ਨਸ਼ੇੜੀ ਭਰਾ ਕਰਦਾ ਸੀ ਅਜਿਹੀਆਂ ਹਰਕਤਾਂ ਕਿ ਭੈਣ ਨੂੰ ਬੁਲਾਉਣੀ ਪਈ ਪੁਲਿਸ, ਫਿਰ ਮੌਕੇ ‘ਤੇ ਹੋਇਆ ਅਜਿਹਾ ਕੁਝ ਕਿ ਸੁੰਨ ਹੋ ਗਿਆ ਸਾਰਾ ਇਲਾਕਾ

TeamGlobalPunjab
4 Min Read

ਗੁਰਦਾਸਪੁਰ :- ਸੂਬੇ ਅੰਦਰ ਚਿੱਟੇ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।  ਨੌਜਵਾਨ ਪੀੜ੍ਹੀ ਚਿੱਟੇ ਦੀ ਲਤ ‘ਚ ਇਸ ਕਦਰ ਗਲਤਾਨ ਹੋ ਗਈ ਹੈ ਕਿ ਉਸ ਨੂੰ ਚੰਗੇ ਮਾੜੇ ਦੀ ਕੋਈ ਪਰਖ ਵੀ ਨਹੀਂ ਰਹੀ। ਤਾਜ਼ਾ ਮਾਮਲਾ ਇੱਥੋਂ ਦੇ ਪਿੰਡ ਤਲਵੰਡੀ ਭਰਥ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪਣੇ ਇਕਲੌਤੇ ਭਰਾ ਨੂੰ ਚਿੱਟਾ ਛੁਡਵਾਉਣ ਵਿੱਚ ਨਾਕਾਮ ਰਹੀ ਇੱਕ ਭੈਣ ਆਖਰਕਾਰ ਇਸ ਕਦਰ ਮਜਬੂਰ ਹੋ ਗਈ ਕਿ ਉਸ ਨੇ ਆਪਣੇ ਹੱਥੀਂ ਆਪਣੇ ਭਰਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਭਰਥ ਦੀ ਪ੍ਰੀਤ ਕੌਰ ਨਾਮਕ ਇੱਕ ਔਰਤ ਨੇੜਲੇ ਪਿੰਡ ਭੋਲੇਕੇ ਵਿਆਹੀ ਹੋਈ ਹੈ। ਜਿਸ ਦੇ ਮਾਂ ਬਾਪ ਦੀ ਮੌਤ ਹੋ ਚੁਕੀ ਹੈ ਤੇ ਪਿੱਛੇ ਪੇਕੇ ਘਰ ਇਕਲੌਤਾ ਭਰਾ ਨਸ਼ੇ ਦੀ ਆਦਤ ਵਿੱਚ ਪੈ ਕੇ ਘਰ ਦੀ ਬਰਬਾਦੀ ‘ਤੇ ਤੁਲਿਆ ਹੋਇਆ ਹੈ। ਹਾਲਾਤ ਇਹ ਹਨ ਕਿ ਪ੍ਰੀਤ ਕੌਰ ਦਾ ਭਰਾ ਨਸ਼ੇ ਦੀ ਆਦਤ ਕਾਰਨ ਨਾ ਸਿਰਫ ਆਪਣੇ ਹਿੱਸੇ ਦੀ ਜ਼ਮੀਨ ਵੇਚ ਚੁਕਾ ਹੈ ਬਲਕਿ ਉਸ ਦੇ ਘਰ ਦਾ ਇੱਕ ਇੱਕ ਸਾਮਾਨ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਪ੍ਰੀਤ ਕੌਰ ਕਹਿੰਦੀ ਹੈ ਕਿ ਉਸ ਨੇ ਆਪਣੇ ਭਰਾ ਦੀਆਂ ਤਰਲੇ ਮਿੰਨਤਾ ਕੀਤੀਆਂ, ਪਰ ਫਿਰ ਵੀ ਉਹ ਕੁਝ ਸੁਣਨ ਲਈ ਤਿਆਰ ਨਹੀਂ। ਅੰਤ ਕਾਲ ਪ੍ਰੀਤ ਕੌਰ ਨੂੰ ਇੱਕ ਵਾਰ ਫਿਰ ਉਸ ਪੁਲਿਸ ਦਾ ਸਹਾਰਾ ਲੈਣਾ ਪਿਆ, ਜਿਸ ਬਾਰੇ ਉਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਕਈ ਵਾਰ ਬੇਨਤੀਆਂ ਕਰ ਚੁਕੀ ਹੈ ਕਿ ਉਸ ਦੇ ਭਰਾ ਨੂੰ ਨਸ਼ੇ ਦੀ ਇਸ ਆਦਤ ਤੋਂ ਬਚਾਇਆ ਜਾਵੇ। ਪ੍ਰੀਤ ਕੌਰ ਅਨੁਸਾਰ ਇਸ ਵਾਰ ਉਨ੍ਹਾਂ ਨੇ ਪੁਲਿਸ ਤੋਂ ਕਾਰਵਾਈ ਕਰਵਾਉਣ ਲਈ ਮੀਡੀਆ ਦਾ ਸਹਾਰਾ ਲਿਆ ਹੈ ਤੇ ਇਸੇ ਲਈ ਪੁਲਿਸ ਵਾਲੇ ਤੁਰੰਤ ਹਰਕਤ ਵਿੱਚ ਵੀ ਆ ਗਏ ਹਨ। ਜਿਨ੍ਹਾਂ ਨੇ ਉਸ ਦੇ ਭਰਾ ਨੂੰ ਘਰੋਂ ਲਿਜਾ ਕੇ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਕਰਵਾ ਦਿੱਤਾ ਹੈ।

ਇੱਧਰ ਇਸ ਸਬੰਧੀ ਵਿੱਚ ਜਦੋਂ ਨਸ਼ੇ ਦੀ ਦਲਦਲ ‘ਚ ਫਸੇ ਪ੍ਰੀਤ ਕੌਰ ਦੇ ਭਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਹ ਤਾਂ ਮੰਨਿਆ ਕਿ ਉਹ ਨਸ਼ਾ ਪੀਂਦਾ ਹੈ, ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਜੇਕਰ ਮੈਂ ਇਸ ਵਾਸਤੇ ਆਪਣੇ ਘਰ ਦਾ ਸਾਮਾਨ ਵੇਚਦਾ ਹਾਂ ਤਾਂ ਕੋਈ ਕਿਸੇ ਦੇ ਘਰੋਂ ਕੋਈ ਚੋਰੀ ਨਹੀਂ ਕਰਦਾ ਤੇ ਨਾ ਹੀ ਕਿਸੇ ਦੇ ਘਰ ਦਾ ਸਾਮਾਨ ਵੇਚਦਾ ਹਾਂ ਜੋ ਕੁਝ ਕਰਦਾ ਹਾਂ ਆਪਣੇ ਹਿੱਸੇ ਦੀ ਜ਼ਮੀਨ ਜਾਇਦਾਦ ਨਾਲ ਕਰ ਰਿਹਾ ਹਾਂ। ਇੱਥੇ ਹੀ ਜਦੋਂ ਪੱਤਰਕਾਰਾਂ ਦੇ ਸਾਹਮਣੇ ਵੀ ਪ੍ਰੀਤ ਕੌਰ ਨੇ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬੜੀ ਬੇਰੁਖੀ ਨਾਲ ਉਸ ਨੂੰ ਇਹ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਮਿਲਣਾ ਵਰਤਣਾ ਤਾਂ ਛੱਡ ਸਕਦਾ ਹਾਂ ਪਰ ਨਸ਼ਾ ਮੇਰੇ ਤੋਂ ਨਹੀਂ ਛੁੱਟ ਸਕਦਾ।

ਦੱਸ ਦਈਏ ਕਿ ਪੰਜਾਬ ‘ਚ ਚਿੱਟੇ ਕਾਰਨ ਆਏ ਦਿਨ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਹਨ, ਪਰ ਫਿਰ ਵੀ ਨੌਜਵਾਨ ਪੀੜ੍ਹੀ ਇਸ ਤੋਂ ਕੋਈ ਸ਼ਬਕ ਨਹੀਂ ਲੈ ਰਹੀ। ਇਸ ਨਾਲ ਹੀ ਸੂਬੇ ‘ਚੋਂ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ‘ਤੇ ਵੀ  ਸਵਾਲ ਖੜ੍ਹੇ ਹੋ ਰਹੇ ਨੇ ਕਿ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੰਨਾਂ ਦਾ ਦਾਅਵਾ ਸੀ ਕਿ ਉਸ ਪੰਜਾਬ ਵਿੱਚੋਂ ਚਾਰ ਹਫਤਿਆਂ ਵਿੱਚ ਨਸ਼ੇ ਨੂੰ ਖਤਮ ਕਰ ਦੇਣਗੇ, ਪਰ ਪ੍ਰੀਤ ਕੌਰ ਦੇ ਭਰਾ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਜਿਹੜੀ ਪੰਜਾਬ ‘ਚ ਬਰਬਾਦ ਹੋ ਰਹੀ ਜਵਾਨੀ ਦੀ ਮੂੰਹ ਬੋਲਦੀ ਤਸਵੀਰ ਹੈ।

- Advertisement -

Share this Article
Leave a comment