ਮੁਹਾਲੀ ‘ਚ ਇਮਾਰਤ ਡਿੱਗਣ ਨਾਲ ਇੱਕ ਦੀ ਮੌਤ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼

TeamGlobalPunjab
3 Min Read

ਚੰਡੀਗੜ੍ਹ : ਕੱਲ ਖਰੜ ਹਾਈਵੇਅ ‘ਤੇ ਡਿੱਗੀ ਤਿੰਨ ਮੰਜ਼ਿਲਾ ਇਮਾਰਤ ਜਿਸ ‘ਚ ਇੱਕ ਜੇਸੀਬੀ ਚਾਲਕ ਦੀ ਮੌਤ ਹੋ ਗਈ ਸੀ ਤੇ ਤਿੰਨ ਹੋਰ ਵਿਅਕਤੀ ਮਲਬੇ ‘ਚੋਂ ਕੱਢੇ ਗਏ ਸਨ। ਇਸ ਹਾਦਸੇ ਦੀ ਜਾਂਚ ਪੜਤਾਲ ਨੂੰ ਅੱਗੇ ਵਧਾਉਣ ਦੇ ਆਦੇਸ਼ ਮੁੱਖ ਮੰਤਰੀ ਵੱਲੋਂ ਦੇ ਦਿੱਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਮੁਹਾਲੀ ਗਿਰੀਸ਼ ਦਿਆਲਨ ਕੋਲੋਂ ਇਸ ਘਟਨਾ ਦੀ ਪੂਰੀ ਰਿਪੋਰਟ ਮੰਗੀ ਹੈ।

ਕੱਲ ਰਾਤ ਤਕਰੀਬਨ 10.30 ਵਜੇ ਰੈਸਕਿਊ (ਰਾਹਤ ਤੇ ਬਚਾਅ) ਆਪਰੇਸ਼ਨ ਬੰਦ ਕਰ ਦਿੱਤਾ ਗਿਆ ਸੀ ਤੇ ਐਨਡੀਆਰਐੱਫ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਕੋਈ ਵੀ ਵਿਅਕਤੀ ਮਲਬੇ ਹੇਠਾਂ ਦਬਿਆ ਹੋਇਆ ਨਹੀਂ ਹੈ।

ਅੱਜ ਸਵੇਰੇ ਇਸ ਬਾਬਤ ਗਲੋਬਲ ਪੰਜਾਬ ਟੀਵੀ ਦੀ ਐਡੀਟਰ ਬਿੰਦੂ ਸਿੰਘ ਨੇ ਜਦੋਂ ਐੱਸਡੀਐੱਮ ਮੁਹਾਲੀ ਹਿਮਾਂਸ਼ੂ ਜੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਪੂਰੀ ਤਫਤੀਸ਼ ਤੋਂ ਬਾਅਦ ਪ੍ਰਸ਼ਾਸਨ ਤੇ ਐੱਨਡੀਆਰਐੱਸ ਦੀ ਟੀਮ ਇਸ ਨਤੀਜੇ ‘ਤੇ ਪਹੁੰਚੀ ਸੀ ਕਿ ਮਲਬੇ ਹੇਠਾਂ ਹੁਣ ਕੋਈ ਵੀ ਵਿਅਕਤੀ ਦੱਬਿਆ ਹੋਇਆ ਨਹੀਂ ਹੈ। ਇਸ ਕਰਕੇ ਰਾਤ ਨੂੰ ਮਲਬਾ ਚੁੱਕਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਜਦੋਂ ਪੁਛਿਆ ਗਿਆ ਕਿ ਅੱਜ ਦੁਬਾਰਾ ਘਟਨਾ ਵਾਲੀ ਥਾਂ ਤੋਂ ਮਲਬਾ ਹਟਾਉਣ ਦਾ ਕੰਮ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਜਾਏਗਾ ਤਾਂ ਉਨ੍ਹਾਂ ਨੇ ਕਿਹਾ ਕੀ ਮਲਬਾ ਹਟਾਉਣ ਦਾ ਕੰਮ ਇੱਕ ਵਾਰ ਫਿਰ ਤੋਂ ਸ਼ੁਰੂ ਕੀਤਾ ਜਾਏਗਾ ਤਾਂ ਜੋ ਇਮਾਰਤ ਦੇ ਡਿੱਗਣ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਇਮਾਰਤ ਦੇ ਮਾਲਕ ਜਾਂ ਫਿਰ ਹੋਰ ਕਿਸੇ ਵਿਅਕਤੀ ‘ਤੇ ਇਸ ਮਾਮਲੇ  ‘ਚ ਕੋਈ ਕੇਸ ਦਰਜ ਕੀਤਾ ਗਿਆ ਹੈ ਜਾਂ ਕੋਈ ਕਾਰਵਾਈ ਕੀਤੀ ਗਈ ਹੈ ਤਾਂ ਜਵਾਬ ‘ਚ ਉਨ੍ਹਾਂ ਕਿਹਾ ਕਿ ਇਮਾਰਤ ਮਾਲਕਾਂ ਨੂੰ ਰਾਤ ਹੀ ਥਾਣੇ ਤਲਬ ਕਰਕੇ ਉਨ੍ਹਾਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

- Advertisement -

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਮਾਰਤ ਦੇ ਮਾਲਕਾਂ ਤੋਂ ਇਹ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਨ੍ਹਾਂ 4 ਵਿਅਕਤੀਆਂ ਦੇ ਇਲਾਵਾ ਕੋਈ ਹੋਰ ਮਲਬੇ ਹੇਠਾਂ ਦੱਬਿਆ ਹੋ ਸਕਦਾ ਹੈ ਜਾਂ ਨਹੀਂ। ਇਸ ਮਾਮਲੇ ‘ਚ ਮਾਲਕਾਂ ਵੱਲੋਂ ਹੋਰ ਕੋਈ ਵਿਅਕਤੀ ਦਾ ਦੱਬੇ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ।

ਐੱਸਡੀਐੱਮ ਜੈਨ ਨੇ ਕਿਹਾ ਕਿ ਇਸ ਹਾਦਸੇ ਦੀ ਪੂਰੀ ਘੋਖ ਪੜਤਾਲ ਕੀਤੀ ਜਾਵੇਗੀ ਤੇ ਇਮਾਰਤ ‘ਤੇ ਟੈਲੀਫੋਨ ਕੰਪਨੀਆਂ ਦੇ ਜੋ ਦੋ ਟਾਵਰ ਲੱਗੇ ਹੋਏ ਸਨ ਉਨ੍ਹਾਂ ਨੂੰ ਲਾਉਣ ਦੇ ਲਈ ਐਨਓਸੀ ਲਈ ਗਈ ਹੈ ਜਾਂ ਨਹੀਂ। ਇਮਾਰਤ ਦੇ ਅੱਗੇ ਨਿਯਮਾਂ ਮੁਤਾਬਕ ਜੋ ਜਗ੍ਹਾ ਛੱਡੀ ਜਾਣੀ ਚਾਹੀਦੀ ਸੀ ਉਸ ਨਿਯਮ ਦੀ ਪੂਰੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ ਤੇ ਨਾਲ ਹੀ ਹੋਰ ਵੀ ਕਈ ਪੱਖਾਂ ਦੀ ਘੋਖ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਲਈ ਮਿਉਂਸੀਪਲ ਕੌਂਸਲ ਤੇ ਹੋਰ ਦਫਤਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਹਾਦਸਾ ਬਹੁਤ ਹੀ ਦੁਖਦਾਈ ਹੈ ਤੇ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਏ।

Share this Article
Leave a comment