ਢੀਂਡਸਾ ਪਰਿਵਾਰ ਨੇ ਬਾਦਲਾਂ ਵਿਰੁੱਧ ਖਿੱਚੀ ਲਕੀਰ, ਢਿੱਲੋਂ ਨੂੰ ਨੇਤਾ ਬਣਾਉਣ ‘ਤੇ ਉੱਠੇ ਸਵਾਲ

TeamGlobalPunjab
5 Min Read

ਜਗਤਾਰ  ਸਿੰਘ ਸਿੱਧੂ

-ਸੀਨੀਅਰ ਪੱਤਰਕਾਰ

ਚੰਡੀਗੜ੍ਹ : ਅਕਾਲੀ ਦਲ ਦੀਆਂ ਮੋਹਰੀ ਧਿਰਾ ‘ਚ ਦਹਾਕਿਆਂ ਤੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਢੀਂਡਸਾ ਪਰਿਵਾਰ ਨੇ ਬਾਦਲਾਂ ਦੀ ਅਗਵਾਈ ਹੇਠਲੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤੀ ਹੈ। ਸਾਬਕਾ ਕੇਂਦਰੀ ਕੈਬਨਿਟ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ 2019 ਦੇ ਅਖੀਰ ਵਿੱਚ ਬਾਦਲਾਂ ਦੀ ਲੀਡਰਸ਼ਿੱਪ ਵਿਰੁੱਧ ਬਗਾਵਤ ਕਰ ਦਿੱਤੀ ਸੀ। ਉਨ੍ਹਾਂ ਵੱਲੋਂ ਅਕਾਲੀ ਦਲ ਟਕਸਾਲੀ ਅਤੇ ਹੋਰ ਪੰਥਕ ਧਿਰਾਂ ਨਾਲ ਰਲ ਕੇ ਬਾਦਲਾਂ ਨੂੰ ਚੁਣੌਤੀ ਦੇਣ ਲਈ ਪਲੇਟਫਾਰਮ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫਾ ਦੇ ਦਿੱਤਾ ਹੈ। ਪਰ ਅਕਾਲੀ ਦਲ ਨੇ ਇੰਨੀ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਕਿ ਪਰਮਿੰਦਰ ਢੀਂਡਸਾ ਦਾ ਅਸਤੀਫਾ ਫੌਰੀ ਪ੍ਰਵਾਨ ਕਰਦੇ ਹੋਏ ਸ਼ਰਨਜੀਤ ਢਿੱਲੋਂ ਨੂੰ ਵਿਧਾਇਕ ਦਲ ਦੇ ਨੇਤਾ ਵਜੋਂ ਐਲਾਨ ਕਰ ਦਿੱਤਾ ਹੈ। ਢਿੱਲੋਂ ਅਕਾਲੀ ਸਰਕਾਰ ‘ਚ ਕੈਬਨਿਟ ਮੰਤਰੀ ਸਨ ਅਤੇ ਬਾਦਲਾਂ ਦੇ ਨਜਦੀਕੀ ਹਨ।

ਸ਼ਰਨਜੀਤ ਢਿੱਲੋਂ ਨੂੰ ਵਿਧਾਇਕ ਦਲ ਦਾ ਨੇਤਾ ਬਣਾਏ ਜਾਣ ‘ਤੇ ਸਵਾਲ ਉੱਠ ਰਹੇ ਹਨ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਰਨਜੀਤ ਢਿੱਲੋਂ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਕਿਸੇ ਵੀ ਪਾਰਟੀ ਅੰਦਰ ਵਿਧਾਇਕ ਗਰੁੱਪ ਦਾ ਨੇਤਾ ਚੁਣਿਆ ਜਾਂਦਾ ਹੈ ਤਾਂ ਉਸ ਲਈ ਬਾਕਾਇਦਾ ਸਬੰਧਤ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਅੰਦਰ ਵਿਧਾਇਕ ਆਪਣੇ ਵਿੱਚੋਂ ਕਿਸੇ ਇੱਕ ਨਾਂ ‘ਤੇ ਸਹਿਮਤੀ ਦਿੰਦੇ ਹਨ। ਜੇਕਰ ਮੱਤਭੇਦ ਹੋਵੇ ਤਾਂ ਵੋਟਾਂ ਰਾਹੀਂ ਵੀ ਨੇਤਾ ਚੁਣਿਆ ਜਾਂਦਾ ਹੈ। ਜੇਕਰ ਪਾਰਟੀ ਦੇ ਵਿਧਾਇਕ ਸਹਿਮਤ ਹੋਣ ਤਾਂ ਪਾਰਟੀ ਪ੍ਰਧਾਨ ਨੂੰ ਵਿਧਾਇਕ ਦਲ ਦਾ ਨੇਤਾ ਥਾਪਣ ਦੇ ਅਧਿਕਾਰ ਦੇ ਦਿੰਦੇ ਹਨ ਅਤੇ ਪਾਰਟੀ ਦੇ ਪ੍ਰਧਾਨ ਵੱਲੋਂ ਵਿਧਾਇਕਾਂ ਦੀ ਰਾਇ ਲੈ ਕੇ ਨੇਤਾ ਦਾ ਐਲਾਨ ਕੀਤਾ ਜਾਂਦਾ ਹੈ। ਵਿਧੀ ਅਨੁਸਾਰ ਇਹ ਨਾਂ ਫਿਰ ਸਪੀਕਰ ਕੋਲ ਭੇਜਿਆ ਜਾਂਦਾ ਹੈ। ਇਸ ਵੇਲੇ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਤੀਜੇ ਨੰਬਰ ‘ਤੇ  ਹੈ। ਅਕਾਲੀ ਦਲ ਵੱਲੋਂ ਪਰਮਿੰਦਰ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਪਾਰਟੀ ਦੇ ਵਿਧਾਇਕ ਧੜ੍ਹੇ ਦੀ ਕੋਈ ਮੀਟਿੰਗ ਨਹੀਂ ਬੁਲਾਈ ਗਈ। ਸਗੋਂ ਅਕਾਲੀ ਦਲ ਪਾਰਟੀ ਪ੍ਰਧਾਨ ਨੇ ਆਪਣੇ ਤੌਰ ‘ਤੇ ਹੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਾਰਟੀ ਦੇ ਵਿਧਾਇਕਾਂ ਦੀ ਰਾਏ ਲਏ ਬਗੈਰ ਢਿੱਲੋਂ ਨੂੰ ਵਿਧਾਇਕ ਦਲ ਦਾ ਨੇਤਾ ਥਾਪ ਦਿੱਤਾ।

- Advertisement -

ਇਸ ਸਥਿਤੀ ਵਿੱਚ  ਬਾਦਲਾਂ ਦੀ ਅਗਵਾਈ ਹੇਠਲੇ ਅਕਾਲੀ ਦਲ ਵਿੱਚ  ਤਾਂ ਸੁਖਬੀਰ ਦੇ ਫੈਸਲੇ ਵਿਰੁੱਧ ਕੋਈ ਬੋਲਣ ਲਈ ਤਿਆਰ ਨਹੀਂ ਹੈ ਪਰ ਅਕਾਲੀ ਦਲ ਟਕਸਾਲੀ ਦੇ ਆਗੂਆਂ ਅਤੇ ਕਈ ਹੋਰਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਸੁਖਬੀਰ ਵੱਲੋਂ ਥਾਪੇ ਫੈਸਲੇ ਨਾਲ ਇਹ ਸਾਫ ਹੋ ਰਿਹਾ ਹੈ ਕਿ ਅਕਾਲੀ ਦਲ ਅੰਦਰ ਜ਼ਮੂਹਰੀਅਤ ਦੀ ਕੋਈ ਥਾਂ ਨਹੀਂ ਹੈ। ਪਰਮਿੰਦਰ ਢੀਂਡਸਾ ਦਾ ਅਸਤੀਫਾ ਵੀ ਅਕਾਲੀ ਦਲ ਅੰਦਰ ਜ਼ਮਹੂਰੀਅਤ ਖਤਮ ਹੋਣ ਵਿਰੁੱਧ ਰੋਸ ਵਜੋਂ ਹੀ ਦੇਖਿਆ ਜਾ ਰਿਹਾ ਹੈ। ਇਨ੍ਹਾਂ ਹਲਕਿਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿਧਾਇਕਾ ਨੂੰ ਇੰਨੀ ਵੀ ਖੁੱਲ੍ਹ  ਨਹੀਂ ਹੈ ਕਿ ਆਪਣੀ ਮਰਜ਼ੀ  ਨਾਲ ਆਪਣੇ ਨੇਤਾ ਦੀ ਚੋਣ ਕਰ ਲੈਣ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਅਤੇ ਹੋਰ ਆਗੂ ਇਹ ਆਖ ਚੁਕੇ ਹਨ ਕਿ ਅਕਾਲੀ ਦਲ ਅੰਦਰ ਕੇਵਲ ਬਾਦਲ ਪਰਿਵਾਰ ਹੀ ਫੈਸਲੇ ਕਰਦਾ ਹੈ ਅਤੇ ਬਾਕੀ ਮੀਟਿੰਗਾਂ ਵਿੱਚ ਤਾਂ ਉਸ ‘ਤੇ ਮੋਹਰ ਲਾਈ ਜਾਂਦੀ ਹੈ।

ਪਰਮਿੰਦਰ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਦਾ ਅੰਦਰੂਨੀ ਸੰਕਟ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਸਪੱਸ਼ਟ ਕਰ ਚੁਕੇ ਹਨ ਕਿ ਪਰਮਿੰਦਰ ਢੀਂਡਸਾ ਉਨ੍ਹਾਂ ਦੇ ਨਾਲ ਹੀ ਆਏਗਾ ਪਰ ਅਕਾਲੀ ਦਲ ਆਖ ਰਿਹਾ ਸੀ ਕਿ ਪਰਮਿੰਦਰ ਢੀਂਡਸਾ ਅਕਾਲੀ ਦਲ ਦੇ ਨਾਲ ਰਹੇਗਾ। ਉਨ੍ਹਾਂ ਦੇ ਅਸਤੀਫੇ ਨਾਲ ਢੀਂਡਸਾ ਪਰਿਵਾਰ ਦੀ  ਅਕਾਲੀ ਦਲ ਨਾਲ ਮੁਕੰਮਲ ਤੌਰ ‘ਤੇ ਲਕੀਰ ਖਿੱਚੀ ਗਈ। ਅਕਾਲੀ ਦਲ ਲਈ ਇਹ ਇੱਕ ਬਹੁਤ ਵੱਡਾ ਝਟਕਾ ਹੈ। ਚਾਹੇ ਅਕਾਲੀ ਦਲ ਦੇ ਆਗੂ ਆਖ ਰਹੇ ਹਨ ਕਿ ਢੀਂਡਸਾ ਅਤੇ ਦੂਜੇ ਟਕਸਾਲੀ ਆਗੂਆਂ ਨੂੰ ਅਕਾਲੀ ਦਲ ਅੰਦਰੋਂ ਕੋਈ ਹਮਾਇਤ ਨਹੀਂ ਹੈ ਪਰ ਪਾਰਟੀ ਆਗੂਆਂ ਵੱਲੋਂ ਲਗਾਤਾਰ ਪਾਰਟੀ ਛੱਡਕੇ ਜਾਣ ਨਾਲ ਪਾਰਟੀ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ।

ਇਹੋ ਅਕਾਲੀ ਦਲ ਲੀਡਰਸ਼ਿਪ ਆਪ ਦੇ ਵਿਧਾਇਕ ਗਰੁੱਪ ਦੇ ਨੇਤਾ ਸੁਖਪਾਲ ਖਹਿਰਾ ਨੂੰ ਹਟਾਏ ਜਾਣ ਦੇ ਤਰੀਕੇ ‘ਤੇ ਸਵਾਲ ਖੜ੍ਹੇ ਕਰ ਰਹੀ ਸੀ ਤਾਂ ਅਕਾਲੀ ਦਲ ਵੱਲੋਂ ਢਿੱਲੋਂ ਨੂੰ ਨੇਤਾ ਬਨਾਉਣ ਦੇ ਢੰਗ ਬਾਰੇ ਵੀ ਤਾਂ ਸਵਾਲ ਉਠਣਗੇ। ਅਕਾਲੀ ਦਲ ਅੰਦਰ ਅੰਦਰੂਨੀ ਲੜਾਈ ਤੇਜ਼ ਹੋ ਗਈ ਹੈ ਪਰ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਅਕਾਲੀ ਦਲ ਇਸ ਸੰਕਟ ਵਿੱਚੋਂ ਬਾਹਰ ਆ ਸਕੇਗਾ ਜਾਂ ਨਹੀਂ। ਨਿਸ਼ਚਿਤ ਤੌਰ ‘ਤੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਲਈ ਪਿਛਲੇ ਸਾਰੇ ਸਮਿਆਂ ਨਾਲੋਂ ਇਹ ਵੱਡੀ ਚੁਣੌਤੀ ਹੀ ਹੈ।

Share this Article
Leave a comment