ਪੰਜਾਬ ਦੀ ਆਬੋ-ਹਵਾ ਵਿੱਚ ਕਿਵੇਂ ਹੋ ਗਿਆ ਸੁਧਾਰ

TeamGlobalPunjab
3 Min Read

ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਫੈਲ ਰਹੇ ਪ੍ਰਦੂਸ਼ਣ ਦਾ ਮੁੱਦਾ ਸੰਸਦ ਤੋਂ ਸੁਪਰੀਮ ਕੋਰਟ ਤੱਕ ਜਾ ਪੁੱਜਿਆ ਸੀ। ਇਸ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਦੀ ਝਾੜਝੰਬ ਵੀ ਕੀਤੀ ਅਤੇ ਇਸ ਦੇ ਹੱਲ ਲਈ ਕੀਤੇ ਪ੍ਰਬੰਧਾਂ ਬਾਰੇ ਰਿਪੋਰਟਾਂ ਵੀ ਤਲਬ ਕੀਤੀਆਂ ਗਈਆਂ ਸਨ। ਪੰਜਾਬ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਸਰਕਾਰ ਚੌਕਸ ਵੀ ਹੋਈ। ਦਿੱਲੀ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਸ਼ਹਿਰਾਂ ਦੀ ਸ਼ੁੱਧ ਹਵਾ ਖ਼ਰਾਬ ਹੋਣ ਲੱਗ ਪਈ ਸੀ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਮੌਸਮ ਦੇ ਅਚਾਨਕ ਬਦਲੇ ਮਿਜ਼ਾਜ ਨਾਲ ਮੀਂਹ ਪੈਣ ਕਾਰਨ ਪ੍ਰਦੂਸ਼ਣ ਘਟ ਗਿਆ। ਮੀਂਹ ਨੇ ਹਵਾ ’ਚ ਫੈਲੇ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤੱਕ ਧੋ ਦਿੱਤਾ। ਸੂਬੇ ਆਬੋ-ਹਵਾ ਬਦਲ ਗਈ ਅਤੇ ਗੁਣਵੱਤਾ ਦਾ ਸੂਚਕ ਅੰਕ ਸੰਤੁਸ਼ਟੀ ਤੇ ਦਰਮਿਆਨੀ ਸਥਿਤੀ ‘ਕੋਡ’ ‘ਤੇ ਪਹੁੰਚ ਗਿਆ।
ਅੰਮ੍ਰਿਤਸਰ ਤੇ ਗੋਬਿੰਦਗੜ੍ਹ ’ਚ ਸਭ ਤੋਂ ਘੱਟ ਸੂਚਕ ਅੰਕ 90 ਮਾਪਿਆ ਗਿਆ ਜਦੋਂਕਿ ਖੰਨਾ ’ਚ 92 ਅੰਕ ’ਤੇ ਆ ਗਿਆ ਹੈ। ਦੀਵਾਲੀ ਤੋਂ ਬਾਅਦ ਪੰਜਾਬ ਵਿਚ ਹਵਾ ਦਾ ਗੁਣਵੱਤਾ ਸੂਚਕ ਅੰਕ ਅੰਤਲੇ ਅੰਕੜੇ ’ਚ ਪਹੁੰਚਿਆ ਹੋਇਆ ਸੀ। ਪਰਾਲੀ ਦੇ ਧੂੰਏਂ ਨੇ ਹਵਾ ਨੂੰ ਹੋਰ ਵੀ ਪਲੀਤ ਕਰ ਦਿੱਤਾ ਸੀ। ਪ੍ਰਦੂਸ਼ਣ ਦੀ ਮਾਰ ਕਾਰਨ ਲੋਕ ਪੀੜਤ ਹੋ ਗਏ ਸਨ ਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਪਰਾਲੀ ਦੇ ਧੂੰਏਂ ਦਾ ਦਿੱਲੀ ਤਕ ਅਸਰ ਪਹੁੰਚਦਾ ਹੈ। ਹਲਕੇ ਤੋਂ ਦਰਮਿਆਨੇ ਮੀਂਹ ਨੇ ਪੰਜਾਬ ਵਿੱਚ ਠੰਢ ਵਧਾ ਕੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰ ਦਿੱਤਾ ਹੈ। ਮੌਸਮ ਦੇ ਬਦਲੇ ਮਿਜ਼ਾਜ ਦਾ ਅਸਰ ਅਗਲੇ ਦਿਨਾਂ ’ਚ ਵੀ ਰਹਿਣ ਦੀ ਸੰਭਾਵਨਾ ਹੈ। ਰਿਪੋਰਟਾਂ ਮੁਤਾਬਿਕ ਮੰਗਲਵਾਰ ਨੂੰ ਅੰਮ੍ਰਿਤਸਰ ’ਚ ਦੁਪਹਿਰ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਜਿਹੜਾ 119 ’ਤੇ ਸੀ ਉਹ ਸ਼ਾਮ ਤਕ ਘਟ ਕੇ 90 ’ਤੇ ਆ ਗਿਆ ਸੀ। ਮੰਡੀ ਗੋਬਿੰਦਗੜ੍ਹ ’ਚ ਸੂਚਕ ਅੰਕ ਦੁਪਹਿਰ ਤੋਂ ਪਹਿਲਾਂ 106 ਤੋਂ ਸ਼ਾਮ ਨੂੰ ਘਟ ਕੇ 90 ’ਤੇ ਆ ਗਿਆ। ਖੰਨਾ ’ਚ ਸੂਚਕ ਅੰਕ 91, ਬਠਿੰਡਾ ’ਚ 140, ਜਲੰਧਰ ’ਚ 174, ਲੁਧਿਆਣਾ ’ਚ 122 ਤੇ ਪਟਿਆਲਾ ’ਚ 102 ਸੂਚਕ ਅੰਕ ’ਤੇ ਮਾਪਿਆ ਗਿਆ ਹੈ। ਮੰਗਲਵਾਰ ਸ਼ਾਮ ਦੀ ਰਿਪੋਰਟ ਅਨੁਸਾਰ ਪੰਜਾਬ ’ਚ ਸਿਰਫ਼ ਰੋਪੜ ’ਚ ਹੀ ਸੂਚਕ ਅੰਕ 230 ‘ਮਾੜੀ ਸਥਿਤੀ’ ਵਿਚ ਪਾਇਆ ਗਿਆ ਹੈ ਜਦੋਂਕਿ ਬਾਕੀ ਹਿੱਸਿਆਂ ਦੀ ਹਵਾ ਦੀ ਗੁਣਵੱਤਾ ’ਚ ਵੱਡਾ ਸੁਧਾਰ ਆਇਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਮੁਤਾਬਿਕ ਮੌਸਮ ’ਚ ਤਬਦੀਲੀ ਮਗਰੋਂ ਵਾਤਾਵਰਨ ਸਾਫ਼ ਹੋ ਰਿਹਾ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਸੁਖ ਦਾ ਸਾਹ ਮਿਲੇਗਾ ਜਿਹਨਾਂ ਉਪਰ ਕੇਸ ਦਰਜ ਹੋਣ ਦੀਆਂ ਤਲਵਾਰਾਂ ਲਟਕ ਰਹੀਆਂ ਹਨ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

Share This Article
Leave a Comment