ਢੱਡਰੀਆਂ ਵਾਲਿਆਂ ਤੋਂ ਬਾਅਦ ਹੁਣ ਦਮਦਮੀ ਟਕਸਾਲ ਦਾ ਤਰੁਣਾ ਦਲ ਨਾਲ ਟਕਰਾਅ? ਦੋਵਾਂ ਧਿਰਾਂ ਦੇ ਸੈਂਕੜੇ ਲੋਕਾਂ ‘ਚ ਮੀਂਹ ਵਾਂਗ ਵਰ੍ਹੇ ਗੋਲੀਆਂ ਤੇ ਇੱਟਾਂ ਪੱਥਰ, 7 ਜ਼ਖਮੀ

TeamGlobalPunjab
2 Min Read

ਅੰਮ੍ਰਿਤਸਰ : ਸਥਾਨਕ ਜਿਲ੍ਹੇ ਦੇ ਮਹਿਤਾ ਕਸਬੇ ‘ਚ ਦਮਦਮੀ ਟਕਸਾਲ ਅਤੇ ਤਰੁਣਾ ਦਲ ਦੇ ਸਮਰਥਕਾਂ ਵਿੱਚਕਾਰ ਗਾਵਾਂ ਨੂੰ ਲੈ ਕੇ ਖੂਨੀ ਝੜੱਪਾਂ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਘਟਨਾਂ ਦੌਰਾਨ ਦੋਨਾਂ ਪੱਖਾਂ ਦੇ 5 ਸੌ ਤੋਂ ਜਿਆਦਾ ਵਿਅਕਤੀ ਆਪਸ ਵਿੱਚ ਲੜ ਪਏ ਅਤੇ ਦੋਨਾਂ ਪੱਖਾਂ ਵਿਚਕਾਰ ਗੋਲੀਆਂ ਦੇ ਨਾਲ ਨਾਲ ਇੱਟਾਂ ਰੋੜੇ ਵੀ ਚੱਲੇ। ਇਸ ਘਟਨਾ ਦੌਰਾਨ 7 ਵਿਅਕਤੀ ਗੰਭੀਰ ਜਖਮੀ ਹੋ ਗਏ ਹਨ ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਹੈ ਅਤੇ ਇਲਾਕੇ ਦਾ ਮਾਹੌਲ ਕਰਫਿਊ ਵਾਂਗ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਦੇ ਸਮਰਥਕਾਂ ਅਤੇ ਤਰੁਣਾ ਦਲ ਦੇ ਮੁਖੀ ਗੱਜਣ ਸਿੰਘ ਦੇ ਸਮਰਥਕਾਂ ਵਿਚਕਾਰ ਪੁਰਾਣਾ ਵਿਵਾਦ ਚੱਲ ਰਿਹਾ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਬੀਤੀ ਸ਼ੁੱਕਰਵਾਰ ਸ਼ਾਮ ਤਰੁਣਾ ਦਲ ਦੇ ਸਮਰਥਕ ਹਜਾਰਾਂ ਗਾਵਾਂ ਲੈ ਕੇ ਗੁਰਦੁਆਰਾ ਸਾਹਿਬ ਕੋਲ ਆ ਗਏ ਅਤੇ ਗਾਵਾਂ ਦਮਦਮੀ ਟਕਸਾਲ ਦੇ ਸਮਰਥਕਾਂ ਦੇ ਖੇਤਾਂ ਵਿੱਚ ਚਲੀਆਂ ਗਈ ਅਤੇ ਫਸਲ ਬਰਬਾਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਹਰਨਾਮ ਸਿੰਘ ਦੇ ਸਮਰਥਕਾਂ ਨੂੰ ਪਤਾ ਲੱਗਾ ਤਾਂ ਉਹ ਆਪਣੇ ਸਮਰਥਕਾਂ ਸਮੇਤ ਹਥਿਆਰਬੰਦ ਹੋ ਕੇ ਉੱਥੇ ਪਹੁੰਚ ਗਏ ਜਿੱਥੇ ਤਰੁਣਾ ਦਲ ਦੇ ਸਮਰਥਕਾਂ ਦੀਆਂ ਗਾਵਾਂ ਸਨ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਇੱਥੇ ਹੀ ਦੋਨਾਂ ਗੁੱਟਾਂ ਵਿਚਕਾਰ ਲੜਾਈ ਹੋ ਗਈ।

ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਦੋਨਾਂ ਗੁੱਟਾਂ ਨੇ ਇਸ ਤੋਂ ਬਾਅਦ ਇੱਕ ਦੂਜੇ ‘ਤੇ ਗੋਲੀਆਂ ਅਤੇ ਇੱਟਾਂ  ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਖੂਨੀ ਝੜੱਪਾਂ ਦੌਰਾਨ ਦਰਜਨਾਂ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।  ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਯਤਨ ਕੀਤਾ ਅਤੇ ਦੇਰ ਰਾਤ ਤੱਕ ਦੋਨੋਂ ਪੱਖਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਰਹੀ।

 

- Advertisement -

Share this Article
Leave a comment