ਨਵਜੋਤ ਸਿੱਧੂ ਨੂੰ ਪੀਡੀਏ 2022 ‘ਚ ਬਣਾਵੇਗੀ ਮੁੱਖ ਮੰਤਰੀ ਉਮੀਦਵਾਰ, ਬੈਂਸ ਨੇ ਕਰਤਾ ਐਲਾਨ?

TeamGlobalPunjab
2 Min Read

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਹੈ, ਕਿ ਕਾਂਗਰਸ ਪਾਰਟੀ ਅੰਦਰ ਉਨ੍ਹਾਂ ਦੀ ਇਮਾਨਦਾਰੀ ਦੀ ਕੋਈ ਕਦਰ ਨਹੀਂ ਹੈ, ਇਸ ਲਈ ਜੇਕਰ ਉਹ ਕਾਂਗਰਸ ਛੱਡ ਕੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਦਾ ਸਾਥ ਦਿੰਦੇ ਹਨ ਤਾਂ ਪੀਡੀਏ ਵੱਲੋਂ ਉਨ੍ਹਾਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦਾ ਉਮੀਦਵਾਰ ਬਣਾ ਕੇ ਖੁਸ਼ੀ ਖੁਸ਼ੀ ਚੋਣਾਂ ਲੜੀਆਂ ਜਾਣਗੀਆਂ। ਬੈਂਸ ਇੱਥੇ ਗਿੱਲ ਚੌਂਕ ‘ਤੇ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਅਤੇ ਗੱਠਜੋੜ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਨ ਲਈ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸਿਮਰਜੀਤ ਸਿੰਘ ਬੈਂਸ ਦੇ ਇਸ ਐਲਾਨ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਵਿੱਚ ਇਕੱਲੇ ਹੋ ਗਏ ਸਮਝੇ ਜਾ ਰਹੇ ਨਵਜੋਤ ਸਿੰਘ ਸਿੱਧੂ ਨੂੰ ਭਾਵਨਾਤਮਕ ਸਮਰਥਨ ਮਿਲਿਆ ਹੈ, ਉੱਥੇ ਕਾਂਗਰਸ ਪਾਰਟੀ ਅੰਦਰ ਕੈਪਟਨ ਸਿੱਧੂ ਦੀ ਸਿਆਸੀ ਜੰਗ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿੱਧੂ ਲਈ ਅੱਗੇ ਨਵੇਂ ਸਿਆਸੀ ਰਾਹ ਖੁੱਲ੍ਹਦੇ ਵੀ ਦਿਖਾਈ ਦੇ ਰਹੇ ਹਨ।

ਇੱਥੇ ਬੋਲਦਿਆਂ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਟੂਆਂ ਦਾ ਟੋਲਾ ਹੈ, ਜਿਸ ਦੇ 99 ਫੀਸਦੀ ਲੋਟੂਆਂ ਨੂੰ ਸਿੱਧੂ ਦੀ ਇਮਾਨਦਾਰੀ ਪਸੰਦ ਨਹੀਂ। ਇਸੇ ਲਈ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੈਂਸ ਕਿਹਾ ਕਿ ਨਵਜੋਤ ਸਿੰਘ ਸਿੱਧੂ ਘਬਰਾਉਣ ਨਾ, ਕਿਉਂਕਿ ਉਨ੍ਹਾਂ ਦੀ ਲੋਕ ਇਨਸਾਫ ਪਾਰਟੀ ਤੇ ਪੀਡੀਏ ਸਿੱਧੂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਤੇ ਉਹ ਜਦੋਂ ਮਰਜੀ ਆਉਣ ਅਤੇ ਪੰਜਾਬ ਜਮਹੂਰੀ ਗੱਠਜੋੜ ਦੀ ਕਮਾਂਡ ਸੰਭਾਲਣ, ਕਿਉਂਕਿ ਸਾਲ 2022 ਦੀਆਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਨਵਜੋਤ ਸਿੰਘ ਸਿੱਧੂ ਦਾ ਇੰਤਜਾਰ ਕਰ ਰਹੀ ਹੈ। ਇਸ ਦੌਰਾਨ ਬੈਂਸ ਨੇ ਪਾਰਟੀ ਵਰਕਰਾਂ, ਆਗੂਆਂ ਅਤੇ ਆਮ ਵੋਟਰਾਂ ਦਾ ਲੋਕ ਇਨਸਾਫ ਪਾਰਟੀ ਅਤੇ ਪੀਡੀਏ ਦਾ ਸਾਥ ਦੇਣ ਲਈ ਧੰਨਵਾਦ ਕਰਦਿਆਂ ਕਿਹਾ, ਕਿ ਉਹ ਸਭ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀ ਕਸ ਲੈਣ।

 

Share this Article
Leave a comment