ਬਿਕਰਮ ਮਜੀਠੀਆ ਦੇ ਇਸ ਬਿਆਨ ਨਾਲ ਅਕਾਲੀਆਂ ਦੀ ਬੀਜੇਪੀ ਨਾਲ ਟੁੱਟ ਸਕਦੀ ਹੈ ਭਾਈਵਾਲੀ !

Prabhjot Kaur
3 Min Read

ਪਟਿਆਲਾ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿਚਲੇ ਵਾਅਦੇ ਪੂਰੇ ਨਹੀਂ ਕਰਦੀਆਂ ਉਨ੍ਹਾਂ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਮਜੀਠੀਆ ਇੱਥੇ ਭਾਵੇਂ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਲਈ ਉਨ੍ਹਾਂ ਦੀ ਖਿਚਾਈ ਕਰਨ ਆਏ ਸਨ ਪਰ ਉਹ ਗਲੋਬਲ ਪੰਜਾਬ ਟੀ.ਵੀ ਵੱਲੋਂ ਅਕਾਲੀਆਂ ਦੀ ਕੇਂਦਰ ਵਿਚਲੀ ਭਾਈਵਾਲ ਪਾਰਟੀ ਵੱਲੋਂ ਵਾਅਦੇ ਪੂਰੇ ਨਾ ਕਰਨ ‘ਤੇ ਕੀਤੇ ਸਵਾਲ ਨੂੰ ਗੋਲ-ਮੋਲ ਕਰ ਗਏ। ਜ਼ਿਆਦਾ ਜੋਰ ਦੇਣ ਤੇ ਉਨ੍ਹਾਂ ਨੂੰ ਮੰਨਣਾ ਹੀ ਪਿਆ ਕਿ ਜਿਹੜੀਆਂ ਵੀ ਸਿਆਸੀ ਪਾਰਟੀ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ ਉਨ੍ਹਾਂ ਦੀ ਮਾਨਤਾ ਰੱਦ ਕਰਨੀ ਹੀ ਚਾਹੀਦੀ ਹੈ। ਸਿਆਸੀ ਮਾਹਿਰਾਂ ਅਨੁਸਾਰ ਮਜੀਠੀਆ ਦੇ ਇਸ ਬਿਆਨ ਦਾ ਅਸਰ ਅਕਾਲੀ ਦਲ ਦੀ ਕੇਂਦਰ ਵਿਚਲੀ ਭਾਈਵਾਲ ਉਸ ਭਾਰਤੀ ਜਨਤਾ ਪਾਰਟੀ ਤੇ ਪਏਗਾ ਜੋ ਕਿ ਆਪਣੇ ਚੋਣ ਵਾਅਦੇ ਅਨੁਸਾਰ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਜਿਸ ਨਾਲ ਨਾਰਾਜ਼ ਹੋ ਕੇ ਮੋਦੀ ਅਤੇ ਅਮਿਤ ਸ਼ਾਹ ਅਕਾਲੀਆਂ ਨਾਲ ਆਪਣੀ ਭਾਈਵਾਲੀ ਤੋੜ ਸਕਦੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਕੇਂਦਰੀ ਮੰਤਰੀ ਅਤੇ ਸੀਨੀਅਰ ਆਗੂ ਨੀਤਿਨ ਗਡਕਰੀ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਜਿਹੜੀਆਂ ਪਾਰਟੀਆਂ ਸੱਤਾ ‘ਚ ਆਉਣ ਲਈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀਆਂ ਲੋਕ ਉਨ੍ਹਾਂ ਨੂੰ ਕੁੱਟਦੇ ਵੀ ਹਨ ਜਿਸ ਤੋਂ ਬਾਅਦ ਕੇਂਦਰ ਵਿਚਲੀਆਂ ਵਿਰੋਧੀ ਪਾਰਟੀਆਂ ਦੇ ਪੈਰਾਂ ਹੇਠ ਬੈਠੇ ਬਿਠਾਏ ਬਟੇਰ ਆ ਗਈ ਸੀ ਤੇ ਉਨ੍ਹਾਂ ਵੱਲੋਂ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਉੱਤੇ ਕੀਤੇ  ਸ਼ਬਦੀ ਹਮਲਿਆਂ ਦਾ ਜਵਾਬ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਨਾਮੁਮਕਿਨ ਹੋ ਗਿਆ ਸੀ।

ਪਟਿਆਲਾ ਪਹੁੰਚੇ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸਾਡੀ ਸਰਕਾਰ ਵੇਲੇ 10 ਸਾਲਾਂ ਦੌਰਾਨ 60 ਤੋਂ 70 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਨ ਲਈ ਖਰਚਿਆ ਗਿਆ। ਇਸ ਮੌਕੇ ਗਲੋਬਲ ਪੰਜਾਬ ਟੀ.ਵੀ ਨੇ ਮਜੀਠੀਆ ਦਾ ਧਿਆਨ ਇਸ ਗੱਲ ਵੱਲ ਦਵਾਇਆ ਕਿ ਜੇਕਰ 70 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਗਏ ਤਾਂ ਪੰਜਾਬ ਦੇ ਕਿਸਾਨਾਂ ਦਾ 70 ਤੋਂ 80 ਹਜਾਰ ਕਰੋੜ ਰੁਪਏ ਦਾ ਕਰਜ਼ਾ ਮਾਫ ਕਿਉਂ ਨਹੀਂ ਕੀਤਾ ਗਿਆ? ਇਸ ਦੇ ਜਵਾਬ ਵਿੱਚ ਮਜੀਠੀਆ ਦਾ ਕਹਿਣਾ ਸੀ ਕਿ ਜਿਸ ਵੇਲੇ ਅਕਾਲੀ ਦਲ ਦੀ ਸਰਕਾਰ ਆਈ ਸੀ ਤਾਂ ਉਨ੍ਹਾਂ ਨੇ ਵਾਅਦਾ ਬਿਜਲੀ ਦੇ ਬਿੱਲ ਮਾਫ ਕਰਨ ਦਾ ਕੀਤਾ ਸੀ ਜੋ ਕਿ ਉਨ੍ਹਾਂ ਨੇ ਪੂਰਾ ਕੀਤਾ। ਪਰ ਮਜੀਠੀਆ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਚੰਗਾ ਪ੍ਰਸ਼ਾਸ਼ਨ ਦੇਣਾ ਵੀ ਤਾਂ ਸਰਕਾਰ ਦਾ ਹੀ ਕੰਮ ਸੀ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਚੰਗਾ ਪ੍ਰਸ਼ਾਸ਼ਨ ਦੇਣ ਵਿੱਚ ਹੀ ਆਉਂਦਾ ਹੈ।

Share this Article
Leave a comment