ਦਿੱਲੀ ‘ਆਪ’ ਦੀ ਹੋਣ ਮਗਰੋਂ ਭਾਜਪਾ ਆਗੂ ਮਾਯੂਸ; ਕਾਂਗਰਸ ਵਿੱਚ ਮਚੀ ਖਲਬਲੀ

TeamGlobalPunjab
4 Min Read

ਅਵਤਾਰ ਸਿੰਘ

ਨਿਊਜ਼ ਡੈਸਕ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਸਪਸ਼ਟ ਬਹੁਮਤ ਦੇ ਫਤਵੇ ਨੇ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਦੇ ਘਾਗ ਲੀਡਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਨਤੀਜਿਆਂ ਵਾਲੇ ਦਿਨ ਛਾਤੀ ਠੋਕ ਕੇ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ਗਾਇਕ ਅਤੇ ਅਭਿਨੇਤਾ ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਜਿਥੇ ਚੁੱਪ ਕਰ ਕੇ ਬੈਠ ਗਏ ਉਥੇ ਕਾਂਗਰਸ ਦੀ ਹੋਈ ਕਰਾਰੀ ਹਾਰ ਤੋਂ ਬਾਅਦ ਉਸ ਦੇ ਲੀਡਰ ਇਕ ਦੂਜੇ ‘ਤੇ ਕਟਾਖਸ਼ ਕਰਨ ਲੱਗ ਪਏ ਹਨ। ਉਹ ਮੇਹਣੋ ਮੇਹਣੀ ਹੋ ਰਹੇ ਹਨ। ਇਥੋਂ ਤਕ ਦਿੱਲੀ ਕਾਂਗਰਸ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ। ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨੇ ਪੀ ਸੀ ਚਾਕੋ ਦਾ ਅਸਤੀਫਾ ਮਨਜੂਰ ਕਰਕੇ ਸ਼ਕਤੀ ਸਿੰਹ ਗੋਹਿਲ ਨੂੰ ਦਿੱਲੀ ਦਾ ਅੰਤਰਿਮ ਇੰਚਾਰਜ ਥਾਪਿਆ ਹੈ।

ਕਾਂਗਰਸ ਦੇ ਇਸ ਤਰ੍ਹਾਂ ਪਛੜ ਜਾਣ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਾਦੂ ਸਮਝਣ ਵਾਲੇ ਭਾਸ਼ਣ ਵੀ ਵੋਟਰਾਂ ਨੂੰ ਪ੍ਰਭਾਵਤ ਨਾ ਕਰ ਸਕੇ।
ਅਸਫ਼ਲ ਰਹੀ ਕਾਂਗਰਸ ਦੇ ਆਗੂਆਂ ਨੇ ਇਕ ਦੂਜੇ ’ਤੇ ਦੋਸ਼ ਮੜ੍ਹਨੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਆਗੂ ਕਹਿ ਰਹੇ ਹਨ ਕਿ ਕੀ ਕਾਂਗਰਸ ਨੇ ਭਾਜਪਾ ਨੂੰ ਹਰਾਉਣ ਦਾ ਕੰਮ ਦੂਜਿਆਂ ਨੂੰ ਸੰਭਾਲ ਦਿੱਤਾ ਹੈ। ਕਾਂਗਰਸ ਦੇ ਦਿੱਲੀ ਦੇ ਇੰਚਾਰਜ ਪੀਸੀ ਚਾਕੋ ਨੇ ਹਾਰ ਮਰਹੂਮ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਖਾਤੇ ਵਿੱਚ ਪਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਦੀਕਸ਼ਿਤ 2013 ਵਿਚ ਮੁੱਖ ਮੰਤਰੀ ਸਨ, ਕਾਂਗਰਸ ਦੀ ਹਾਲਤ ਉਦੋਂ ਹੀ ਨਿੱਘਰਨੀ ਸ਼ੁਰੂ ਹੋ ਗਈ ਸੀ ਤੇ ਕਾਂਗਰਸ ਦਾ ਵੋਟ ਬੈਂਕ ‘ਆਪ’ ਲੈ ਗਈ।

ਦੂਜੇ ਪਾਸੇ ਕਾਂਗਰਸੀ ਆਗੂ ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਪੀ. ਚਿਦੰਬਰਮ ਨੂੰ ਸਵਾਲ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜਿੱਤ ਦੀਆਂ ਵਧਾਈਆਂ ਦੇ ਰਹੇ ਹਨ। ਇਸ ਦਾ ਮਤਲਬ ਕੀ ਹੁਣ ਦਿੱਲੀ ਕਾਂਗਰਸ ਯੂਨਿਟ ਦਫ਼ਤਰ ਬੰਦ ਕਰ ਦੇਵੇ?

- Advertisement -

ਦਿੱਲੀ ਮਹਿਲਾ ਕਾਂਗਰਸ ਦੀ ਮੁਖੀ ਸ਼ਰਮਿਸ਼ਠਾ ਮੁਖਰਜੀ ਨੇ ਸਵਾਲ ਕੀਤਾ ਕਿ ਕੀ ਪਾਰਟੀ ਨੇ ਭਾਜਪਾ ਨੂੰ ਹਰਾਉਣ ਦਾ ਕੰਮ ਹੁਣ ਦੂਜਿਆਂ ਨੂੰ ਸੌਂਪ ਦਿੱਤਾ। ਪਾਰਟੀ ਨੂੰ ਆਪਣੇ ਨਿਘਾਰ ਬਾਰੇ ਚਿੰਤਾ ਕਰਨੀ ਚਾਹੀਦੀ ਹੈ। ਕਾਂਗਰਸ ਦਾ ਵੋਟ ਫ਼ੀਸਦ ਜੋ 2015 ’ਚ 9.7 ਸੀ, ਘਟ ਕੇ 4.26 ਫ਼ੀਸਦ ਰਹਿ ਗਿਆ ਹੈ।

ਉਧਰ ਕਾਂਗਰਸ ਦੇ ਇਕ ਹੋਰ ਆਗੂ ਮਿਲਿੰਦ ਦਿਓੜਾ ਨੇ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਜ਼ਿੰਮੇਵਾਰ ਠਹਿਰਾਉਣ ’ਤੇ ਚਾਕੋ ਦੀ ਆਲੋਚਨਾ ਕੀਤੀ ਹੈ। ਦਿਓੜਾ ਨੇ ਕਿਹਾ ਕਿ ਦੀਕਸ਼ਿਤ ਕਾਰਜਕਾਲ ’ਚ ਕਾਂਗਰਸ ਦਿੱਲੀ ’ਚ ਸਭ ਤੋਂ ਵੱਧ ਮਜ਼ਬੂਤ ਸੀ। ਉਹ ਕੁਸ਼ਲ ਪ੍ਰਸ਼ਾਸਕ ਤੇ ਸਿਆਸਤਦਾਨ ਸਨ।

ਕਾਂਗਰਸ ਦੇ ਸ਼ਸ਼ੀ ਥਰੂਰ ਨੇ ਟਵਿੱਟਰ ’ਤੇ ਪੋਸਟ ਕੀਤਾ ਕਿ ਇਕ ਧਿਰ ਦੂਜੀ ਦੀ ਜਿੱਤ ਦਾ ਮਜ਼ਾ ਲੈ ਰਹੀ ਹੈ, ਜਦਕਿ ਖ਼ੁਦ ਹਾਰ ਰਹੀ ਹੈ। ਥਰੂਰ ਨੇ ਕਿਹਾ ਕਿ ਦਿੱਲੀ ਦੇ ਨਤੀਜੇ ਕਾਂਗਰਸ ਲਈ ਨਿਰਾਸ਼ਾਜਨਕ ਹਨ, ਪਰ ਚੰਗੀ ਗੱਲ ਇਹ ਹੈ ਕਿ ਲੋਕਾਂ ਨੇ ਭਾਜਪਾ ਦੇ ਫ਼ਿਰਕੂ ਏਜੰਡੇ ਨੂੰ ਨਕਾਰ ਦਿੱਤਾ।

ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਹੁਣ ਤੱਕ ਦਾ ਆਪਣਾ ਸਭ ਤੋਂ ਬੁਰਾ ਪ੍ਰਦਰਸ਼ਨ ਕੀਤਾ ਹੈ। ਪਾਰਟੀ ਦੇ 66 ’ਚੋਂ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਪਾਰਟੀ ਦੇ ਤਿੰਨ ਉਮੀਦਵਾਰ ਅਰਵਿੰਦਰ ਸਿੰਘ ਲਵਲੀ, ਦੇਵੇਂਦਰ ਯਾਦਵ ਤੇ ਕਸਤੂਰਬਾ ਨਗਰ ਤੋਂ ਅਭਿਸ਼ੇਕ ਦੱਤ ਹੀ ਆਪਣੀਆਂ ਜ਼ਮਾਨਤਾਂ ਬਚਾਉਣ ’ਚ ਸਫਲ ਰਹੇ ਹਨ।

ਆਉਣ ਵਾਲੇ ਸਮੇਂ ਵਿਚ ਸਿਆਸੀ ਪਾਰਟੀਆਂ ਨੂੰ ਦਿੱਲੀ ਦੇ ਨਤੀਜਿਆਂ ਤੋਂ ਸਬਕ ਸਿੱਖਣ ਦੀ ਲੋੜ ਹੈ। ਹੁਣ ਲੋਕ ਜਾਗਰੂਕ ਹੋ ਗਏ ਲਗਦੇ ਹਨ। ਉਹ ਉਸੇ ਦਾ ਸਾਥ ਦੇਣਗੇ ਜੋ ਉਨ੍ਹਾਂ ਦੀਆਂ ਸਿਹਤ, ਵਿਦਿਆ, ਪਾਣੀ, ਬਿਜਲੀ ਅਤੇ ਟਰਾਂਸਪੋਰਟ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਧਿਆਨ ਰੱਖੇਗਾ। ਹੈਂਕੜਬਾਜ਼ ਸਿਆਸਤ ਦਾ ਸੂਰਜ ਅਸਤ ਹੁੰਦਾ ਨਜ਼ਰ ਆ ਰਿਹਾ ਹੈ।

- Advertisement -
Share this Article
Leave a comment