ਭਾਈ ਸੰਤੋਖ ਸਿੰਘ ਧਰਦਿਉ – ਗ਼ਦਰ ਲਹਿਰ ਦਾ ਸਰਗਰਮ ਯੋਧਾ

TeamGlobalPunjab
3 Min Read

-ਅਵਤਾਰ ਸਿੰਘ;

ਭਾਈ ਸੰਤੋਖ ਸਿੰਘ ਧਰਦਿਉ ਦੇ ਪਿਤਾ ਜਵਾਲਾ ਸਿੰਘ ਸਿੰਗਾਪੁਰ ਵਿੱਚ ਫੌਜੀ ਸਨ ਅਤੇ ਉਹ ਪਰਿਵਾਰ ਸਮੇਤ ਉਥੇ ਰਹਿ ਰਹੇ ਸਨ। ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁੱਖੋਂ 1893 ਨੂੰ ਸਿੰਗਾਪੁਰ ਵਿੱਚ ਹੋਇਆ ਸੀ।

ਉਥੇ ਉਨ੍ਹਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਸਿਆਮੀ ਤੇ ਮਲਾਈ ਭਾਸ਼ਾਵਾਂ ਵੀ ਸਿੱਖੀਆਂ। 1903 ਵਿੱਚ ਉਨ੍ਹਾਂ ਦੇ ਪਿਤਾ ਪੈਨਸ਼ਨ ਲੈ ਕੇ ਆਪਣੇ ਪਿੰਡ ਧਰਦਿਉ ਜ਼ਿਲਾ ਅੰਮ੍ਰਿਤਸਰ ਆ ਗਏ।

ਭਾਈ ਸੰਤੋਖ ਸਿੰਘ ਧਰਦਿਉ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਦਸਵੀਂ ਪਾਸ ਕਰ ਕੀਤੀ। ਉਸਦੇ ਜਮਾਤੀ ਅੰਗਰੇਜ਼ੀ ਆਉਣ ਕਰਕੇ ਉਨ੍ਹਾਂ ਨੂੰ ‘ਮਿਸਟਰ ਡਿਕਸ਼ਨਰੀ ਸਿੰਘ’ ਕਹਿੰਦੇ ਸਨ।

- Advertisement -

1911 ਵਿੱਚ ਉਚੇਰੀ ਵਿੱਦਿਆ ਲਈ ਇੰਗਲੈਂਡ ਚਲੇ ਗਏ ਤੇ ਉਥੋਂ ਕੈਨੈਡਾ ਪਹੁੰਚ ਗਏ। ਗਦਰ ਪਾਰਟੀ ਬਣਨ ‘ਤੇ ਉਹ ਗਦਰ ਆਸ਼ਰਮ ਵਿੱਚ ਆ ਗਏ।ਗਦਰ ਪਾਰਟੀ ਦੇ ਸਕੱਤਰ ਲਾਲਾ ਹਰਦਿਆਲ ਦੇ ਇੰਗਲੈਂਡ ‘ਚੋਂ ਬਾਹਰ ਜਾਣ ਮਗਰੋਂ ਪਾਰਟੀ ਦੇ ਸਕੱਤਰ ਤੇ ਗਦਰ ਅਖਬਾਰ ਦੇ ਸੰਪਾਦਕ ਬਣੇ।

ਬਾਬਾ ਸੋਹਣ ਸਿੰਘ ਦੀ ਉਹ ਸੱਜੀ ਬਾਂਹ ਸਨ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਦੇ ਮੁਤਬੰਨੇ ਪੁੱਤ ਹੀ ਨਹੀਂ ਸਗੋਂ ਸਪੁੱਤਰ ਸਮਾਨ ਸਨ। ਪਾਰਟੀ ਵਲੋਂ ਸਿਆਮ (ਥਾਈਲੈਂਡ) ਚਲੇ ਗਏ ਜਿਥੇ ਸੋਹਨ ਲਾਲ ਪਾਠਕ ਪੱਟੀ ਤੇ ਆਤਮਾ ਰਾਮ ਨਾਲ ਰਲ ਕੇ ਕੰਮ ਕਰਨ ਲੱਗੇ।

ਇਨਕਲਾਬੀਆਂ ਦੀਆਂ ਗ੍ਰਿਫਤਾਰੀਆਂ ਹੋਣ ‘ਤੇ ਉਹ ਸਰਕਾਰੀ ਸੂਹੀਏ ਵੱਲੋਂ ਪਿਛਾਂਹ ਕਰਨ ‘ਤੇ ਦਰਿਆ ਵਿੱਚ ਛਾਲ ਮਾਰ ਕੇ ਬਚ ਨਿਕਲੇ। ਜਾਪਾਨ ਤੋਂ ਹੋ ਕੇ 15 ਨਵੰਬਰ 1916 ਨੂੰ ਅਮਰੀਕਾ ਪਹੁੰਚ ਗਏ।

ਭਾਈ ਸੰਤੋਖ ਸਿੰਘ ਧਰਦਿਉ ਗਦਰ ਪਾਰਟੀ ਨੂੰ ਮੁੜ ਸਰਗਰਮ ਕਰਨ ਲੱਗੇ ਤਾਂ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ 21 ਮਹੀਨੇ ਪੇਕਨੈਲ ਟਾਪੂ ‘ਤੇ ਕੈਦ ਰੱਖਿਆ। ਉਥੋਂ ਉਨ੍ਹਾਂ ਨੂੰ ਟੀ ਬੀ ਹੋ ਗਈ। ਰਿਹਾਈ ਤੋਂ ਬਾਅਦ 1920 ਵਿੱਚ ਭਾਈ ਭਗਵਾਨ ਸਿੰਘ ਨਾਲ ਮਿਲ ਕੇ ਗਦਰ ਆਸ਼ਰਮ ਵਿੱਚ ਪਾਰਟੀ ਨੂੰ ਸੰਗਠਿਤ ਕਰਨ ਲੱਗੇ।

1922 ਨੂੰ ਭਾਈ ਰਤਨ ਸਿੰਘ ਡੱਬਾ ਨਾਲ ਮਿਲ ਕੇ 19 ਫਰਵਰੀ 1926 ਵਿੱਚ ਪੰਜਾਬੀ ਮਾਸਿਕ ‘ਕਿਰਤੀ’ ਅਖਬਾਰ ਦਾ ਪਹਿਲਾ ਅੰਕ ਕੱਢਿਆ। ਸਰਕਾਰ ਇਸਨੂੰ ਇਤਰਾਜ਼ਯੋਗ ਸਮਝਦੀ ਸੀ ਕਿਉਂਕਿ ਇਸ ਵਿੱਚ ਮਜਦੂਰਾਂ ਨੂੰ ਜਥੇਬੰਦਕ ਤੇ ਦੇਸ਼ ਨੂੰ ਹਥਿਆਰਬੰਦ ਸੰਘਰਸ਼ ਨਾਲ ਆਜ਼ਾਦ ਕਰਵਾਉਣ ਲਈ ਪ੍ਰਚਾਰ ਕੀਤਾ ਜਾਂਦਾ ਸੀ।

- Advertisement -

ਭਾਈ ਸੰਤੋਖ ਸਿੰਘ ਧਰਦਿਉ ਦੀ ਟੀ ਬੀ ਨਾਲ ਸਿਹਤ ਵਿਗੜਨ ਕਰਕੇ ਉਹ ਸੋਹਣ ਸਿੰਘ ਜੋਸ਼ ਨੂੰ ਅਖਬਾਰ ਲਈ ਲੇਖ ਲਿਖਾਉਂਦੇ ਤੇ ਮਾਰਕਸਵਾਦ ਦਾ ਗਿਆਨ ਦਿੰਦੇ ਸਨ। 33 ਸਾਲ ਦੀ ਉਮਰ ਵਿੱਚ 19 ਮਈ 1927 ਨੂੰ ਅੰਮ੍ਰਿਤਸਰ ‘ਚ ਉਹ ਸਦਾ ਲਈ ਵਿਛੜ ਗਏ। ਉਨ੍ਹਾਂ ਤੋਂ ਸਰਕਾਰ ਏਨਾ ਡਰਦੀ ਸੀ ਕਿ ਪੂਰਾ ਸਸਕਾਰ ਸਮੇਂ ਤਕ ਦੋ ਸੂਹੀਏ ਉਥੇ ਰਹੇ।

Share this Article
Leave a comment