ਵਿਦਵਾਨ ਅਧਿਆਪਕ ਅਤੇ ਸੂਝਵਾਨ ਦਰਸ਼ਨ ਸ਼ਾਸ਼ਤਰੀ ਸਨ: ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ

TeamGlobalPunjab
5 Min Read

-ਪਰਮਜੀਤ ਸਿੰਘ ਨਿੱਕੇ ਘੁੰਮਣ

ਇਕ ਵਿਦਵਾਨ ਅਧਿਆਪਕ, ਸੂਝਵਾਨ ਦਰਸ਼ਨ-ਸ਼ਾਸਤਰੀ ਅਤੇ ਭਾਰਤ ਦੇ ਰਾਸ਼ਟਰਪਤੀ ਹੋਣ ਦਾ ਮਾਣ ਹਾਸਿਲ ਕਰਨ ਵਾਲੇ ਡਾ. ਸਰਵਪੱਲੀ ਰਾਧਾਕ੍ਰਿਸ਼ਨ ਬਚਪਨ ਤੋਂ ਹੀ ਤੀਖਣ ਬੁੱਧੀ ਅਤੇ ਗੰਭੀਰ ਸੁਭਾਅ ਦੇ ਮਾਲਕ ਸਨ। ਆਰਥਿਕ ਤੰਗੀ ਉਨ੍ਹਾਂ ਦੀ ਪੜ੍ਹਾਈ ‘ਚ ਰੁਕਾਵਟ ਬਣਨ ਦੀ ਕੋਸ਼ਿਸ਼ ਕਰਦੀ ਰਹੀ ਪਰ ਆਪਣੀ ਵਿਲੱਖਣ ਵਿਦਵਤਾ ਸਦਕਾ ਸਕਾਲਰਸ਼ਿਪ ਹਾਸਿਲ ਕਰਕੇ ਉਹ ਹਰ ਵਾਰ ਗਰੀਬੀ ਨੂੰ ਮਾਤ ਦਿੰਦੇ ਗਏ ਤੇ ਜ਼ਿੰਦਗੀ ‘ਚ ਉਚੇਰੇ ਮੁਕਾਮ ਹਾਸਿਲ ਕਰਦੇ ਗਏ।

ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੀ ਸਰਹੱਦ ਨੇੜੇ ਥਿਰੂਤਣੀ ਨਾਮਕ ਪਿੰਡ ਵਿਚ 5 ਸਤੰਬਰ, ਸੰਨ 1888 ਨੂੰ ਜਨਮੇ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਪਿਤਾ ਸ੍ਰੀ ਸਰਵਪੱਲੀ ਵੀਰ ਸੁਆਮੀ ਸਥਾਨਕ ਜ਼ਿਮੀਦਾਰ ਦੇ ਕੋਲ ਮਾਲੀਆ ਇੱਕਠਾ ਕਰਨ ਹਿੱਤ ਸਹਾਇਕ ਵਜੋਂ ਕੰਮ ਕਰਦੇ ਸਨ ਤੇ ਮਾਤਾ ਸ੍ਰੀਮਤੀ ਸੀਤੱਮਾ ਇਕ ਮਿਹਨਤੀ ਤੇ ਨੇਕ ਘਰੇਲੂ ਇਸਤਰੀ ਸੀ। ਮੁੱਢਲੀ ਵਿੱਦਿਆ ਕੇ.ਵੀ ਹਾਈ ਸਕੂਲ ਥਿਰੂਤਣੀ, ਐਚ.ਈ.ਐਲ ਮਿਸ਼ਨ ਸਕੂਲ, ਸਰਕਾਰੀ ਹਾਇਰ ਸੈਕੰਡਰੀ ਸਕੂਲ ਵਾਲਾਜਪਤ ਤੋ ਪ੍ਰਾਪਤ ਕਰਨ ਪਿੱਛੋ ਸੰਨ 1906 ਵਿਚ ਉਨ੍ਹਾ ਨੇ ਮਦਰਾਸ ਕ੍ਰਿਸ਼ਚੀਅਨ ਕਾਲਜ ਤੋਂ ਦਰਸ਼ਨ ਸ਼ਾਸਤਰ ਵਿਸ਼ੇ ਵਿਚ ਮਾਸਟਰ ਡਿਗਰੀ ਤੱਕ ਪੜ੍ਹਾਈ ਕੀਤੀ ਤੇ ਸਮੁੱਚੀ ਪੜ੍ਹਾਈ ਦੌਰਾਨ ਉਹ ਹਰੇਕ ਜਮਾਤ ਵਿਚ ਅਵੱਲ ਹੀ ਆਉਦੇ ਰਹੇ।

ਬੜੀ ਦਿਲਚਸਪ ਗੱਲ ਹੈ ਕਿ ਡਾ. ਰਾਧਾ ਕ੍ਰਿਸ਼ਨਨ ਕਿਸੇ ਹੋਰ ਵਿਸ਼ੇ ‘ਚ ਐਮ.ਏ ਕਰਨਾ ਚਾਹੁੰਦੇ ਸਨ ਪਰ ਖਰਚਾ ਵੱਧ ਹੋਣ ਕਾਰਨ ਉਨ੍ਹਾਂ ਦਰਸ਼ਨ ਸ਼ਾਸਤਰ ਵਿਸ਼ੇ ਦੀ ਚੋਣ ਕੀਤੀ ਕਿਉਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ ਉਪਰੋਕਤ ਵਿਸ਼ੇ ਦੀ ਪ੍ਰੀਖਿਆ ਪਾਸ ਕਰ ਚੁਕਾ ਸੀ ਤੇ ਆਪਣੀਆਂ ਕਿਤਾਬਾਂ ਮੁਫ਼ਤ ਦੇਣ ਲਈ ਤਿਆਰ ਸੀ। ਐਮ.ਏ. ਵਿਚ ਸਰਵਪੱਖੀ ਰਾਧਾਕ੍ਰਿਸ਼ਨਨ ਦੇ ਗਾਈਡ ਡਾ. ਐਲਫਰਡ ਹੋਗ ਸਨ ਜਿਨ੍ਹਾਂ ਨੇ ਸਰਵਪੱਲੀ ਦੁਆਰਾ ਲਿਖੇ ਥੀਸਿਜ਼ ਨੂੰ ‘ਮੋਸਟ ਐਕਸੀਲੈਂਟ ਵਰਕ’ ਆਖ ਕੇ ਭਰਪੂਰ ਸ਼ਲਾਘਾ ਕੀਤੀ ਸੀ। ਡਾ. ਰਾਧਾਕ੍ਰਿਸ਼ਨ ਦੀ ਉਮਰ ਕੇਵਲ 20 ਸਾਲ ਦੀ ਸੀ ਜਦੋਂ ਉਨ੍ਹਾਂ ਦਾ ਥੀਸਿਜ਼ ਪ੍ਰਕਾਸ਼ਿਤ ਹੋ ਗਿਆ ਸੀ।

- Advertisement -

ਡਾ. ਰਾਧਾਕ੍ਰਿਸ਼ਨਨ ਨੇ ਬਤੌਰ ਅਧਿਆਪਕ ਆਪਣਾ ਕਰੀਅਰ ਸੰਨ 1909 ਵਿਚ ਮਦਰਾਸ ਪ੍ਰੈਜੀਡੈਂਸੀ ਕਾਲਜ ਤੋ ਸ਼ੁਰੂ ਕੀਤਾ ਤੇ ਫਿਰ ਮੈਸੂਰ ਅਤੇ ਕਲਕੱਤਾ ਵਿਖੇ ਵੀ ਸਫ਼ਲ ਅਧਿਆਪਕ ਰਹੇ। ਸੰਨ 1931 ਵਿਚ ਆਂਧਰਾ ਯੂਨੀਵਰਸਿਟੀ ਅਤੇ ਸੰਨ 1939 ਵਿਚ ਉਹ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਉਪਕੁਲਪਤੀ ਦੇ ਮਾਣਮੱਤੇ ਅਹੁਦੇ ‘ਤੇ ਬਿਰਾਜਮਾਨ ਹੋਏ। ਸੰਨ 1949 ਵਿਚ ਸੋਵੀਅਤ ਰੂਸ ਵਿਖੇ ਉਨ੍ਹਾ ਨੂੰ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਜਦੋਂ ਕਿ ਸੰਨ 1952 ਵਿਚ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਹੋਣ ਦਾ ਮਾਣ ਦਿੱਤਾ ਗਿਆ। 13 ਮਈ 1962 ਤੋਂ ਲੈ ਕੇ 12 ਮਈ, 1967 ਤੱਕ ਭਾਰਤ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਸਮੁੱਚਾ ਸਮਾਂ ਦਾਰਸਨਿਕ ਚਿੰਤਨ ਵਿਚ ਬਿਤਾਇਆ ਅਤੇ ਅਖੀਰ 17 ਅਪ੍ਰੈਲ,1975 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਅਦਭੁੱਤ ਪ੍ਰਤਿਭਾ ਦੇ ਮਾਲਕ ਡਾ. ਰਾਧਾਕ੍ਰਿਸ਼ਨਨ ਨੇ ਸੰਨ 1926 ਵਿਚ ਹਾਰਵਰਡ ਯੂਨੀਵਰਸਿਟੀ ਅਤੇ ਸੰਨ 1929 ਵਿਚ ਆਕਸਫੋਰਡ ਯੂਨੀਵਰਸਿਟੀ ਵਿਖੇ ਵਿਦਵਤਾ ਭਰਪੂਰ ਲੈਕਚਰ ਪੇਸ਼ ਕੀਤੇ ਤੇ ਭਰਪੂਰ ਸ਼ਲਾਘਾ ਖੱਟੀ। ਸੰਨ 1929 ਵਿਚ ਉਨ੍ਹਾ ਨੂੰ ਹੈਰਿਸ਼ ਮਾਨਚੈਸਟਰ ਕਾਲਜ ਵਿਚ ਪ੍ਰਿੰਸੀਪਲ ਵਜੋਂ ਕਾਰਜ ਕਰਨ ਦੀ ਪੇਸ਼ਕਸ ਕੀਤੀ ਗਈ ਸੀ। ਸੰਨ 1932 ਵਿਚ ਜਾਰਜ ਪੰਜਵੇ ਨੇ ਡਾ. ਰਾਧਾਕ੍ਰਿਸ਼ਨਨ ਨੂੰ ‘ਨਾਈਟਹੁੱਡ’ ਦੀ ਉਪਾਧੀ ਪ੍ਰਦਾਨ ਕੀਤੀ ਸੀ। ਸੰਨ 1947 ਵਿਚ ਉਨ੍ਹਾਂ ਨੇ ਯੂਨੈਸਕੋ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਸੰਨ 1954 ਵਿਚ ‘ਭਾਰਤ ਰਤਨ’ ਦੀ ਉਪਾਧੀ ਪ੍ਰਦਾਨ ਕਰਨ ਪਿੱਛੋ ਉਨ੍ਹਾਂ ਨੂੰ ‘ਬ੍ਰਿਟਿਸ਼ ਆਰਡਰ ਆਫ਼ ਮੈਰਿਟ ‘(1963)ਸਾਹਿਤ ਅਕਾਦਮੀ ਫੈਲੋਸ਼ਿਪ (1968 )ਤੇ ਟੈਪਲਟਨ ਪ੍ਰਾਈਜ਼ (1975) ਵੀ ਪ੍ਰਦਾਨ ਕੀਤੇ ਗਏ।

ਸੰਨ 1962 ਵਿਚ ਜਦ ਡਾ. ਐਸ. ਰਾਧਾਕ੍ਰਿਸ਼ਨਨ ਭਾਰਤ ਦੇ ਰਾਸ਼ਟਰਪਤੀ ਚੁਣੇ ਗਏ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀ ਉਨ੍ਹਾਂ ਕੋਲ ਆਏ ਅਤੇ 5 ਸਤੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਜ਼ਿਦ ਕਰਨ ਲੱਗੇ। ਇਸ ਮੌਕੇ ਡਾ. ਰਾਧਾਕ੍ਰਿਸ਼ਨਨ ਨੇ ਕਿਹਾ ”ਮੇਰਾ ਜਨਮ ਦਿਨ ਮਨਾਉਣ ਦੀ ਥਾਂ ਮੇਰੇ ਲਈ ਮਾਣ ਵਾਲੀ ਗੱਲ ਇਹ ਹੋਵੇਗੀ ਕਿ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ। ਸੰਨ 1962 ਤੋਂ ਸ਼ੁਰੂ ਹੋਈ ਇਹ ਪ੍ਰੰਪਰਾ ਅੱਜ ਵੀ ਜਾਰੀ ਹੈ।

ਵਿਦਵਾਨ ਅਧਿਆਪਕ ਅਤੇ ਸੂਝਵਾਨ ਦਰਸ਼ਨ ਸ਼ਾਸ਼ਤਰੀ ਡਾ. ਐਸ. ਰਾਧਾਕ੍ਰਿਸ਼ਨ ਦੁਆਰਾ ਰਚੀਆਂ ਮਹਾਨ ਪੁਸ਼ਤਕਾਂ ‘ਇੰਡੀਅਨ ਫਿਲਾਸ਼ਫੀ ,ਏ ਹਿੰਦੂ ਵਿਊ ਆਫ਼ ਲਾਈਫ ,ਦਿ ਫਿਲਾਸ਼ਫੀ ਆਫ਼ ਰਵਿੰਦਰ ਨਾਥ ਟੈਗੋਰ, ਐਨ ਆਈਡਿਅਲਿਸਟ ਵਿਊ ਆਫ਼ ਲਾਈਫ, ਦਿ ਕਾਨਸੈਪਟ ਆਫ਼ ਮੈਨ, ਈਸਟਰਨ ਰਿਲੀਜ਼ਨ ਐਂਡ ਵੈਸਟਰਨ ਥੌਟ ਅਤੇ ਮਾਈ ਸਰਚ ਫਾਰ ਟਰੁੱਥ ਅੱਜ ਵੀ ਭਾਰਤੀ ਦਰਸ਼ਨ- ਸਾਸ਼ਤਰ ਵਿਚ ਅਹਿਮ ਸਥਾਨ ਰੱਖਦੀਆਂ ਹਨ।

5 ਸਤੰਬਰ ਨੂੰ ਮਨਾਏ ਜਾਂਦੇ ‘ਅਧਿਆਪਕ ਦਿਵਸ ‘ ਮੌਕੇ ਅੱਜ ਹਰੇਕ ਭਾਰਤੀ ਉਨ੍ਹਾ ਦੀ ਅਦੁੱਤੀ ਸਖ਼ਸੀਅਤ ਅਤੇ ਅਦਭੁੱਤ ਪ੍ਰਤਿਭਾ ਨੂੰ ਸੀਸ ਨਿਵਾਉਂਦਾ ਹੈ।

- Advertisement -

ਸੰਪਰਕ : 97816-46008

Share this Article
Leave a comment