ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ‘ਚ ਵੱਡਾ ਘੁਟਾਲਾ!

TeamGlobalPunjab
9 Min Read

ਚੰਡੀਗੜ੍ਹ : ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟਗਿਣਤੀ ਭਾਈਚਾਰਿਆਂ ਦੇ ਹਿਤਾਂ ਲਈ ਕੰਮ ਕਰ ਰਹੀ ਸਿਆਸੀ-ਸਮਾਜਿਕ ਸੰਸਥਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਅੱਜ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਨੂੰ ਚੰਗੇ ਢੰਗ ਨਾਲ ਲਾਗੂ ਕਰਨ ਵਿਚ ਨਾਕਾਮ ਰਹਿਣ ‘ਤੇ ਪੰਜਾਬ ਸਰਕਾਰ ਨੂੰ ਆੜੇ ਹਥੀਂ ਲਿਆ। ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹਾਲ ਦੇ ਹੀ ਵਰ੍ਹਿਆਂ ਦੌਰਾਨ ਦੁਰਵਰਤੋਂ ਕਾਰਨ ਕਰਪਸ਼ਨ ਦੀ ਇਕ ਵੱਡੀ ਮਿਸਾਲ ਬਣ ਗਈ ਹੈ। ਪਰਮਜੀਤ ਕੈਂਥ ਨੇ ਕਿਹਾ ਕਿ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਹੋਏ ਘੁਟਾਲੇ ਦਾ ਪਰਦਾਫਾਸ਼ ਕਰਨ ਦੀ ਮੁਹਿੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜਿਲੇ ਪਟਿਆਲਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਕੈਂਥ ਨੇ ਕਿਹਾ ਕਿ ਪੰਜਾਬ ਸਰਕਾਰ ਉਪਰ ਅਨੁਸੂਚਿਤ ਜਾਤੀਆਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਾਰਨ ਦੇ ਇਲਜ਼ਾਮ ਲਗਾਉਂਦਿਆਂ ਅੰਕੜਿਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਜਿਸ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕਿਵੇਂ ਇਹ ਸਕੀਮ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ ਅਤੇ ਨਿੱਜੀ ਸਿੱਖਿਆ ਅਦਾਰਿਆਂ ਵਿਚ ਸਿਆਸਤਦਾਨਾਂ ਦੇ ਸੌੜੇ ਹਿਤਾਂ ਕਾਰਨ ਇਹ ਸਕੀਮ ਇਸ ਹਾਲਤ ਤਕ ਪਹੁੰਚ ਗਈ ਹੈ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਸ ਸਕੀਮ ਤੋਂ ਕੋਈ ਫਾਇਦਾ ਪਹੁੰਚਣ ਦੀ ਕੋਈ ਆਸ ਨਹੀ ਹੈ ਅਤੇ ਨਾ ਹੀ ਸਿਆਸਤਦਾਨ ਇਸ ਸਕੀਮ ਦਾ ਲਾਭ ਅਨੁਸੂਚਿਤ ਜਾਤੀਆਂ  ਵਿਦਿਆਰਥੀਆਂ ਦਾ ਭਵਿੱਖ ਉੱਜਲ ਕਰਨ ਦੀ ਨੀਅਤ ਨਾਲ ਉਨਾਂ ਨੂੰ ਮਾਲੀ ਸਹਾਇਤਾ ਮੁਹੱਈਆ ਕਰਾਉਣ ਦੇ ਮੂਡ ਵਿਚ ਹਨ।
ਉਨਾਂ ਕਿਹਾ ਕਿ ਇਸ ਸਕੀਮ ਵਿਚ ਭ੍ਰਿਸ਼ਟਾਚਾਰ ਲਈ ਜਿਥੇ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਅਤੇ ਉਸ ਉਪਰ ਭਾਂਤ ਭਾਂਤ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ ਉਥੇ ਹੀ ਇਸ ਸਕੀਮ ਨੂੰ ਭ੍ਰਿਸ਼ਟਾਚਾਰ ਵਿਚ ਡੋਬਣ ਵਿਚ ਨਿਜੀ ਵਿਦਿਅਕ ਅਦਾਰੇ ਵੀ ਪਿਛੇ ਨਹੀ ਹਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਰੂਪ ਵਿਚ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦੇ ਕਾਲਜਾਂ ਦੀਆਂ ਫੀਸਾਂ ਤੇ ਹੋਰ ਖਰਚੇ ਸਰਕਾਰ ਵਲੋਂ ਕਾਲਜਾਂ ਦੇ ਬੈਂਕ ਖਾਤਿਆਂ ਵਿਚ ਜਮਾ ਕਰਾਏ ਜਾਂਦੇ ਹਨ। ਪਰ ਨਿਜੀ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਆਪਣੇ ਨਿਜੀ ਮੁਫਾਦਾਂ ਨੂੰ ਲੈ ਕੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਕਾਰਨ ਨਾ ਸਿਰਫ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਜਾ ਰਿਹਾ ਹੈ ਬਲਕਿ ਸਰਕਾਰ ਦਾ ਇਨਾਂ ਵਿਦਿਆਰਥੀਆਂ ਦੀ ਜਿੰਦਗੀ ਸੰਵਾਰਨ ਲਈ ਉਨਾਂ ਨੂੰ ਉੱਚ ਸਿਖਿਆ ਮੁਹੱਈਆ ਕਰਾਉਣ ਦਾ ਮੁੱਢਲਾ ਮਕਸਦ ਵੀ ਢਹਿ ਢੇਰੀ ਹੁੰਦਾ ਨਜ਼ਰ ਆ ਰਿਹਾ ਹੈ।
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਨਿੱਜੀ ਵਿੱਦਿਅਕ ਅਦਾਰੇ ਕਿਸ ਹੱਦ ਤੱਕ ਭ੍ਰਿਸ਼ਟਾਚਾਰ ਵਿਚ ਡੁੱਬੇ ਹੋਏ ਹਨ ਇਸ ਦੀ ਇਕ ਮਿਸਾਲ ਸਮਾਣੇ ਦੇ  ਢੇਠਲ ਸਥਿਤ ਆਦਰਸ਼ ਪਾਲੀਟੈਕਨਿਕ ਕਾਲਜ ਵਿਚ ਹੋਏ ਇਸ ਸਕੀਮ ਅਧੀਨ ਤਕਰੀਬਨ ਇਕ ਕਰੋੜ ਰੁਪਏ ਦੇ ਘੁਟਾਲੇ ਦੇ ਰੂਪ ਵਿਚ ਸਾਹਮਣੇ ਆਈ ਹੈ।

 
ਪੰਜਾਬ ਵਿਚ ਇਸ ਘੁਟਾਲੇ ਨੂੰ ਰਾਜ ਦਾ ਸਭ ਤੋਂ ਵੱਡਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਮੰਨਿਆ ਜਾ ਰਿਹਾ ਹੈ।  ਜਿਸ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜੋੜੇ ਡਾਕਟਰ ਵਿਕਰਮਜੀਤ ਸਿੰਘ ਅਤੇ ਉਨਾਂ ਦੀ ਧਰਮਪਤਨੀ ਡਾਕਟਰ ਰੰਜੂ ਸਿੰਗਲਾ ਨੂੰ ਸਿੱਧੇ ਸਿੱਧੇ ਜਿੰਮੇਵਾਰ ਠਹਰਾਇਆ ਜਾ ਰਿਹਾ ਹੈ ਅਤੇ ਇਸ ਜੋੜੇ ਉਪਰ  1,23,78, 535 ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫ਼ੰਡ ਦੀ ਹੇਰਾਫੇਰੀ ਕਰਨ ਅਤੇ ਇਸ ਫ਼ੰਡ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤੋਂ ਵਿਚ ਲਿਆਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।  ਇਹ ਜੋੜਾ ਨੋਵਾ ਐਜੂਕੇਸ਼ਨ ਸੋਸਾਇਟੀ ਦਾ ਮੈਂਬਰ ਹੋਣ ਦੇ ਨਾਤੇ ਕਾਲਜ ਦੀ ਮੈਨੇਜਮੈਂਟ ਅਤੇ ਹੋਰਨਾਂ ਕੰਮਾਂ ਦੇ ਸੰਚਾਲਨ ਲਈ ਜਿੰਮੇਵਾਰ ਹੈ।  ਜਿਸ ਦੇ ਚਲਦਿਆਂ ਇਹ ਦੋਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫ਼ੰਡ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਨੂੰ ਲੈ ਕੇ ਪੂਰੀ ਤਰਾਂ ਨਾਲ ਸ਼ੱਕ ਦੇ ਘੇਰੇ ਵਿਚ ਹਨ।   ਉਨਾਂ ਕਿਹਾ ਕਿ ਅਲਾਇੰਸ ਪਿਛਲੇ ਕਈ ਵਰ੍ਹਿਆਂ ਤੋਂ ਇਸ ਸਕੀਮ ਨੂੰ ਪੰਜਾਬ ਵਿਚ ਢੁਕਵੇਂ ਤੇ ਚੰਗੇ ਢੰਗ ਨਾਲ ਲਾਗੂ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਅਤੇ ਜਿਸ ਢੰਗ ਨਾਲ ਇਸ ਸਕੀਮ ਨੂੰ ਲਾਗੂ ਕੀਤਾ ਗਿਆ ਹੈ, ਇਹ ਘੁਟਾਲਾ ਇਸ ਦੀ ਸਬ ਤੋਂ ਵੱਡੀ ਮਿਸਾਲ ਹੈ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲਗ ਚੁੱਕਿਆ ਹੈ।
ਕੈਂਥ ਨੇ ਇਲਜ਼ਾਮ ਲਗਾਇਆ ਕਿ ਡਾਕਟਰ ਵਿਕਰਮਜੀਤ ਅਤੇ ਉਨਾਂ ਦੀ ਧਰਮਪਤਨੀ ਰੰਜੂ ਸਿੰਗਲਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫ਼ੰਡ ਦੀ ਦੁਰਵਰਤੋਂ ਕਰ ਕੇ ਨਾ ਸਿਰਫ ਸਮਾਜ ਨਾਲ ਹੀ ਧੋਖਾ ਕੀਤਾ ਹੈ ਬਲਕਿ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਹੈ।  ਇਹ ਮਾਮਲਾ ਨੌਕਰਸ਼ਾਹੀ ਤੇ ਘੁਟਾਲੇਬਾਜ਼ਾਂ ਵਿਚਾਲੇ ਅਜਿਹੀ ਸਾਂਝ  ਦਾ ਪ੍ਰਤੀਕ ਹੈ ਕਿ ਘੁਟਾਲੇਬਾਜ਼ਾਂ ਨੂੰ ਫਾਇਦਾ ਪਹੁੰਚਾਓ ਤੇ ਆਮ ਆਦਮੀ ਨੂੰ ਤੰਗ-ਪ੍ਰੇਸ਼ਾਨ ਕਰੋ।


ਕੈਂਥ ਨੇ ਕਿਹਾ ਕਿ ਹੁਣ ਤਕ ਜਿਹੜੇ ਸਬੂਤ ਹਾਸਿਲ ਹੋਏ ਹਨ, ਉਨਾਂ ਅਨੁਸਾਰ ਇਸ ਜੋੜੇ ਨੇ ਤਨਖਾਵਾਂ ਦੀ ਅਦਾਇਗੀ ਦੀ ਆੜ ਵਿਚ ਫਰਜ਼ੀ ਮੁਲਾਜ਼ਮਾਂ ਦੇ ਨਾਵਾਂ ਤੇ ਪੈਸੇ ਜਮਾ ਕਰਾਏ। ਇਸੇ ਹੀ ਸੰਬੰਧ ਵਿਚ ਮਈ 2015 ਤੋਂ ਮਾਰਚ 2016 ਤਕ 60, 37, 735 ਰੁਪਏ ਕਾਰਪੋਰੇਸ਼ਨ ਬੈਂਕ ਦੇ ਨੋਵਾ ਸੋਸਾਇਟੀ ਦੇ ਖਾਤੇ ਵਿਚੋਂ ਕਢਵਾਏ ਗਏ ਅਤੇ ਫੇਰ ਅਪ੍ਰੈਲ 2016 ਤੋਂ ਮਾਰਚ 2017 ਤਕ 63, 40, 800 ਰੁਪਏ ਇਸ ਜੋੜੇ ਨੇ ਬੈਂਕ ਵਿਚੋਂ ਕਢਵਾਏ। ਸੰਬੰਧਿਤ ਅਧਿਕਾਰੀਆਂ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਹ ਪੈਸਾ 2015 ਤੋਂ 2017 ਤਕ ਲਈ ਉਸੇ ਹੀ ਬੈਂਕ ਦੇ ਖਾਤੇ ਵਿਚ ਜਮਾ ਕਰਾਇਆ ਗਿਆ ਸੀ ਜੋ ਇਸ ਜੋੜੇ ਵਲੋਂ ਆਪਣੇ ਨਿਜੀ ਮੁਫ਼ਾਦ ਲਈ ਵਰਤਿਆ ਗਿਆ ਸੀ।
ਉਨਾਂ ਦੱਸਿਆ ਕਿ ਭਾਰਤ ਦੇ ਕੰਟਰੋਲਰ ਤੇ ਆਡੀਟਰ ਜਨਰਲ (ਕੈਗ) ਵਲੋਂ 2018 ਵਿਚ ਪ੍ਰਕਾਸ਼ਿਤ ਕੀਤੀ ਗਈ 12ਵੀ ਰਿਪੋਰਟ ਵਿਚ ਪੰਜਾਬ ਤੋਂ ਇਲਾਵਾ ਦੇਸ਼ ਦੇ ਚਾਰ ਹੋਰ ਰਾਜਾਂ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕੀਤੇ ਜਾਣ ਮਗਰੋਂ ਇਨਾਂ ਦੀ ਕਾਰਗੁਜ਼ਾਰੀ ਰਿਪੋਰਟ ਦੇ ਆਧਾਰ ਤੇ ਕੀਤੇ ਗਏ ਆਡਿਟ ਦੇ ਨਤੀਜਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।  ਇਸ ਰਿਪੋਰਟ ਵਿਚ ਆਡਿਟ ਦੌਰਾਨ ਉਨਾਂ ਤੱਥਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ ਜੋ ਅਪ੍ਰੈਲ 2012 ਤੋਂ ਮਾਰਚ 2017 ਦੇ ਸਮੇਂ ਦੌਰਾਨ ਸਾਹਮਣੇ ਆਏ ਸਨ. ਆਡਿਟ ਦੀ ਜਾਂਚ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਫ਼ੰਡ ਦਾ ਦੂਜੇ ਕੰਮਾਂ ਲਈ ਇਸਤੇਮਾਲ, ਫ਼ੰਡ ਦੇਣ ਤੋਂ ਇਨਕਾਰ ਕਰਨਾ, ਅਤੇ ਸਕਾਲਰਸ਼ਿਪ ਦੇ ਪੈਸੇ ਦਾ ਘੱਟ ਭੁਗਤਾਨ ਕਰਨਾ ਅਤੇ ਸਕਾਲਰਸ਼ਿਪ ਫ਼ੰਡ ਦੀ ਬਹੁਤ ਜਿਆਦਾ ਅਦਾਇਗੀ ਕਰਨ ਤੋਂ ਇਲਾਵਾ ਨਾਕਾਬਿਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦੇ ਮਾਮਲੇ ਸਾਹਮਣੇ ਆਏ ਸਨ।  ਪਟਿਆਲਾ ਦੇ ਢੇਠਲ ਵਿਚ ਸਥਿਤ ਆਦਰਸ਼ ਪਾਲੀਟੈਕਨਿਕ ਕਾਲਜ ਵੀ ਉਨਾਂ 17 ਵਿਦਿਅਕ ਅਦਾਰਿਆਂ ਵਿਚ ਸ਼ਾਮਿਲ ਹੈ, ਜਿਨਾਂ ਦਾ ਇਸ ਘੁਟਾਲੇ ਵਿਚ ਜਿਕਰ ਕੀਤਾ ਗਿਆ ਹੈ। ਫਰਜ਼ੀ ਮੁਲਾਜ਼ਮਾਂ ਦੇ ਨਾਅ ਤੇ ਸਕਾਲਰਸ਼ਿਪ ਦਾ ਫ਼ੰਡ ਖੁਰਦ ਬੁਰਦ ਕਰਨਾ ਕਈ ਤਰੀਕਿਆਂ ਵਿਚੋਂ ਇਕ ਹੈ।  ਪਰ ਡਾਕਟਰ ਵਿਕਰਮਜੀਤ ਅਤੇ ਉਨਾਂ ਦੀ ਧਰਮਪਤਨੀ ਰੰਜੂ ਸਿੰਗਲਾ ਵਲੋਂ ਸੰਸਥਾ ਦਾ ਅਹੁਦੇਦਾਰ ਹੁੰਦਿਆਂ ਅਪਣੇ ਅਹੁਦੇ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫ਼ੰਡ ਨੂੰ ਆਪਣੇ ਮੁਫ਼ਾਦ ਲਈ ਵਰਤੋਂ ਵਿਚ ਲਿਆਉਣਾ ਇਕ ਸੰਗੀਨ ਜੁਰਮ ਹੈ।  ਰਿਪੋਰਟ ਵਿਚ ਇਸ ਗੱਲ ਦਾ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਡਾਕਟਰ ਵਿਕਰਮਜੀਤ ਨੇ, ਜੋ ਕਾਲਜ ਦੀ ਖੁਦ ਦੇਖਭਾਲ ਵੀ ਕਰਦੇ ਹਨ, ਸਕਾਲਰਸ਼ਿਪ ਦੀ ਬਹੁਤ ਜਿਆਦਾ ਰਕਮ ਦੀ ਵਾਪਸੀ ਦਾ ਦਾਅਵਾ ਕੀਤਾ।


ਕੈਂਥ ਨੇ ਕਿਹਾ ਕਿ ਨੈਸ਼ਨਲ ਸ਼ਡੀਉਲਡ ਕਾਸਟ ਅਲਾਇੰਸ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਇਸ ਵੱਡੇ ਆਰਥਿਕ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਡਾਕਟਰ ਵਿਕਰਮਜੀਤ ਅਤੇ ਉਨਾਂ ਦੀ ਧਰਮਪਤਨੀ ਤੋਂ ਇਸ ਸਕੀਮ ਕੇ ਖੁਰਫ ਬੁਰਦ ਕੀਤੇ ਗਏ ਇਕ ਇਕ ਪੈਸੇ ਦੀ ਵਸੂਲੀ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਜੋੜੇ ਦਾ ਇਹ ਘੁਟਾਲਾ ਇਕ ਬਹੁਤ ਵੱਡਾ ਆਰਥਿਕ ਘੁਟਾਲਾ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਨਾਂ ਦੋਹਾਂ ਵਿਰੁੱਧ ਐਫ ਆਈ ਆਰ ਦਰਜ ਕਰਕੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਉਸ ਤੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ, ਕਿਉਂ ਜੋ ਇਸ ਘੁਟਾਲੇ ਦੇ ਸੰਬੰਧ ਵਿਚ ਸਾਰੇ ਸਬੂਤ ਅਤੇ ਤੱਥ ਮੌਜੂਦ ਹਨ।ਇਸ ਗੱਲ ਦੀ ਵੀ ਕੋਈ ਗੁੰਜਾਇਸ਼ ਨਹੀ ਰਹੀ ਗਈ ਹੈ ਕਿ ਇਹ ਜੋੜਾ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੀ ਰਕਮ ਨੂੰ ਖੁਰਦ ਬੁਰਦ ਕਰਨ ਲਈ ਪੂਰੀ ਤਰਾਂ ਨਾਲ ਜਿੰਮੇਵਾਰ ਹੈ। ਮੁਹਿੰਮ ਦੌਰਾਨ ਜਿਲ੍ਹਾ ਪ੍ਰਧਾਨ ਚਰਨ ਸਿੰਘ ਭਟੇੜੀ, ਦਲੀਪ ਸਿੰਘ ਬੂਚੜੇ, ਜਰਨੈਲ ਸਿੰਘ ਸਵਾਜਪੁਰ, ਗੁਰਸੇਵਕ ਸਿੰਘ ਮੈਣ ਮਾਜਰੀ,ਸਤਵਿੰਦਰ ਸਿੰਘ ਕਾਲਾ, ਸੂਬੇਦਾਰ ਸੁਰਜਨ ਸਿੰਘ,ਊਧਮ ਸਿੰਘ,ਗੁਰਪ੍ਰੀਤ ਕੈਂਥ,ਰਾਮੇਸ ਨਾਹਰ, ਅਮਰੀਕੀ ਸਿੰਘ, ਗੁਰਨਾਮ ਸਿੰਘ, ਲੰਬੜਦਾਰ ਗੁਰਦੀਪ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਪੀਰਜੈਨ, ਸਰਨਜੀਤ  ਸਿੰਘ ਬੈਹਿਰੂ,ਪ੍ਰੀਤ ਕਾਸ਼ੀ, ਹੇਮ ਰਾਜ ਚੁਪਕੀ   ਆਦ ਨੇ ਸ਼ਮੂਲੀਅਤ ਕੀਤੀ।

- Advertisement -

Share this Article
Leave a comment