ਡੇਰਾ ਮੁਖੀ ਨੂੰ ਮਿਲੀ ਧਮਕੀ! ਪੁਲਿਸ ਕਰ ਰਹੀ ਹੈ ਜਾਂਚ

TeamGlobalPunjab
3 Min Read

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕਿੱਧਰੋਂ ਗੋਲੀਆਂ ਚਲਾਉਣ ਦੇ ਤੇ  ਕਿੱਧਰੋਂ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤਾਜ਼ਾ ਮਾਮਲਾ ਜਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਮਹੱਦੀਆਂ ‘ਚ ਪੈਂਦੇ ਡੇਰੇ ਰੋਹੀਸਰ ਸਾਹਿਬ ਦੇ ਸੰਸਥਾਪਕ ਬਾਬਾ ਦਰਬਾਰਾ ਸਿੰਘ ਰੋਹੀਸਰ ਵਿਧਾਨ ਸਭਾ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਫੋਨ ‘ਤੇ ਧਮਕੀਆਂ ਮਿਲੀਆਂ ਹਨ।

ਰਾਜੂ ਖੰਨਾ ਅਤੇ ਬਾਬਾ ਦਰਬਾਰਾ ਸਿੰਘ ਨੇ ਦੱਸਿਆ ਕਿ ਧਮਕੀ ਦੇਣ ਵਾਲਾ ਆਪਣੇ ਆਪ ਨੂੰ ਸੀਨੀਅਰ ਪੁਲਿਸ ਮੁਲਾਜ਼ਮ ਦੱਸ ਰਿਹਾ ਹੈ ਅਤੇ ਦੋਵਾਂ ਨੂੰ ਹੀ ਇੱਕੋ ਨੰਬਰ ਤੋਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਪੀੜਤਾਂ ਵੱਲੋਂ ਸਾਥੀਆਂ ਸਮੇਤ ਐਸਪੀਡੀ ਹਰਪਾਲ ਸਿੰਘ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ ਹੈ। ਦਰਬਾਰਾ ਸਿੰਘ ਅਨੁਸਾਰ ਲੰਘੀ 10 ਦਸੰਬਰ ਵਾਲੇ ਦਿਨ ਰਾਤ ਨੂੰ ਕਰੀਬ 10 ਵੱਜ ਕੇ 15 ਮਿੰਟ ‘ਤੇ ਉਨ੍ਹਾਂ ਨੂੰ ਅਣਜਾਣ ਨੰਬਰ ਤੋਂ ਕਾਲ ਆਈ ਸੀ ਅਤੇ ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਅੱਗੋਂ ਕੋਈ ਵਿਅਕਤੀ ਭੱਦੀ ਸ਼ਬਦਾਵਲੀ ਬੋਲਣ ਲੱਗ ਪਿਆ ਅਤੇ ਇਸੇ ਨੰਬਰ ਤੋਂ ਉਨ੍ਹਾਂ ਨੂੰ ਫਿਰ ਲਗਾਤਾਰ 13 ਵਾਰ ਕਾਲ ਆਈ। ਦਰਬਾਰਾ ਸਿੰਘ ਅਨੁਸਾਰ ਧਮਕੀ ਦੇਣ ਵਾਲਾ ਆਪਣੇ ਆਪ ਨੂੰ ਸੀਨੀਅਰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ।

ਇੱਧਰ ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੋਨ ਆਇਆ ਸੀ ਅਤੇ ਉਹ ਬਹੁਤ ਹੀ ਭੱਦੀ ਸ਼ਬਦਾਵਲੀ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ (ਰਾਜੂ ਖੰਨਾ) ਨੇ ਐਸਐਚਓ ਅਮਲੋਹ ਦੇ ਧਿਆਨ ਵਿੱਚ ਲਿਆਂਦਾ ਸੀ, ਪਰ ਉਨ੍ਹਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਰਾਜੂ ਖੰਨਾ ਅਨੁਸਾਰ ਹੁਣ ਇੱਕ ਵਾਰ ਫਿਰ ਦੁਬਾਰਾ ਉਨ੍ਹਾਂ ਨੂੰ ਫੋਨ ਆ ਰਿਹਾ ਹੈ ਅਤੇ ਉਹ ਫੋਨ ਨਹੀਂ ਚੱਕ ਰਹੇ। ਰਾਜੂ ਨੇ ਵੀ ਦੱਸਿਆ ਕਿ ਧਮਕੀ ਦੇਣ ਵਾਲਾ ਆਪਣੇ ਆਪ ਨੂੰ ਸੀਨੀਅਰ ਪੁਲਿਸ ਅਧਿਕਾਰੀ ਦੱਸ ਰਿਹਾ ਹੈ।

ਇਸ ਸਬੰਧ ਵਿੱਚ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਐਸਪੀਡੀ ਹਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਇੱਕ ਸ਼ਿਕਾਇਤ ਮਿਲੀ ਹੈ ਅਤੇ ਉਹ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿ ਨੰਬਰ ਕਿਸ ਦਾ ਹੈ ਅਤੇ ਉਹ ਕਿੱਥੋਂ ਆਇਆ ਹੈ। ਇਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਅਸੀਂ ਉਸ ਅਨੁਸਾਰ ਕਾਰਵਾਈ ਕਰਾਂਗੇ

- Advertisement -

Share this Article
Leave a comment