ਮੁੰਡਿਆਂ ਨੇ ਹਲਵਾਈ ਦਾ ਬਣਾ ਤਾ ਖੋਆ, ਵਿਆਹ ‘ਚ ਕਰਤਾ ਵੱਡਾ ਕਾਰਾ? ਹਲਵਾਈਆਂ ‘ਚ ਸਹਿਮ ਦਾ ਮਾਹੌਲ

TeamGlobalPunjab
3 Min Read

ਅੰਮ੍ਰਿਤਸਰ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਸੀਸੀਟੀਵੀ ‘ਚ ਕੈਦ ਕੁਝ ਤਸਵੀਰਾਂ ਬੜੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਦੁਕਾਨਦਾਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਦਰਅਸਲ ਵਾਇਰਲ ਹੋ ਰਹੀਆਂ ਇਹ ਵੀਡੀਓ ਤਸਵੀਰਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਅਮਨ ਅਵੈਨਿਯੂ ਦੀਆਂ ਹਨ ਜਿੰਨ੍ਹਾਂ ‘ਚ ਸਾਫ ਦਿਖਾਈ ਦਿੰਦਾ ਹੈ ਕਿ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਇੱਕ ਦੁਕਾਨ ‘ਚ ਵੜ ਕੇ ਦੁਕਾਨਦਾਰ (ਜਿਸ ਦਾ ਨਾਮ ਸੋਨੂੰ ਦੱਸਿਆ ਜਾ ਰਿਹਾ ਹੈ) ਨੂੰ ਬਾਹਰ ਖਿੱਚ ਲਿਆਉਂਦੇ ਹਨ। ਇਸ ਤੋਂ ਬਾਅਦ ਇਨ੍ਹਾਂ ਹਮਲਾਵਰ ਦਿਖਾਈ ਦੇ ਰਹੇ ਨੌਜਵਾਨਾਂ ਨਾਲ ਕੁੱਝ ਹੋਰ ਲੋਕ ਵੀ ਸੋਨੂੰ ਨਾਲ ਕੁੱਟਮਾਰ ਕਰਨ ਲੱਗ ਪੈਂਦੇ ਹਨ।  ਵੀਡੀਓ ‘ਚ ਸੋਨੂੰ ਦੀ ਹੋ ਰਹੀ ਖਿੱਚ ਧੂਹ ਅਤੇ ਕੁੱਟਮਾਰ ਸਾਫ ਦੇਖੀ ਜਾ ਸਕਦੀ ਹੈ।

ਇਸ ਸਬੰਧ ਵਿੱਚ ਪੜਤਾਲ ਕਰਨ ‘ਤੇ ਪਤਾ ਲੱਗਾ ਹੈ ਕਿ ਸੋਨੂੰ ਨਾਮ ਦਾ ਕੁੱਟ ਖਾ ਰਿਹਾ ਵਿਅਕਤੀ ਹਲਵਾਈ ਦਾ ਕੰਮ ਕਰਦਾ ਹੈ। ਜਿਸ ਬਾਰੇ ਸੋਨੂੰ ਦੱਸਦਾ ਹੈ ਕਿ ਉਸ ਨੇ 14 ਜੁਲਾਈ ਨੂੰ ਅਨਵਰ ਨਾਮ ਦੇ ਵਿਅਕਤੀ ਦੇ ਘਰ ਵਿਆਹ ‘ਤੇ ਮਿਠਾਈ ਬਣਾਉਣ ਦਾ ਆਰਡਰ ਲਿਆ ਸੀ ਅਤੇ ਉਹ ਉੱਥੇ ਸਮੇਂ ਸਿਰ ਪਹੁੰਚਣ ਵਿੱਚ ਨਾਕਾਮ ਰਿਹਾ। ਜਿਸ ਕਾਰਨ ਇਨ੍ਹਾਂ ਲੋਕਾਂ ਨੇ ੳਸ ਦਾ ਕੁੱਟ ਕੁੱਟ ਕੇ ਇਹ ਹਾਲ ਕਰ ਦਿੱਤਾ। ਇੰਨਾ ਹੀ ਨਹੀਂ ਦੋਸ਼ ਹੈ ਕਿ ਇਨ੍ਹਾਂ ਹਮਲਾਵਰਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੂੰ ਨੇ ਦੋਸ਼ ਲਾਇਆ ਕਿ ਇਸ ਕੁੱਟਮਾਰ ਦੌਰਾਨ  ਹਮਲਾਵਰਾਂ ਨੇ ਉਸ ਦੇ ਕੰਨਾਂ ਵਿੱਚ ਪਾਈਆਂ ਮੁੰਦਰਾਂ ਵੀ ਉਤਾਰ ਲਈਆਂ ਅਤੇ ਉਨ੍ਹਾਂ ਲੋਕਾਂ ਨੇ ਕੜੇ ਮਾਰ ਮਾਰ ਕੇ ਉਸ ਸਿਰ ਪਾੜ ਦਿੱਤਾ । ਪੀੜਤ ਸੋਨੂੰ ਨੇ ਇਨਸਾਫ ਦੀ ਮੰਗ ਕੀਤੀ ਹੈ।

ਉੱਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੀੜਤ ਦੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਕੁੱਲ ਮਿਲਾ ਕੇ ਮਾਮਲਾ ਭਾਵੇਂ ਮਾਮੂਲੀ ਕੁੱਟਮਾਰ ਦਾ ਹੈ ਪਰ ਕੰਮ ‘ਤੇ ਪਹੁੰਚਣ ਤੋਂ ਲੇਟ ਹੋਣ ਵਰਗੀ ਮਾਮੂਲੀ ਜਿਹੀ ਗੱਲ ‘ਤੇ  ਇਸ ਗਰੀਬ ਹਲਵਾਈ ਦਾ ਜਿਸ ਤਰ੍ਹਾਂ ਕੁੱਟ ਕੁੱਟ ਖੋਆ ਕੱਢਿਆ ਗਿਆ ਹੈ ਉਸ ਨੇ ਇਲਾਕੇ ਦੇ ਹਲਵਾਈਆਂ ਅੰਦਰ ਸਹਿਮ ਜਰੂਰ ਪੈਦਾ ਕੀਤਾ ਹੈ।

 

- Advertisement -

Share this Article
Leave a comment