਿਲਾਂ ਲੁਧਿਆਣਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਜਿੱਥੋਂ ਉਸ ਕੈਦੀ ਦੀ ਹਾਲਤ ਖਰਾਬ ਹੁੰਦਿਆਂ ਦੇਖ ਉਸ ਨੂੰ ਇਲਾਜ ਲਈ ਅੱਗੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਅਨੁਸਾਰ ਪਟਿਆਲਾ ਪਹੁੰਚ ਕੇ ਉਸ ਕੈਦੀ ਦੀ ਮੌਤ ਹੋ ਗਈ ਤੇ ਇਹ ਗੱਲ ਪਤਾ ਲੱਗਣ ਤੋਂ ਬਾਅਦ ਜੇਲ੍ਹ ਅੰਦਰ ਬੰਦ ਕੈਦੀ ਤੇ ਹਵਾਲਾਤੀ ਭੜ੍ਹਕ ਪਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੇਲ੍ਹ ਦੇ 5 ਕੈਦੀ ਜੇਲ੍ਹ ਵਿਭਾਗ ਦਾ ਇੱਕ ਡੀਐਸਪੀ ਅਤੇ ਪੰਜਾਬ ਪੁਲਿਸ ਦੇ 4 ਮੁਲਾਜ਼ਮ ਜ਼ਖਮੀ ਹੋਏ ਹਨ, ਜਿਨ੍ਹਾਂ ਸਾਰਿਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਅਨੁਸਾਰ ਲੁਧਿਆਣਾ ਜੇਲ੍ਹ ਅੰਦਰ 31 ਸੌ ਦੇ ਕਰੀਬ ਕੈਦੀ ਬੰਦ ਹਨ ਜਿਨ੍ਹਾਂ ਵਿੱਚੋਂ ਉਨ੍ਹਾਂ ਪਤਾ ਲੱਗਾ ਹੈ ਕਿ ਕਈ ਕੈਦੀਆ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ। ਪ੍ਰਦੀਪ ਕੁਮਾਰ ਅੱਗਰਵਾਲ ਨੇ ਦੱਸਿਆ ਕਿ ਇਨ੍ਹਾਂ ਝੜਪਾਂ ਦੌਰਾਨ ਕੈਦੀਆਂ ਨੇ ਜੇਲ੍ਹ ਦੀ ਰਸੋਈ ਨੂੰ ਹਥਿਆਰ ਵਾਂਗ ਵਰਤਿਆ ਤੇ ਉਨ੍ਹਾਂ ਨੇ ਰਸੋਈ ਅੰਦਰ ਪਏ ਗੈਸ ਸਿਲੰਡਰਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਤ ਬੇਕਾਬੂ ਹੁੰਦਿਆਂ ਦੇਖ ਪੁਲਿਸ ਅਤੇ ਜੇਲ੍ਹ ਵਿਭਾਗ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਤੇ ਬੈਰਕ-ਦਰ-ਬੈਰਕ ਕੈਦੀਆਂ ਅਤੇ ਹਵਾਲਾਤੀਆਂ ਨੂੰ ਬੈਰਕਾਂ ਅੰਦਰ ਧੱਕਿਆ ਗਿਆ ਤੇ ਇੰਝ ਸਾਢੇ 11 ਵਜੇ ਸ਼ੁਰੂ ਹੋਏ ਇਸ ਆਪ੍ਰੇਸ਼ਨ ਨੂੰ 2 ਘੰਟਿਆ ਵਿੱਚ ਮੁਕੰਮਲ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਸਾਰੇ ਕੈਦੀਆਂ ਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਬੈਰਕਾਂ ਅੰਦਰ ਡੱਕ ਦਿੱਤਾ ਗਿਆ ਹੈ ਤੇ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦੌਰਾਨ ਕਿੰਨਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।

Share this Article
Leave a comment