ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਅੰਦਰ ਖਪਤਾਕਾਰਾਂ ਵੱਲ ਪਾਵਰਕਾਮ ਦਾ 600 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਜਿਸ ਨੂੰ ਵਸੂਲਣ ਲਈ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਯਤਨੀਸੀਲ ਹੈ। ਸਰਕਾਰ ਨੇ ਹੁਣ ਇਸ ਬਕਾਏ ਨੂੰ ਵਸੂਲਣ ਲਈ ਇੱਕ ਨਵੀਂ ਨੀਤੀ ਅਖਤਿਆਰ ਕੀਤੀ ਹੈ। ਜਿਸ ਤਹਿਤ ਵਿਭਾਗ ਵੱਲੋਂ ਬਕਾਏਦਾਰ ਖਪਤਕਾਰਾਂ ਨੂੰ ਰਾਹਤ ਦੇਣ ਲਈ ਯਕ ਮੁਸ਼ਤ ਨੀਤੀ ਅਪਣਾਈ ਗਈ ਹੈ ਜੋ ਕਿ 6 ਮਹੀਨੇ ਤੱਕ ਲਾਗੂ ਰਹੇਗੀ। ਇਸ ਨੀਤੀ ਤਹਿਤ ਪਾਵਰਕਾਮ ਅਧਿਕਾਰੀਆਂ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੇ ਖਪਤਕਾਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ ਉਨ੍ਹਾਂ ਨੂੰ ਇਸ ਨੀਤੀ ਤਹਿਤ ਪਹਿਲਾਂ ਨੋਟਿਸ ਜਾਰੀ ਕਰਕੇ ਜਾਣਕਾਰੀ ਦਿੱਤੀ ਜਾਵੇਗੀ ਕਿ ਤੁਹਾਡਾ ਇੰਨਾ ਬਕਾਇਆ ਖੜ੍ਹਾ ਹੈ ਤੇ ਨਾ ਅਦਾ ਕਰਨ ਦੀ ਸੂਰਤ ਵਿੱਚ ਤੁਹਾਡੇ ਖਿਲਾਫ ਆਹ ਕਾਰਵਾਈ ਕੀਤੀ ਜਾ ਸਕਦੀ ਹੈ। ਪਰ ਰਾਹਤ ਵਾਲੀ ਗੱਲ ਇਹ ਹੈ ਕਿ ਇਸ ਵਾਰ ਵਿਭਾਗ ਇਨ੍ਹਾਂ 6 ਮਹੀਨਿਆਂ ਦੌਰਾਨ ਬਕਾਏਦਾਰਾਂ ਦੇ ਬਿਜਲੀ ਦੇ ਕਨੈਕਸ਼ਨ ਨਾ ਕੱਟ ਕੇ ਉਨ੍ਹਾਂ ਨੂੰ ਬਿੱਲ ਭਰਨ ਲਈ ਆਸਾਨ ਕਿਸ਼ਤਾਂ ਦੀ ਸਹੂਲਤ ਵੀ ਪ੍ਰਦਾਨ ਕਰੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜੇ ਬਿਜਲੀ ਖਪਤਕਾਰਾਂ ਵੱਲੋਂ ਬਿਜਲੀ ਦੇ ਬਿੱਲ ਅਦਾ ਨਹੀਂ ਕੀਤੇ ਜਾਂਦੇ ਸਨ ਉਨ੍ਹਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਜਾਂਦੇ ਸਨ। ਇੱਥੇ ਹੀ ਬੱਸ ਨਹੀਂ ਪਾਵਰਕਾਮ ਵੱਲੋਂ ਜਿਹੜਾ ਬਿਜਲੀ ਦਾ ਬਿੱਲ ਖਪਤਕਾਰਾਂ ਨੂੰ ਭੇਜਿਆ ਜਾਂਦਾ ਹੈ ਉਸ ਦੇ ਨਾਲ ਹਰ ਮਹੀਨੇ ਪਿਛਲੇ ਬਿੱਲ ਦੀ ਅਦਾਇਗੀ ਰਕਮ ਦਾ ਵਿਆਜ ਵੀ ਜੋੜ ਕੇ ਭੇਜਿਆ ਜਾਂਦਾ ਹੈ। ਇਸ ਬਾਰੇ ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਖਪਤਕਾਰਾਂ ਦੇ ਬਿਜਲੀ ਬਿੱਲ ਭਰਨੇ ਰਹਿੰਦੇ ਹਨ ਉਨ੍ਹਾਂ ਲਈ ਆਸਾਨ ਕਿਸ਼ਤਾਂ ‘ਚ ਬਿੱਲ ਭਰਨ ਦਾ ਇਹ ਸੁਨਹਿਰੀ ਮੌਕਾ ਹੈ।