ਲੁਧਿਆਣਾ : ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਵੱਲੋਂ ਬੈਂਸ ਭਰਾਵਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਖ਼ਬਰ ਐ ਕਿ ਫੋਨ ‘ਤੇ ਅਜਿਹੀ ਧਮਕੀ ਦੇਣ ਵਾਲੇ ਵਿਅਕਤੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦਾ ਖਾਸ ਆਦਮੀ ਹੈ ਤੇ ਇਸ ਵੇਲੇ ਜੇਲ੍ਹ ਅੰਦਰ ਬੰਦ ਹੈ। ਜਿਸ ਪੱਤਰਕਾਰ ਨੂੰ ਅਜਿਹਾ ਫੋਨ ਆਉਣ ਦੀ ਗੱਲ ਕਹੀ ਜਾ ਰਹੀ ਹੈ, ਉਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਫੋਨ ਸੁਨੇਹਾ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਫੋਨ ਕਰਨ ਵਾਲਾ ਵਿਅਕਤੀ ਪੱਤਰਕਾਰ ਕੋਲੋਂ ਉਸ ਦਾ ਵਟਸਐਪ ਨੰਬਰ ਮੰਗਦਾ ਹੈ, ਤੇ ਕਹਿੰਦਾ ਹੈ ਕਿ ਉਹ ਦੋ ਦਿਨਾਂ ਦੇ ਅੰਦਰ ਬੈਂਸ ਭਰਾਵਾਂ ਨੂੰ ਮਾਰ ਦੇਵੇਗੇ, ਇਸ ਲਈ ਉਹ ਇਹ ਖ਼ਬਰ ਜਰੂਰ ਲਾਉਣ। ਇੱਧਰ ਦੂਜੇ ਪਾਸੇ ਇਹ ਖ਼ਬਰ ਮਿਲਦਿਆਂ ਹੀ ਬੈਂਸ ਭਰਾਵਾਂ ਨੇ ਇਸ ਧਮਕੀ ਨੂੰ ਕਾਂਗਰਸ ਪਾਰਟੀ ਦੀ ਚਾਲ ਕਰਾਰ ਦਿੰਦਿਆਂ ਕਿਹਾ ਹੈ, ਕਿ ਉਨ੍ਹਾਂ ਨੇ ਇਸ ਸਬੰਧੀ ਚੋਣ ਕਮਿਸ਼ਨ ਤੋਂ ਇਲਾਵਾ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਭੇਜ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਪੱਤਰਕਾਰ ਨੂੰ ਇਹ ਫੋਨ ਆਇਆ ਹੈ, ਉਸ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ, ਕਿ ਗੈਂਗਸਟਰ ਨੇ ਆਪਣੀ ਧਮਕੀ ਵਿੱਚ ਬੈਂਸ ਭਰਾਵਾਂ ਨੂੰ ਮਾਰਨ ਦਾ ਕਾਰਨ ਇਹ ਦੱਸਿਆ ਹੈ ਕਿ ਬੈਂਸ ਭਰਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਗਰੀਬ ਅਤੇ ਮਜਲੂਮਾਂ ਨਾਲ ਜ਼ੁਲਮ ਕਰ ਰਹੇ ਹਨ, ਜੋ ਉਹ ਨਹੀਂ ਹੋਣ ਦੇਵੇਗਾ, ਤੇ ਨਾ ਹੀ ਉਹ ਸਿਮਰਜੀਤ ਸਿੰਘ ਬੈਂਸ ਨੂੰ ਲੋਕ ਸਭਾ ਚੋਣ ਜਿੱਤ ਕੇ ਸੰਸਦ ਮੈਂਬਰ ਬਣਨ ਦੇਵੇਗਾ। ਖ਼ਬਰ ਅਨੁਸਾਰ ਗੈਂਗਸਟਰ ਉਸ ਪੱਤਰਕਾਰ ਨੂੰ ਇਹ ਵੀ ਕਹਿੰਦਾ ਹੈ ਕਿ ਉਹ ਬੈਂਸ ਭਰਾਵਾਂ ਨੂੰ ਲਗਾਤਾਰ ਫੋਨ ਕਰ ਰਿਹਾ ਹੈ, ਪਰ ਉਹ ਫੋਨ ਨਹੀਂ ਚੁੱਕ ਰਹੇ। ਇਸ ਲਈ ਉਹ ਇਹ ਖ਼ਬਰ ਲਾਵੇ, ਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਉਸ ਪੱਤਰਕਾਰ ਨੂੰ ਉਸ ਗੈਂਗਸਟਰ ਦੀ ਕਦੇ ਲੋੜ ਪੈਂਦੀ ਹੈ ਤਾਂ ਉਹ ਜਰੂਰ ਦੱਸੇ।
ਇਸ ਸਬੰਧ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ, ਕਿ ਉਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਕਾਂਗਰਸ ਪਾਰਟੀ ਨੇ ਧਮਕੀ ਦਿਵਾਈ ਹੈ ਜਿਹੜੀ ਕਿ ਸੱਤਾਧਾਰੀਆਂ ਅੰਦਰ ਪੈਦਾ ਹੋਈ ਬੁਖਲਾਹਟ ਦੀ ਨਿਸ਼ਾਨੀ ਹੈ। ਇਸ ਬਾਰੇ ਵੱਡੇ ਬੈਂਸ ਨੇ ਜਿੱਥੇ ਇਹ ਕਿਹਾ ਹੈ, ਕਿ ਉਹ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਨਗੇ, ਉੱਥੇ ਦੂਜੇ ਪਾਸੇ ਸਿਮਰਜੀਤ ਬੈਂਸ ਨੇ ਚੋਣ ਕਮਿਸ਼ਨ ਅਤੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਸ਼ਿਕਾਇਤ ਕਰ ਦਿੱਤੀ ਹੈ।