ਪਾਈ ਜਾਓ ਰੌਲਾ, ਆਹ ਕੁੰਵਰ ਵਿਜੇ ਨੇ ਕੋਟਕਪੁਰਾ ਕਾਂਡ ‘ਚ ਕਰਤਾ ਦੂਜਾ ਚਲਾਨ ਵੀ ਅਦਾਲਤ ‘ਚ ਪੇਸ਼

TeamGlobalPunjab
3 Min Read

ਕੋਟਕਪੁਰਾ : ਐਸ. ਆਈ. ਟੀ. ਦੇ ਮੈਂਬਰ ਅਤੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਨੇ 2015 ਚ ਹੋਏ ਕੋਟਕਪੂਰਾ ਗੋਲੀਕਾਂਡ ਨੂੰ ਲੈਕੇ ਵੀਰਵਾਰ ਨੂੰ ਦੂਜਾ ਚਲਾਨ ਵੀ ਅਦਾਲਤ ‘ਚ ਪੇਸ਼ ਕਰ ਦਿੱਤਾ। ਇਸ ਚਲਾਨ ‘ਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਪੰਜ ਪੁਲਿਸ ਅਧਿਕਾਰੀਆਂ ਦੇ ਨਾਮ ਮੌਜੂਦ ਹਨ। ਉਹਨਾਂ ਪੰਜ ਅਧਿਕਾਰੀਆਂ ‘ਚੋਂ ਸਮੇਂ ਦੇ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ, ਸਮੇਂ ਦੇ ਐਸ ਐਸ ਪੀ ਚਰਨਜੀਤ ਸ਼ਰਮਾ ਮੋਗਾ, ਏ ਡੀ ਸੀ ਪੀ ਪਰਮਜੀਤ ਸਿੰਘ ਪੰਨੂ, ਸਮੇਂ ਦੇ ਡੀ ਐਸ ਪੀ ਕੋਟਕਪੂਰਾ ਬਲਜੀਤ ਸਿੰਘ ਅਤੇ ਕੋਟਕਪੂਰਾ ਦੇ ਸਮੇਂ ਦੇ ਐਸ ਐਚ ਓ  ਗੁਰਦੀਪ ਸਿੰਘ ਪੰਧੇਰ ਦਾ ਨਾਮ ਮੋਜੂਦ ਹੈ। ਇੰਝ ਪਹਿਲਾ ਚਲਾਨ ਪੇਸ਼ ਹੋਣ ‘ਤੇ ਰੌਲਾ ਪੈ ਜਾਣ ਦੇ ਬਾਵਜੂਦ ਇੱਕ ਵਾਰ ਫਿਰ ਕੁੰਵਰ ਵਿਜੇ ਪ੍ਰਤਾਪ ਨੇ ਅਗਲਾ ਚਲਾਨ ਪੇਸ਼ ਕਰਕੇ ਆਪਣੇ ਵਿਰੋਧੀਆਂ ਨੂੰ ਇੱਕ ਸ਼ਾਂਤ ਪਰ ਵੱਖਰੇ ਕਿਸਮ ਦਾ ਸੁਨੇਹਾ ਦਿੱਤਾ ਹੈ।

ਦਰਅਸਲ ਸਰਕਾਰੀ ਅਫ਼ਸਰਾਂ ਖ਼ਿਲਾਫ਼ ਕੇਸ ਚਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਸਬੰਧਿਤ ਵਿਭਾਗਾਂ ਦੀ ਮਨਜ਼ੂਰੀ ਲੈਣ ਦੇ ਨਿਯਮ ਸਨ ਇਸ ਲਈ ਗ੍ਰਹਿ ਵਿਭਾਗ ਨੇ ਮਾਮਲੇ ਦੀ ਜਾਂਚ ਟੀਮ ਨੂੰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦੇ ਦਿੱਤੇ ਜਿਸ ਤੋਂ ਬਾਅਦ ਜਾਂਚ ਟੀਮ ਨੇ ਗ੍ਰਹਿ ਵਿਭਾਗ ਦਾ ਹੁਕਮ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।ਇਸ ਮਸਲੇ ਤੇ ਕੋਰਟ ਵਿਚ 2000 ਪੰਨਿਆਂ ਦਾ ਚਲਾਨ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਹੁਣ ਵੀਰਵਾਰ ਨੂੰ 68 ਪੰਨਿਆਂ ਦਾ ਵਾਧੂ ਚਲਾਨ ਵੀ ਅਦਾਲਤ ਵਿੱਚ ਦਾਖਲ ਕੀਤਾ ਹੈ, ਜਿਸ ਵਿਚ ਸਾਰੀਆਂ ਕਾਲ ਡਿਟੈਲਸ ਵੀ ਮੌਜੂਦ ਹਨ।

ਦੱਸ ਦਈਏ ਕਿ ਪਹਿਲਾ ਵੀ 27 ਮਈ ਨੂੰ ਇਸ ਬਾਬਤ ਇਕ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਵਿਚ ਸੁਖਬੀਰ ਸਿੰਘ ਬਾਦਲ , ਸਮੇਂ ਦੇ ਡੀ ਜੀ ਪੀ ਸੁਮੇਧ ਸੈਣੀ ਅਤੇ ਡੇਰਾ ਸੱਚਾ ਸੌਦਾ ਦੇ ਮੁੱਖੀ ਦਾ ਨਾਮ ਸ਼ਾਮਲ ਸਨ। ਇਸ ਚਲਾਨ ਦੇ ਅਨੁਸਾਰ ਸਮੇਂ ਦੇ ਏ ਡੀ ਸੀ ਪੀ ਪਨੂੰ ਨੂੰ ਉਮਰਾਨੰਗਲ ਨੇ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਖਾਸ ਤੌਰ ਤੇ ਤਾਕਤ ਦੀ ਵਰਤੋਂ ਕਰਨ ਲਈ ਕਿਹਾ ਸੀ। ਐਸ ਆਈ ਟੀ ਮੁਤਾਬਿਕ ਉਮਰਾਨੰਗਲ ਉਸ ਵੇਲੇ ਸੁਰੱਖਿਆ ਬਲਾਂ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਹੁਕਮ ਡੀ ਜੀ ਪੀ ਵਲੋਂ ਸਿੱਧੇ ਤੌਰ ‘ਤੇ ਦਿੱਤੇ ਜਾ ਰਹੇ ਸਨ।

ਚਲਾਨ ਵਿੱਚ ਐਸ ਆਈ ਟੀ ਨੇ ਕੋਟਕਪੂਰਾ ਦੇ ਤਤਕਾਲੀ ਐਸ ਐਚ ਓ ਅਤੇ ਡੀ ਐਸ ਪੀ ਤੇ ਸਬੂਤਾਂ ਨੂੰ ਖੁਰਦ ਬੁਰਦ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਇਸਦੇ ਨਾਲ ਹੀ ਐਸ ਆਈ ਟੀ ਨੇ ਇਸ ਮਾਮਲੇ ਵਿਚ ਉੱਚ ਅਧਿਕਾਰੀਆਂ, ਰਾਜਨੀਤਕ ਅਤੇ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਦਾ ਪੂਰਾ ਹੱਥ ਹੋਣ ਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ ਸਮੇਂ ਦੇ ਡੀ ਜੀ ਪੀ ਸੁਮੇਧ ਸੈਣੀ ਅਤੇ ਸਮੇਂ ਦੇ ਡੀ ਆਈ ਜੀ ਅਮਰ ਸਿੰਘ ਚਾਹਲ ਦਾ ਵੀ ਪੂਰਾ ਹੱਥ ਹੋਣ ਦੀ ਜਿਕਰ ਕੀਤਾ ਹੈ।

- Advertisement -

 

Share this Article
Leave a comment