ਫਰੀਦਾ!ਬਾਰ ਪਰਾਏ ਬੈਸਣਾ,ਸਾਂਈਂ ਮੁੱਝੇ ਨਾ ਦੇਹਿ……!

TeamGlobalPunjab
5 Min Read

ਸੰਗਰੂਰ (ਸੁਬੇਗ ਸਿੰਘ) :

ਫਰੀਦਾ!ਬਾਰ ਪਰਾਏ ਬੈਸਣਾ,ਸਾਂਈਂ ਮੁੱਝੇ ਨਾ ਦੇਹਿ……!

ਬੱਚਾ ਜਦੋਂ ਜਨਮ ਲੈਂਦਾ ਹੈ,ਤਾਂ ਸਭ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚੇ ਦੀ ਖੈਰ ਸੁੱਖ ਪੁੱਛੀ ਜਾਂਦੀ ਹੈ।ਭਾਵੇਂ ਕਿਸੇ ਬੱਚੇ ਦਾ ਜਨਮ ਲੈ ਲੈਣਾ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ।ਪਰ ਉਹਦੇ ਨਾਲ ਹੀ ਉਹਦਾ ਜਿਉਂਦਾ ਹੋਣਾ ਅਤੇ ਨਾਲ 2 ਉਹਦਾ ਤੰਦਰੁਸਤ ਹੋਣਾ ਹੋਰ ਵੀ ਜਰੂਰੀ ਅਤੇ ਖੁਸ਼ੀ ਦੀ ਗੱਲ ਹੁੰਦੀ ਹੈ।ਕਿਉਂਕਿ ਜਨਮ ਲੈਣ ਵਾਲੇ ਬੱਚੇ ਦੀ ਤੰਦਰੁਸਤੀ ਅਤੇ ਸਲਾਮਤੀ ਦਾ ਕੋਈ ਭਰੋਸਾ ਨਹੀਂ ਹੁੰਦਾ।ਇਹ ਸਭ ਪ੍ਰਮਾਤਮਾ ਦੇ ਹੱਥ ਵੱਸ ਹੀ ਤਾਂ ਹੁੰਦਾ ਹੈ।
ਬੱਚੇ ਦੇ ਜਨਮ ਲੈਣ ਦੇ ਸਾਰ ਹੀ,ਬੱਚੇ ਦੀ ਮਾਂ ਦੀ ਸਲਾਮਤੀ ਵਾਰੇ ਵੀ ਪੁੱਛਿਆ ਜਾਂਦਾ ਹੈ।ਕਿਉਂਕਿ ਕਿਸੇ ਬੱਚੇ ਨੂੰ,ਜਿਸ ਤਰ੍ਹਾਂ ਦੀ ਪੀੜਾ ਸਹਿਕੇ ਕੋਈ ਮਾਂ ਜਨਮ ਦਿੰਦੀ ਹੈ,ਉਹ ਕਿਸੇ ਤਪੱਸਿਆ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦਾ।ਕਿਸੇ ਵੀ ਮਾਂ ਦੀ ਇਹ ਪੀੜ,ਕਿਸੇ ਯੋਗੀ ਜਾਂ ਕਿਸੇ ਪੈਗੰਬਰ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੁੰਦੀ,ਸਗੋਂ ਹਜਾਰਾਂ ਗੁਣਾਂ ਜਿਆਦਾ ਹੁੰਦੀ ਹੈ।ਜਿਸਦਾ ਅੱਜ ਤੱਕ,ਨਾ ਹੀ ਕੋਈ ਮੁੱਲ ਚੁਕਾ ਸਕਿਆ ਹੈ ਅਤੇ ਨਾ ਹੀ ਕੋਈ ਅੱਗੇ ਨੂੰ ਮੁੱਲ ਚੁਕਾ ਹੀ ਸਕਦਾ ਹੈ।ਇਸੇ ਲਈ ਤਾਂ,ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਬੱਚੇ ਤੇ ਜੱਚੇ ਦੀ ਸਲਾਮਤੀ ਲਈ ਦੁਆਵਾਂ ਕੀਤੀਆਂ ਜਾਂਦੀਆਂ ਹਨ ਅਤੇ ਬੱਚੇ ਦੇ ਜਨਮ ਤੋਂ ਬਾਅਦ,ਸਭ ਤੋਂ ਪਹਿਲਾਂ ਬੱਚੇ ਤੇ ਜੱਚੇ ਦੀ ਤੰਦਰੁਸਤੀ ਵਾਰੇ ਪੁੱਛਿਆ ਜਾਂਦਾ ਹੈ।
ਵੈਸੇ ਵੀ ਦੁਨੀਆਂ ਚ ਇੱਕ ਕਹਾਵਤ ਬੜੀ ਮਸ਼ਹੂਰ ਹੈ,ਕਿ,
ਤੰਦਰੁਸਤੀ, ਹਜਾਰ ਨਿਆਮਤ ਹੈ!
ਜਾਂ ਫਿਰ,
ਹੈਲਥ,ਇਜ ਵੈਲਥ!
ਦਾ ਮੁਹਾਵਰਾ ਵਰਤ ਕੇ ਤੰਦਰੁਸਤੀ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।ਅਸਲ ਵਿੱਚ ਤੰਦਰੁਸਤੀ ਬੜੀ ਕੀਮਤੀ ਚੀਜ ਹੀ ਤਾਂ ਹੁੰਦੀ ਹੈ।ਇਸ ਦੀ ਕਦਰ,ਕਿਸੇ ਬੀਮਾਰ ਆਦਮੀ ਨੂੰ ਪੁੱਛਿਆਂ ਤੋਂ ਹੀ ਪਤਾ ਲੱਗਦੀ ਹੈ।ਕਿਸੇ ਤੰਦਰੁਸਤ ਬੰਦੇ ਨੂੰ ਤੰਦਰੁਸਤੀ ਦੀ ਕੀਮਤ ਦਾ ਕਦੇ ਗਿਆਨ ਹੋ ਹੀ ਨਹੀਂ ਸਕਦਾ।

ਜਦੋਂ ਕੋਈ ਮਨੁੱਖ ਕਿਸੇ ਦੁਰਘਟਨਾ ਦੇ ਕਾਰਨ ਅਪਾਹਜ ਹੋ ਜਾਂਦਾ ਹੈ ਜਾਂ ਫਿਰ ਕਿਸੇ ਨਾਮੁਰਾਦ ਬੀਮਾਰੀ ਦੇ ਕਾਰਨ ਚੱਲਣ ਫਿਰਨ ਤੋਂ ਮੁਥਾਜ ਹੋ ਜਾਂਦਾ ਹੈ,ਤਾਂ ਉਹ ਦੂਸਰਿਆਂ ਤੇ ਨਿਰਭਰ ਹੋ ਜਾਂਦਾ ਹੈ।ਅਗਰ ਕੋਈ ਮਨੁੱਖ, ਧਨ ਦੌਲਤ ਅਤੇ ਪੈਸੇ ਵਾਲਾ ਹੁੰਦਾ ਹੈ,ਉਸਦਾ ਤਾਂ,ਪੈਸਿਆਂ ਦੇ ਕਾਰਨ ਕੋਈ ਨਾ ਕੋਈ ਸਹਾਰਾ ਬਣ ਜਾਂਦਾ ਹੈ।ਪਰ ਕਿਸੇ ਗਰੀਬ ਬੰਦੇ ਦੀ ਛੇਤੀ ਕੀਤਿਆਂ ਕੋਈ ਬਾਂਹ ਫੜਨ ਨੂੰ ਤਿਆਰ ਹੀ ਨਹੀਂ ਹੁੰਦਾ।ਇਹੋ ਕਾਰਨ ਹੈ,ਕਿ ਹਰ ਕੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਨੂੰ ਤਰਸਦਾ ਹੈ। ਅਕਸਰ ਲੋਕ ਵੀ ਕਹਿੰਦੇ ਹਨ,ਕਿ ਪ੍ਰਮਾਤਮਾ ਤੋਂ ਤੰਦਰੁਸਤੀ ਮੰਗਿਆ ਕਰੋ।ਕਿਉਂਕਿ ਤੰਦਰੁਸਤ ਵਿਅਕਤੀ ਕਿਸੇ ਤੇ ਕਦੇ ਭਾਰ ਨਹੀਂ ਬਣਦਾ।

- Advertisement -

ਮਨੁੱਖ ਦਾ ਕਿਸੇ ਵੀ ਹਾਲਤ ਚ,ਕਿਸੇ ਦੂਜੇ ਤੇ ਨਿਰਭਰ ਹੋਣਾ ਤਾਂ ਮੰਦਭਾਗਾ ਹੁੰਦਾ ਹੀ ਹੈ।ਇਹਦੇ ਨਾਲ ਹੀ,ਜਦੋਂ ਕੋਈ ਵੀ ਵਿਅਕਤੀ ਕਿਸੇ ਦੂਜੇ ਤੇ ਨਿਰਭਰ ਹੋ ਜਾਵੇ,ਤਾਂ ਲੋਕ ਉਹਨੂੰ ਝੱਟ ਚ ਸਹਾਰਾ ਦੇਣ ਤੋਂ ਗੁਰੇਜ ਵੀ ਕਰਨ ਲੱਗ ਪੈਂਦੇ ਹਨ।ਅਜੋਕੇ ਦੌਰ ਚ,ਮਤਲਬ ਪ੍ਰਸਤੀ ਐਨੀ ਵੱਧ ਗਈ ਹੈ,ਕਿ ਲੋਕ ਆਪਣੇ ਭੈਣ ਭਰਾਵਾਂ,ਰਿਸ਼ਤੇਦਾਰਾਂ ਅਤੇ ਬੱਚੇ ਆਪਣੇ ਮਾਪਿਆਂ ਤੋਂ ਔਖੇ ਵਕਤ ਚ ਕਿਨਾਰਾ ਕਰਨ ਲੱਗ ਪੈਂਦੇ ਹਨ।ਔਖੇ ਵਕਤ ਚ,ਲੋਕ ਅਤੇ ਨੇੜੇ ਦੇ ਰਿਸ਼ਤੇਦਾਰ,ਉਹਦੇ ਘਰ ਦੇ ਅੱਗਿਉਂ ਲੰਘਣਾ ਵੀ ਭੁੱਲ ਜਾਂਦੇ ਹਨ।ਦੋਸਤਾਂ ਮਿੱਤਰਾਂ ਦੀ ਗੱਲ ਤਾਂ ਨਾ ਹੀ ਕਰੀਏ,ਤਾਂ ਹੀ ਚੰਗਾ ਹੈ।ਇਹ ਉਹ ਲੋਕ ਹੁੰਦੇ ਹਨ,ਜਿਹੜੇ ਸੌਖੇ ਵਕਤ ਚ ਜਾਨ ਵਾਰ ਦੇਣ ਦੀਆਂ ਫੜ੍ਹਾਂ ਮਾਰਦੇ ਨਹੀਂ ਥੱਕਦੇ।

ਸੋ ਦੁਨੀਆਂ ਬੜੀ ਰੰਗ ਰੰਗੀਲੀ ਹੈ।ਇਸੇ ਲਈ ਤਾਂ,ਹਰ ਕੋਈ ਆਪਣੀ ਤੰਦਰੁਸਤੀ ਹੀ ਮੰਗਦਾ ਹੈ।ਕਿਉਂਕਿ ਔਖੇ ਵਕਤ ਚ ਹਰ ਕੋਈ ਮਰਦੇ ਦੇ ਮੂੰਹ ਚ ਪਾਣੀ ਪਾਉਣ ਲੱਗਿਆ ਵੀ ਅਹਿਸਾਨ ਕਰਦਾ ਹੈ।ਇਸੇ ਲਈ ਤਾਂ ਬਾਬਾ ਫਰੀਦ ਜੀ ਨੇ ਤੰਦਰੁਸਤੀ ਵਾਰੇ ਫਰਮਾਇਆ ਹੈ,ਕਿ,
ਫਰੀਦਾ! ਬਾਰ ਪਰਾਏ ਬੈਸਣਾ,ਸਾਂਈਂ ਮੁਝੇ ਨਾ ਦੇਹਿ।ਜੇ ਤੂੰ ਇਵੇਂ ਰੱਖਸੀ,ਤਾਂ ਜੀਉ ਸਰੀਰੋ ਲੇਹਿ!

ਭਾਵ ,ਕਿ ਹੇ ਪ੍ਰਮਾਤਮਾ!ਤੂੰ ਮੈਨੂੰ ਕਿਸੇ ਦੂਜੇ ਮਨੁੱਖ ਦੇ ਸਹਾਰੇ ਜੋਗਾ ਨਾ ਕਰੀਂ,ਤਾਂ ਕਿ ਮੈਂ ਉਹਦੇ ਦਰ ਤੇ ਹੀ ਨਾ ਬੈਠਾ ਰਹਾਂ।ਅਗਰ ਫੇਰ ਵੀ,ਤੇਰੀ ਇਹੋ ਹੀ ਮਰਜੀ ਹੈ,ਤਾਂ ਮੈਨੂੰ ਤੰਦਰੁਸਤ ਹੀ ਰੱਖੀਂ,ਤਾਂ ਕਿ ਮੈਨੂੰ,ਦੂਜੇ ਬੰਦੇ ਤੇ ਕਿਸੇ ਵੀ ਤਰ੍ਹਾਂ ਨਿਰਭਰ ਨਾ ਹੋਣਾ ਪਵੇ।
ਵੈਸੈ ਵੀ,ਦੁਨੀਆਦਾਰੀ ਦੇ ਤੌਰਤੇ, ਬਹੁਤ ਸਾਰੇ ਮਨੁੱਖ ਇਹ ਕਹਿੰਦੇ ਆਮ ਹੀ ਸੁਣੇ ਗਏ ਹਨ,ਕਿ ਪ੍ਰਮਾਤਮਾ,ਤੂੰ ਮੈਨੂੰ ਚੱਲਦੇ,ਫਿਰਦੇ ਨੂੰ ਹੀ ਚੁੱਕ ਲਵੀਂ।ਭਾਵ,ਕਿ ਮੇਰੀ ਮੌਤ,ਤੰਦਰੁਸਤੀ ਦੀ ਹਾਲਤ ਵਿੱਚ ਹੀ ਹੋ ਜਾਵੇ,ਤਾਂ ਕਿ ਮੈਨੂੰ ਬੀਮਾਰ ਜਾਂ ਅਪਾਹਜ ਹੋਣ ਦੀ ਹਾਲਤ ਚ ਕਿਸੇ ਦੂਸਰੇ ਤੇ ਨਿਰਭਰ ਨਾ ਹੋਣਾ ਪਵੇ।ਇਸੇ ਤਰ੍ਹਾਂ,ਚੰਗੇ ਭਲੇ,ਮਨੁੱਖ ਦੀ ਅਚਾਨਕ ਹੋਈ ਮੌਤ ਨੂੰ ਇਹ ਕਹਿਕੇ ਵੀ ਸਲਾਹਿਆ ਜਾਂਦਾ ਹੈ,ਕਿ ਇਹ ਕਰਮਾਂ ਵਾਲਾ ਬੰਦਾ ਸੀ,ਕਿਸੇ ਤੋਂ ਸੇਵਾ ਨਹੀਂ ਕਰਵਾਈ।ਭਾਵ,ਕਿ ਜਿੰਦਗੀ ਦੇ ਆਖਰੀ ਪੜਾਅ ਤੇ ਕਿਸੇ ਤੇ ਬੋਝ ਨਹੀਂ ਬਣਿਆ।
ਮੁੱਕਦੀ ਗੱਲ ਤਾਂ,ਇਹ ਹੈ,ਕਿ ਮਨੁੱਖ ਦੀ ਦੂਜੇ ਬੰਦੇ ਤੇ ਕਿਸੇ ਵੀ ਪ੍ਰਕਾਰ ਦੀ ਨਿਰਭਰਤਾ ਮਾੜੀ ਹੀ ਹੁੰਦੀ ਹੈ।ਚਾਹੇ ਇਹ ਨਿਰਭਰਤਾ ਸਰੀਰਕ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਹੋਵੇ।ਕਿਉਂਕਿ ਲੋਕ ਤਾਂ,ਨਿੱਕੀ ਜਿਹੀ ਮੱਦਦ ਦੇ ਬਦਲੇ ਸੌ 2 ਅਹਿਸਾਨ ਕਰਨ ਲੱਗ ਪੈਂਦੇ ਹਨ ਅਤੇ ਵਿਹਲੇ ਹੋਣ ਦੇ ਬਾਵਜੂਦ ਵੀ ਮੱਦਦ ਕਰਨ ਦੀ ਵਜਾਏ ਸੌ 2 ਬਹਾਨੇ ਘੜਨ ਲੱਗ ਪੈਂਦੇ ਹਨ।ਇਸੇ ਲਈ ਤਾਂ ਲੋਕ ਕਹਿੰਦੇ ਹੈ,ਕਿ ਪ੍ਰਮਾਤਮਾ ਕਦੇ ਕਿਸੇ ਨੂੰ ਕਿਸੇ ਦੇ ਵੱਸ ਨਾ ਪਾਏ ਅਤੇ ਸਦਾ ਤੰਦਰੁਸਤੀ ਹੀ ਬਖਸ਼ੇ!

Share this Article
Leave a comment