ਲੀਚੀਆਂ ਬਣੀਆਂ ਘਾਤਕ, 160 ਬੱਚਿਆਂ ਦੀ ਲੈ ਲਈ ਜਾਨ, ਮਾਪੇ ਸਾਵਧਾਨ!

TeamGlobalPunjab
6 Min Read

ਚੰਡੀਗੜ੍ਹ : ਸਿਹਤ ਵਿਗਿਆਨ ਕਹਿੰਦਾ ਹੈ ਕਿ ਅਨਾਜ ਦਾਲਾਂ ਅਤੇ ਖਾਣ-ਪੀਣ ਦੀਆਂ ਹੋਰ ਵਸਤਾਂ ਦੇ ਨਾਲ ਨਾਲ ਮਨੁੱਖ ਦੀ ਸਿਹਤ ਲਈ ਫਲ ਫਰੂਟ ਸਭ ਤੋਂ ਉੱਤਮ ਖਾਣਾ ਹੈ। ਇੱਥੋਂ ਤੱਕ ਕਿ ਕਈ ਲੋਕ ਅਨਾਜ਼ ਜਾਂ ਹੋਰ ਕੁਝ ਖਾਂਦੇ ਹੀ ਨਹੀਂ ਹਨ ਸਿਰਫ ਫਲ ਫਰੂਟ ਦੇ ਸਹਾਰੇ ਹੀ ਧਰਤੀ ‘ਤੇ ਜਿੰਦਾ ਹਨ। ਇੱਥੋਂ ਤੱਕ ਕਿ ਜਦੋਂ ਕਦੇ ਕੋਈ ਮਨੁੱਖ ਬਿਮਾਰ ਹੁੰਦਾ ਹੈ ਤਾਂ ਡਾਕਟਰ ਵੀ ਉਸ ਨੂੰ ਵੱਧ ਵੱਧ ਫਲ ਜਾਂ ਫਲਾਂ ਦੇ ਜੂਸ ਪੀਣ ਦੀ ਸਲਾਹ ਦਿੰਦੇ ਹਨ। ਪਰ ਅਜਿਹੇ ਵਿੱਚ਼ ਜੇਕਰ ਕੋਈ ਫਲ ਤੁਹਾਡੀ ਜਾਂ ਤੁਹਾਡੇ ਬੱਚਿਆਂ ਲਈ ਜਾਨਲੇਵਾ ਹੋਵੇ ਤੇ ਚਾਰੇ ਪਾਸੇ ਲੋਕ ਉਸ ਫਲ ਨੂੰ ਖਾ-ਖਾ ਕੇ ਮਰ ਰਹੇ ਹੋਣ ਤਾਂ ਜਾਂ ਤਾਂ ਤੁਸੀਂ ਕਹੋਗੇ ਕਿ ਇੱਦੂੰ ਤਾਂ ਅਸੀ ਭੁੱਖੇ ਹੀ ਚੰਗੇ ਜਾਂ ਫਿਰ ਕਹੋਂਗੇ ਕਿ ਭਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ। ਅਸੀਂ  ਤਾਂ ਅਜਿਹੇ ਫਲ ਫਰੂਟ ਤੋਂ ਬਿਨਾਂ ਹੀ ਚੰਗੇ ਹਾਂ। ਅਜਿਹਾ ਹੀ ਇੱਕ ਫਲ ਹੈ ਲੀਚੀ ਜਿਹੜਾ ਕਿ ਅੱਜ ਕੱਲ੍ਹ ਬੇਹੱਦ ਚਰਚਾ ਵਿੱਚ ਆ ਚੁੱਕਿਆ ਹੈ। ਗਰਮੀਆਂ ਦੇ ਇਸ ਤੋਹਫੇ ਫਲ ਲੀਚੀ ਨੂੰ ਹਰ ਕੋਈ ਸ਼ੌਕ ਨਾਲ ਖਾਂਦਾ ਹੈ। ਪਰ ਕੀ ਤੁਸੀ ਅੰਦਾਜ਼ਾ ਲਗਾ ਸਕਦੇ ਹੋ ਕਿ ਲੀਚੀ ਖਾਣਾ ਜਾਨਲੇਵਾ ਵੀ ਹੋ ਸਕਦਾ ਹੈ। ਜੀ ਹਾਂ ਇਹ ਝੂਠ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇੰਨੀ ਦਿਨੀਂ ਬਿਹਾਰ ਦੇ ਮੁਜ਼ੱਫਰ ਨਗਰ ਇਲਾਕਿਆਂ ‘ਚ ਚਮਕੀ ਬੁਖਾਰ ਦਾ ਕਹਿਰ ਲਗਾਤਾਰ ਜਾਰੀ ਹੈ ਜਿਸਦੇ ਚਲਦਿਆਂ ਹੁਣ ਤੱਕ 160 ਕੇ ਕਰੀਬ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਇਸ ਬੀਮਾਰੀ ਕਾਰਨ ਬਾਕੀ ਸੂਬਿਆਂ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਕੇਂਦਰ ਸਰਕਾਰ ਵੱਲੋਂ ਵੀ ਵਿਸ਼ੇਸ਼ ਤੌਰ ‘ਤੇ ਪੰਜ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁਖਾਰ ਲੀਚੀ ਖਾਣ ਦੇ ਨਾਲ ਹੁੰਦਾ ਹੈ।

ਇਸ ਸੰਬੰਧੀ ਲੁਧਿਆਣਾ ਤੋਂ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਅਤੇ ਸਾਬਕਾ ਐਸਐਮਓ ਡਾ ਕਰਮਵੀਰ ਗੋਇਲ ਦਾ ਕੀ ਕਹਿਣਾ ਹੈ ਕਿ ਇਹ ਬੁਖਾਰ ਬਿਹਾਰ ਦੇ ਮੁਜ਼ੱਫਰ ਨਗਰ ਬਗੈਰਾ ਉਨ੍ਹਾਂ ਇਲਾਕਿਆਂ ਵਿੱਚ ਜਿਆਦਾ ਫੈਲ ਰਿਹਾ ਹੈ ਜਿੱਥੇ ਲੀਚੀ ਦੀ ਪੈਦਾਵਾਰ ਜਿਆਦਾ ਹੁੰਦੀ ਹੈ ਅਤੇ ਇਹ ਫਲ ਉੱਥੇ ਅਸਾਨੀ ਨਾਲ ਮਿਲ ਜਾਂਦਾ ਹੈ। ਉੱਥੇ ਲੀਚੀ ਦੀ ਖਪਤ ਜਿਆਦਾ ਹੈ ਤੇ ਬੱਚੇ ਲੀਚੀ ਤਾਂ ਖਾ ਲੈਂਦੇ ਹਨ, ਪਰ ਇਸ ਤੋਂ ਇਲਾਵਾ ਸਹੀ ਖੁਰਾਕ ਨਹੀਂ ਲੈਂਦੇ, ਤੇ ਸੌਂ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੀਚੀ ਅੰਦਰ ਇੱਕ ਅਜਿਹਾ ਰਸਾਇਣ ਹੁੰਦਾ ਹੈ, ਜਿਸ ਨੂੰ ਮਿਥੋਲਾਇਨ ਸਾਈਕਲੋ ਪਰੋਪਾਇਲ ਗਲਾਈਸਰੀਨ (ਐਮਸੀਪੀਜੀ) ਕਿਹਾ ਜਾਂਦਾ ਹੈ। ਡਾ. ਗੋਇਲ ਅਨੁਸਾਰ ਇਸ ਰਸਾਇਣ ਦੇ ਸਰੀਰ ਵਿੱਚ ਜਾਣ ਨਾਲ ਇਨਸਾਨ ਦੀ ਸ਼ੂਗਰ ਘਟ ਜਾਂਦੀ ਹੈ। ਜਿਸ ਨਾਲ ਦਿਮਾਗ ਅੰਦਰ ਸੋਜ ਆ ਜਾਂਦੀ ਹੈ। ਜਿਸ ਨੂੰ ਡਾਕਟਰੀ ਭਾਸ਼ਾ ਵਿੱਚ ਐਕਿਊਟ ਐਂਕਰਫ੍ਰਾਇਟਸ ਸਿੰਡਰੋਮ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬੁਖਾਰ ਨਾਲ ਬੱਚੇ ਨੂੰ ਬੇਹੋਸ਼ੀ ਹੋ ਜਾਂਦੀ ਹੈ, ਤੇ ਦਿਮਾਗ ਵਿੱਚ ਸੋਜਿਸ਼ ਹੋਣ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਬੱਚੇ ਦੀ ਮੌਤ ਹੋ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਖੇਤੀ ਪ੍ਰਵਾਸੀ ਮਜਦੂਰਾਂ ਤੋਂ ਕਰਵਾਈ ਜਾਂਦੀ ਹੈ ਜਿਸ ਕਾਰਨ ਬਿਹਾਰ ਤੋਂ ਵੀ ਇੰਨੀ ਦਿਨੀਂ ਪ੍ਰਵਾਸੀ ਮਜਦੂਰ ਝੋਨੇ ਦੀ ਬਿਜਾਈ ਕਰਨ ਹਜ਼ਾਰਾਂ ਦੀ ਤਦਾਦ ਵਿੱਚ ਪੰਜਾਬ ਆਏ ਹਨ। ਇਸ ਲਈ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕਰਨ ਦੀ ਲੋੜ ਹੈ ਕਿ ਕੋਈ ਵੀ ਅਜਿਹਾ ਬੱਚਾ ਜੋ ਕਮਜੋਰ ਹੈ  ਤੇ ਉਹ ਲੀਚੀ ਖਾਂਦਾ ਹੈ ਤੇ ਸ਼ਾਮ ਨੂੰ ਕੁਝ ਖਾਂਦਾ ਪੀਂਦਾ ਨਹੀਂ ਹੈ ਤੇ  ਅਗਲੇ ਦਿਨ ਉਸ ਬੱਚੇ ਨੂੰ ਬੁਖਾਰ ਹੋ ਜਾਂਦਾ ਹੈ ਤੇ ਬੱਚਾ ਨਿਢਾਲ ਪੈ ਜਾਂਦਾ ਹੈ ਜਾਂ ਉਹ ਅਰਧ ਬੇਹੋਸ਼ੀ ਜਾਂ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਹੈ ਤਾਂ ਉਨ੍ਹਾਂ ਹਾਲਾਤਾਂ ਵਿੱਚ ਚਮਕੀ ਬੁਖਾਰ ਨੂੰ ਧਿਆਨ ‘ਚ ਰੱਖ ਕੇ ਉਸ ਬੱਚੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣਾ ਚਾਹੀਦਾ ਹੈ, ਤਾਂ ਕਿ ਇਸ ਚੀਜ਼ ਤੋਂ ਬਚਿਆ ਜਾ ਸਕੇ ਕਿ ਉਹ ਹਾਲਤ ਨਾ ਆਵੇ ਕਿ ਡਾਕਟਰ ਕੋਲ ਪਹੁੰਚਣ ਤੋਂ ਬਾਅਦ ਵੀ ਇਲਾਜ਼ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਬੱਚੇ ਦੀ ਹਾਲਤ ਵਿਗੜਨ ਤੋਂ 2 ਘੰਟੇ ਦੇ ਵਿੱਚ ਵਿੱਚ ਉਸ ਨੂੰ ਡਾਕਟਰ ਕੋਲ ਲਿਜਾਣਾ ਜਰੂਰ  ਹੈ ਤਾਂ ਕਿ ਉਸ ਨੂੰ ਗੁਲੂਕੋਜ ਲਗਾ ਕੇ ਮਰੀਜ਼ ਦਾ ਸ਼ੂਗਰ ਲੈਵਲ ਵਧਾਇਆ ਜਾ ਸਕੇ, ਤਾਂ ਕਿ ਦਿਮਾਗ ਨੂੰ ਸਹੀ ਢੰਗ ਨਾਲ ਖੁਰਾਕ ਜਾਵੇ ਤੇ ਦਿਮਾਗ ‘ਤੇ ਅਸਰ ਨਾ ਪਵੇ। ਇਸ ਨਾਲ ਬੱਚੇ ਦੀ ਜਾਨ ਬਚਾ ਕੇ ਇਸ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾਇਆ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਲੀਚੀ ਖਾਣ ਨਾਲ ਕੋਈ ਡਰ ਨਹੀਂ ਹੈ। ਪਰ ਲੀਚੀ ਖਾਣ ਤੋਂ ਬਾਅਦ ਮਾਂ-ਬਾਪ ਇਹ ਪੱਕਾ ਕਰਨ ਕਿ ਬੱਚਾ ਭੁੱਖਾ ਪੇਟ ਨਾ ਸੌਂਵੇ। ਡਾ. ਕਰਮਵੀਰ ਗੋਇਲ ਅਨੁਸਾਰ ਇੰਝ ਇਸ ਨਾਮੁਰਾਦ ਬਿਮਾਰੀ ਦੀ ਸ਼ੁਰੂਆਤ ਤੋਂ ਹੀ ਬਚਿਆ ਜਾ ਸਕਦਾ ਹੈ।

ਇੱਧਰ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਲੀਚੀ ਦਾ ਛਿਲਕਾ ਉਤਾਰਣ ਤੋਂ ਬਾਦ ਲੀਚੀ ਅੰਦਰ ਇਕ ਕੀੜਾ ਬੁਲ-ਬੁਲ ਕਰਕੇ ਚਲਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਕੀੜਾ ਦੇਖਣ ‘ਚ ਬਿਲਕੁਲ ਲੀਚੀ ਦੇ ਅੰਦਰਲੇ ਹਿੱਸੇ ਵਰਗਾ ਹੈ ਜਿਸ ਦੀ ਪਹਿਚਾਣ ਕਰਨਾ ਮੁਸ਼ਕਿਲ ਹੈ। ਪਰ ਦੱਸ ਦਈਏ ਕਿ ਇਹ ਕੀੜਾ ਸ਼ਰੀਰ ਦੇ ਅੰਦਰ ਜਾ ਕੇ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਲੀਚੀ ਖਾਣ ਦੇ ਸ਼ੌਕੀਨ ਹੋ ਤਾਂ ਫਿਲਹਾਲ ਲੀਚੀ ਖਾਣ ਤੋਂ ਪਹਿਲਾਂ ਇਨ੍ਹਾਂ ਚੀਜਾਂ ਦਾ ਜਰੂਰ ਧਿਆਨ ਦਿਓ ਤਾਂ ਕਿ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਸਿਹਤ ਸੰਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ।

- Advertisement -

Share this Article
Leave a comment