ਪੰਜਾਬ: ਲੜਾਈ ਕੋਰੋਨਾ ਵਾਇਰਸ ਖਿਲਾਫ ਨਹੀਂ, ਹਉਮੈ ਦੀ !

TeamGlobalPunjab
5 Min Read

-ਅਵਤਾਰ ਸਿੰਘ

 

ਪੰਜਾਬ ਵਿੱਚ ਪਿਛਲੇ ਹਫਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 113 ਤੋਂ ਵੱਧ ਮੌਤਾਂ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵਿਰੋਧੀ ਧਿਰਾਂ ਨੇ ਤਾਂ ਆੜ੍ਹੇ ਹੱਥੀਂ ਲੈਣਾ ਹੀ ਸੀ ਸਗੋਂ ਉਨ੍ਹਾਂ ਨੂੰ ਆਪਣੀਆਂ ਨੇ ਵੀ ਘੇਰ ਲਿਆ ਹੈ। ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ੍ਹ ਕੇ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਕੇ ਸਰਕਾਰ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ।

ਰਾਜਸਥਾਨ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਲੋਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁੱਧ ਕੀਤੀ ਬਗਾਵਤ ਕਾਰਨ ਲੋਕਾਂ ਦੀਆਂ ਨਜ਼ਰਾਂ ਅਜੇ ਹਟੀਆਂ ਨਹੀਂ ਸਨ ਕਿ ਪੰਜਾਬ ਵਿੱਚ ਸ਼ੁਰੂ ਹੋਏ ਕਾਟੋ ਕਲੇਸ਼ ਮਗਰੋਂ ਸਭ ਦੀਆਂ ਨਜ਼ਰਾਂ ਏਧਰ ਲੱਗ ਗਈਆਂ। ਲੋਕ ਗੱਲਾਂ ਕਰਨ ਲੱਗ ਪਏ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ।

- Advertisement -

ਕਹਿੰਦੇ ਸਿਆਸਤ ਵਿੱਚ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ। ਕਈ ਸਿਆਸਤਦਾਨ ਸੋਚਦੇ ਆਉਣਾ ਜਾਣਾ ਚੱਲਿਆ ਰਹਿਣਾ ਚਾਹੀਦਾ ਹੈ। ਇਕ ਥਾਂ ਬੈਠਾ ਬੰਦਾ ਬੋਰ ਹੋ ਜਾਂਦਾ ਹੈ। ਆਇਆ ਰਾਮ ਗਿਆ ਰਾਮ ਪੁਰਾਣਾ ਵਰਤਾਰਾ ਹੈ। ਇਕ ਪਾਰਟੀ ਵਿਚੋਂ ਦੂਜੀ ਵਿੱਚ ‘ਦਮ ਘੁਟਣ’ ਦਾ ਬਹਾਨਾ ਲੈ ਕੇ ਜਾਣਾ ਪੁਰਾਣੀ ਗੱਲ ਹੈ। ਕਈ ਸੰਕਟ ਵਿੱਚ ਵਫਾਦਾਰੀਆਂ ਬਦਲ ਜਾਂਦੇ ਹਨ।

ਇਸੇ ਤਰ੍ਹਾਂ ਪੰਜਾਬ ਵਿੱਚ ਚੱਲ ਰਹੀ ਘਰੇਲੂ ਜੰਗ ਨੇ ਰੂਪ ਬਦਲ ਲਿਆ ਹੈ। ਮੁੱਖ ਮੰਤਰੀ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਛਤਰੀ ਛੋਟੀ ਕਰ ਦਿੱਤੀ ਹੈ।

ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ’ਚ ਸੁਰੱਖਿਆ ਦੇ ਮਾਮਲੇ ’ਤੇ ਜੰਗ ਭਖ ਗਈ ਹੈ। ਇਕ ਪਾਸੇ ਪੰਜਾਬ ਮਹਾਂਮਾਰੀ ਨੂੰ ਝੱਲ ਰਿਹਾ ਦੂਜੇ ਪਾਸੇ ਦੋਵੇਂ ਆਗੂ ਇੱਕ ਦੂਸਰੇ ਨੂੰ ਸਿਆਸੀ ਠਿੱਬੀ ਲਾਉਣ ਲਈ ਆਪਸ ’ਚ ਉਲਝ ਗਏ ਹਨ।

ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਕ ਚਿੱਠੀ ਲਿਖ ਦਿੱਤੀ ਜਿਸ ਤੋਂ ਮੁੱਖ ਮੰਤਰੀ ਕਾਫੀ ਖ਼ਫਾ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਜੇ ਸ੍ਰੀ ਬਾਜਵਾ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕਾਂਗਰਸ ਹਾਈਕਮਾਨ ਕੋਲ ਜਾਣ ਜਾਂ ਫਿਰ ਉਨ੍ਹਾਂ (ਅਮਰਿੰਦਰ) ਨੂੰ ਲਿਖਣ।

ਸੰਸਦ ਮੈਂਬਰ ਬਾਜਵਾ ਨੇ ਪੱਤਰ ਲਿਖ ਕੇ ਡੀਜੀਪੀ ਉਪਰ ਸਵਾਲ ਚੁੱਕਿਆ ਕਿ ਸੁਰੱਖਿਆ ਦੇਣ ਲਈ ਖ਼ਤਰਾ ਹੋਣ ਦੀਆਂ ਰਿਪੋਰਟਾਂ ‘ਤੇ ਸਿਆਸਤ ਭਾਰੂ ਹੋਣ ਦੀ ਗੱਲ ਕਹੀ ਹੈ। ਬਾਜਵਾ ਨੇ ਰਿਪੋਰਟਾਂ ਦਾ ਸਿਆਸੀਕਰਨ ਹੋਣ ਦੇ ਦੋਸ਼ ਵੀ ਲਾਏ ਹਨ। ਉਹ ਪੰਜਾਬ ਪੁਲੀਸ ਵੱਲੋਂ ਵਾਪਸ ਲਈ ਸੁਰੱਖਿਆ ਦੀ ਬਹਾਲੀ ਲਈ ਇਹ ਪੱਤਰ ਨਹੀਂ ਲਿਖ ਰਹੇ ਸਗੋਂ ਸੁਰੱਖਿਆ ਵਾਪਸੀ ਲਈ ਬਣਾਏ ਜਾਂਦੇ ਆਧਾਰਾਂ ਦੇ ਸਿਆਸੀਕਰਨ ‘ਤੇ ਇਤਰਾਜ਼ ਕਰ ਰਹੇ ਹਨ। ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਅਤਿਵਾਦ ਖ਼ਿਲਾਫ਼ ਲੜਾਈ ਲੜੀ ਹੈ ਅਤੇ ਇਸ ਤੋਂ ਇਲਾਵਾ ਮਾਫ਼ੀਆ ਖ਼ਿਲਾਫ਼ ਵੀ ਉਹ ਲਗਾਤਾਰ ਲੜਾਈ ਲੜ ਰਹੇ ਹਨ। ਪੰਜਾਬ ਸਰਕਾਰ ਨੇ ਜਿਸ ਆਧਾਰ ‘ਤੇ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਹੈ, ਕੀ ਉਸ ਆਧਾਰ ‘ਤੇ ਬਾਦਲ ਪਰਿਵਾਰ ਜਾਂ ਮਜੀਠੀਆ ਦੀ ਸੁਰੱਖਿਆ ਵਾਪਸ ਲਈ ਜਾਵੇਗੀ? ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀਆਂ ਦੀ ਰਿਪੋਰਟ ‘ਤੇ ਯੂਪੀਏ ਸਰਕਾਰ ਵੱਲੋਂ ਸਾਲ 2013 ਵਿੱਚ ਉਨ੍ਹਾਂ ਨੂੰ ਕੇਂਦਰੀ ਸੁਰੱਖਿਆ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਸੁਰੱਖਿਆ ਵਾਪਸ ਲੈ ਲਈ ਅਤੇ ਮਾਰਚ 2020 ’ਚ ਸੁਰੱਖਿਆ ਬਹਾਲ ਕਰ ਦਿੱਤੀ। ਸ੍ਰੀ ਬਾਜਵਾ ਨੇ ਡੀਜੀਪੀ ਦੀ ਨਿਰਪੱਖਤਾ ‘ਤੇ ਵੀ ਸਵਾਲ ਖੜੇ ਕੀਤੇ ਹਨ।
ਇਥੇ ਚੇਤੇ ਕਰਾਇਆ ਜਾਂਦਾ ਹੈ ਕਿ ਸ਼ਰਾਬ ਮਾਫ਼ੀਆ ਖ਼ਿਲਾਫ਼ ਜਨਤਕ ਤੌਰ ‘ਤੇ ਆਵਾਜ਼ ਬੁਲੰਦ ਕਰਨ ਮਗਰੋਂ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਕਾਫ਼ੀ ਵਧ ਗਈ ਹੈ।

- Advertisement -

ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੀ ਸੁਰੱਖਿਆ ਵੀ ਵਾਪਸ ਲੈ ਲਈ ਸੀ। ਮੁੱਖ ਮੰਤਰੀ ਨੇ ਡੀਜੀਪੀ ਦੀ ਨਿਰਪੱਖਤਾ ‘ਤੇ ਮੋਹਰ ਲਾਉਂਦੇ ਹੋਏ ਸ੍ਰੀ ਬਾਜਵਾ ਨੂੰ ਤਾੜਨਾ ਵੀ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦੇ ਆਧਾਰ ‘ਤੇ ਖ਼ੁਦ ਸੁਰੱਖਿਆ ਵਾਪਸੀ ਦਾ ਫ਼ੈਸਲਾ ਲਿਆ ਹੈ, ਜੇਕਰ ਕੋਈ ਗਿਲਾ ਹੈ ਤਾਂ ਸ੍ਰੀ ਬਾਜਵਾ ਡੀਜੀਪੀ ਦੀ ਥਾਂ ਉਨ੍ਹਾਂ ਨੂੰ ਪੱਤਰ ਲਿਖਣ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਬਾਜਵਾ ਨੂੰ ਉਨ੍ਹਾਂ ਤੇ ਜਾਂ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਤਾਂ ਉਹ ਹਾਈਕਮਾਨ ਕੋਲ ਕਿਉਂ ਨਹੀਂ ਜਾਂਦੇ। ਮੁੱਖ ਮੰਤਰੀ ਨੇ ਕਿਹਾ ਕਿ ਇਕੱਲੇ ਸ੍ਰੀ ਬਾਜਵਾ ਦੀ ਸੁਰੱਖਿਆ ਨਹੀਂ ਬਲਕਿ ਕੋਵਿਡ-19 ਕਾਰਨ 6500 ਹੋਰ ਸੁਰੱਖਿਆ ਮੁਲਾਜ਼ਮ ਵੀ ਵਾਪਸ ਬੁਲਾਏ ਗਏ ਹਨ। ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਕੇਂਦਰੀ ਸੁਰੱਖਿਆ ਮਿਲਣ ਮਗਰੋਂ ਹੀ ਸ੍ਰੀ ਬਾਜਵਾ ਤੋਂ ਸੁਰੱਖਿਆ ਵਾਪਸ ਲਈ ਗਈ ਹੈ। ਇਸ ਸਾਰੇ ਘਰੇਲੂ ਕਲੇਸ਼ ਤੋਂ ਜਾਪਦਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਇਹ ਸਿਆਸੀ ਮਾਹੌਲ ਹੋਰ ਤੱਤਾ ਹੋਣ ਦੀ ਉਮੀਦ ਹੈ।

Share this Article
Leave a comment