ਜਸਪਾਲ ਕਾਂਡ : ਕਿਤੇ ਪੁਲਿਸ DNA ਟੈਸਟ, ਮਾਮਲਾ ਲਟਕਾਉਣ ਲਈ ਤਾਂ ਨੀ ਕਰਾਉਣਾ ਚਾਹੁੰਦੀ?

TeamGlobalPunjab
6 Min Read

 

ਫ਼ਰੀਦਕੋਟ : ਜਿਲ੍ਹੇ ਦੇ ਪਿੰਡ ਪੰਜਾਵਾ ਦੇ ਜਿਹੜੇ ਨੌਜਵਾਨ ਜਸਪਾਲ ਸਿੰਘ ਦੀ ਸੀਆਈਏ ਪੁਲਿਸ ਕੋਲ ਹਿਰਾਸਤ ਦੌਰਾਨ ਮੌਤ ਹੋ ਗਈ ਸੀ, ਉਸ ਸਬੰਧੀ ਇੱਕ ਲਾਸ਼ ਇੰਨੀ ਦਿਨੀਂ ਵਿਵਾਦਾਂ ਦਾ ਕਾਰਨ ਬਣੀ ਹੋਈ ਹੈ। ਜਿੱਥੇ ਪੁਲਿਸ ਇਸ ਨੂੰ ਜਸਪਾਲ  ਸਿੰਘ ਦੀ ਲਾਸ਼ ਦੱਸ ਕੇ ਪਰਿਵਾਰ ‘ਤੇ ਇਹ ਦਬਾਅ ਬਣਾ ਰਹੀ ਹੈ, ਕਿ ਉਹ ਇਸ ਲਾਸ਼ ਨੂੰ ਕਬੂਲ ਕਰਨ, ਉੱਥੇ ਪਰਿਵਾਰਕ ਮੈਂਬਰਾਂ ਨੇ ਉਸ ਲਾਸ਼ ਨੂੰ ਪਛਾਣਨ ਤੋਂ ਬਾਅਦ ਇਹ ਕਹਿ ਕੇ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਕਿ ਇਹ ਲਾਸ਼ ਸਾਡੇ ਮੁੰਡੇ ਦੀ ਨਹੀਂ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਇੱਕ ਪਾਸੇ ਜਸਪਾਲ ਸਿੰਘ ਦਾ ਪਰਿਵਾਰ ਇਹ ਲਾਸ਼ ਲੈਣ ਨੂੰ ਤਿਆਰ ਨਹੀਂ ਹੈ ਤੇ ਆਪਣੇ ਮੁੰਡੇ ਦੀ ਲਾਸ਼ ਲੱਭ ਕੇ ਦੇਣ ਲਈ ਪੁਲਿਸ ‘ਤੇ ਦਬਾਅ ਬਣਾਉਦਿਆਂ ਲਗਾਤਾਰ ਸੜਕਾਂ ‘ਤੇ ਪ੍ਰਦਰਸ਼ਨ ਕਰ ਰਿਹਾ ਹੈ, ਉੱਥੇ ਦੂਜੇ ਪਾਸੇ ਸਿਆਸੀ ਦਬਾਅ ਪੈਣ ਕਾਰਨ ਪੰਜਾਬ ਸਰਕਾਰ ਵੀ ਇਸ ਮਾਮਲੇ ‘ਚ ਘਿਰਦੀ ਨਜ਼ਰ ਆ ਰਹੀ ਹੈ। ਇਸ ਲਈ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਲ੍ਹੇ ਦੇ ਅਫਸਰਾਂ ਤੋਂ ਦਿਨ ‘ਚ ਕਈ ਵਾਰ ਰਿਪੋਰਟ ਲੈ ਰਹੇ ਹਨ। ਉੱਧਰ ਪਰਿਵਾਰ ਵੱਲੋਂ ਲਾਸ਼ ਲੈਣ ਤੋਂ ਇਨਕਾਰ ਕਰਨ ‘ਤੇ ਪੁਲਿਸ ਦੀਆਂ ਮੁਸੀਬਤਾਂ ਵਧ ਗਈਆਂ ਹਨ। ਅਜਿਹੇ ਵਿੱਚ ਉਸੇ ਲਾਸ਼ ਦੇ ਡੀਐੱਨਏ ਟੈਸ਼ਟ ਕਰਵਾਉਣ ਦੀ ਗੱਲ ਨਿੱਕਲ ਕੇ ਸਾਹਮਣੇ ਆਈ, ਜਿਹੜੀ ਲਾਸ਼ ਪੁਲਿਸ ਨੇ ਕੁਝ ਦਿਨ ਪਹਿਲਾਂ ਰਾਜਸਥਾਨ ਦੀ ਹਨੂੰਮਾਨਗੜ੍ਹ ਦੀ ਨਹਿਰ ‘ਚੋਂ ਬਰਾਮਦ ਕੀਤੀ ਸੀ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪਰਿਵਾਰ ਉਸ ਲਾਸ਼ ਦੀ ਸਨਾਖਤ ਨਹੀਂ ਕਰਦਾ ਤੇ ਲੈਣ ਨੂੰ ਤਿਆਰ ਨਹੀਂ ਹੈ ਤਾਂ ਫਿਰ ਪੁਲਿਸ ਉਸ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰਨ ਲਈ ਡੀਐੱਨਏ ਟੈਸਟ ਦਾ ਸਹਾਰਾ ਕਿਉਂ ਲੈ ਰਹੀ ਹੈ? ਜਵਾਬ ਮਿਲਦਾ ਹੈ ਕਿ ਇਹ ਕਨੂੰਨ ਦੀ ਮੰਗ ਹੈ ਕਿ ਕੋਈ ਵੀ ਲਾਸ਼ ਮਿਲੇ ਉਸ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ ਤਾਂ ਕਿ ਮਰਨ ਵਾਲੇ ਦੀ ਮੌਤ ਦੀ ਕਹਾਣੀ ਅਤੇ ਲਾਸ਼ ਨੂੰ ਵਾਰਸ਼ਾਂ ਤੱਕ ਪਹੁੰਚਾਉਣ ਦਾ ਪੁਲਿਸ ਆਪਣਾ ਫਰਜ਼ ਅਦਾ ਕਰ ਸਕੇ।

ਸਵਾਲ ਫਿਰ ਉਠਦਾ ਹੈ ਕਿ, ਕੀ ਪੁਲਿਸ, ਹਰ ਬਰਾਮਦ ਹੋਣ ਵਾਲੀ ਲਾਸ਼ ਦਾ ਡੀਐੱਨਏ ਟੈਸਟ ਕਰਵਾਉਂਦੀ ਹੈ? ਜਵਾਬ ਮਿਲਦਾ ਹੈ ਜਿੱਥੇ ਜਰੂਰੀ ਹੁੰਦਾ ਹੈ ਉੱਥੇ ਕਰਵਾਉਣਾ ਪੈਂਦਾ ਹੈ। ਇੱਥੇ ਫਿਰ ਸਵਾਲ ਉਠਦਾ ਹੈ ਕਿ, ਜਦੋਂ ਆਮ ਕੇਸਾਂ ਵਿੱਚ ਲਵਾਰਸ ਲਾਸ਼ ਮਿਲਣ ‘ਤੇ ਕਿਸੇ ਵੱਲੋਂ ਲਾਸ਼ ‘ਤੇ ਦਾਅਵਾ ਨਾ ਕਰਨ ਤੋਂ ਬਾਅਦ 72 ਘੰਟੇ ‘ਚ ਮ੍ਰਿਤਕ ਦੇਹ ਦਾਹ ਸੰਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਕੇਸ ਵਿੱਚ ਪੁਲਿਸ ਕਿਉਂ ਅੜ ਰਹੀ ਹੈ, ਕਿ ਇਹ ਲਾਸ਼ ਜਸਪਾਲ ਸਿੰਘ ਦੀ ਹੀ ਹੈ? ਇੱਥੇ ਦਿਮਾਗ ਵਿੱਚ ਕੁਝ ਜਵਾਬ ਤਾਂ ਆਉਂਦੇ ਹਨ, ਪਰ ਜਵਾਬ ਦੇਣ ਲੱਗਿਆਂ ਕਨੂੰਨ ਆੜੇ ਆ ਜਾਂਦਾ ਹੈ। ਲਿਹਾਜਾ ਇਸ ਸਵਾਲ ਦਾ ਜਵਾਬ ਆਪ ਦੇਣ ਦੀ ਬਜਾਏ ਇਹੋ ਸਵਾਲ ਅਜਿਹੇ ਕੇਸਾਂ ਦੇ ਮਾਹਰ ਲੋਕਾਂ ਤੋਂ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਉੱਤੇ ਦਬਾਅ ਵਧ ਰਿਹਾ ਹੈ, ਲਾਸ਼ ਮਿਲ ਨਹੀਂ ਰਹੀ, ਮਾਮਲੇ ਨੇ ਸਿਆਸੀ ਰੰਗਤ ਫੜ ਲਈ ਹੈ, ਸਰਕਾਰ ਪੁਲਿਸ ਦੀ ਗਲਤੀ ਦਾ ਖਾਮਿਆਜ਼ਾ ਸਿਆਸੀ ਨੁਕਸਾਨ ਵਜੋਂ ਭੁਗਤਨ ਨੂੰ ਤਿਆਰ ਨਹੀਂ ਹੈ, ਇਸ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਹਰ ਹਾਲਤ ਵਿੱਚ ਮਾਮਲੇ ਨੂੰ ਹੱਲ ਕਰਨ ਦੇ ਹੁਕਮ ਦਿੱਤੇ ਗਏ ਹਨ। ਪਰਿਵਾਰ ਲਾਸ਼ ਲੈਣ ਨੂੰ ਤਿਆਰ ਨਹੀਂ ਹੈ। ਮਾਹਰ ਕਹਿੰਦੇ ਹਨ ਕਿ ਇਨ੍ਹਾਂ ਹਾਲਾਤਾਂ ਵਿੱਚ ਪੁਲਿਸ ਕੋਲ ਇੱਕੋ ਇੱਕ ਹੱਲ ਰਹਿ ਜਾਂਦਾ ਹੈ ਕਿ ਥੋੜਾ ਸਮਾਂ ਮਿਲੇ, ਤੇ ਇਸ ਦੌਰਾਨ ਉਹ ਲਾਸ਼ ਵੀ ਲੱਭ ਲੈਣ, ਲੋਕ ਵੀ ਸ਼ਾਂਤ ਰਹਿਣ ਤੇ ਸਰਕਾਰ ਦੀਆਂ ਝਿੜਕਾਂ ਤੋਂ ਵੀ ਬਚਿਆ ਜਾ ਸਕੇ। ਮਾਹਰਾਂ ਅਨੁਸਾਰ ਸ਼ਾਇਦ ਇਸ ਲਈ ਇਸੇ ਲਾਸ਼ ਦਾ ਡੀਐੱਨਏ ਟੈਸਟ ਕਰਾਉਣ ਲਈ ਇਹ ਕਨੂੰਨੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਕਿ ਡੀਐੱਨਏ ਟੈਸਟ ਕਰਵਾ ਲੈਂਦੇ ਹਾਂ, ਇਸ ਦੌਰਾਨ ਪਰਿਵਾਰ ਵੀ ਸ਼ਾਂਤ ਹੋ ਜਾਵੇਗਾ, ਸੜਕਾਂ ‘ਤੇ ਪ੍ਰਦਰਸ਼ਨ ਵੀ ਬੰਦ ਹੋ ਜਾਣਗੇ, ਸਰਕਾਰ ਦਾ ਦਬਾਅ ਵੀ ਖਤਮ ਹੋ ਜਾਵੇਗਾ ਤੇ ਜੇਕਰ ਇਹ ਲਾਸ਼ ਜਸਪਾਲ ਸਿੰਘ ਦੀ ਨਹੀਂ ਹੈ ਤਾਂ ਇਸ ਦੌਰਾਨ ਅਸਲ ਲਾਸ਼ ਨੂੰ ਵੀ ਲੱਭ ਲਿਆ ਜਾਵੇਗਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਡੀਐੱਨਏ ਟੈਸਟ ਕਰਵਾਉਣ ਦੀ ਪ੍ਰਕਿਰਿਆ ਨੂੰ ਕੁਝ ਦਿਨ ਲੱਗ ਜਾਂਦੇ ਹਨ, ਤੇ ਇਹ ਕੁਝ ਦਿਨ ਪੁਲਿਸ ਨੂੰ ਨਾ ਤਾਂ ਸੀਨੀਅਰ ਅਧਿਕਾਰੀ ਦੇਣ ਨੂੰ ਤਿਆਰ ਹਨ, ਨਾ ਪਰਿਵਾਰ ਵਾਲੇ ਤੇ ਨਾ ਹੀ ਸਰਕਾਰ ਤਿਆਰ ਹੈ।

ਭਾਵੇਂ ਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਪੁਲਿਸ ਇਹ ਮਾਮਲਾ ਲਟਕਾਉਣ ਲਈ ਹੀ ਡੀਐੱਨਏ ਟੈਸਟ ਕਰਵਾਉਣ ਦਾ ਸਹਾਰਾ ਲੈ ਰਹੀ ਹੈ, ਪਰ ਇਸ ਦੇ ਬਾਵਜੂਦ ਪੈਦਾ ਹੋਏ ਮੌਜੂਦਾ ਹਾਲਾਤ ਇਸ ਗੱਲ ਵੱਲ ਇਸ਼ਾਰਾ ਕਰਕੇ ਲੋਕਾਂ ਅੰਦਰ ਸ਼ੱਕ ਦੇ ਕੀੜੇ ਨੂੰ ਛੇੜ ਛੇੜ ਕੇ ਜਗਾ ਜਰੂਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ, ਕਿ ਜੇਕਰ  ਇਹ ਗੱਲ ਸੱਚੀ ਹੈ ਤਾਂ ਕੀ ਪੁਲਿਸ ਆਪਣੇ ਮਕਸਦ ਵਿੱਚ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ? ਕੀ ਡੀਐੱਨਏ ਟੈਸਟ ਕਰਵਾਉਣ ਦੇ ਨਾਲ ਨਾਲ ਲੋਕਾਂ ਦੀ ਤਸੱਲੀ ਲਈ ਪੁਲਿਸ ਲਾਸ਼ ਨੂੰ ਲੱਭਣ ਲਈ ਆਪਣੀ ਭਾਲ ਹੋਰਾਂ ਥਾਵਾਂ ‘ਤੇ ਵੀ ਜਾਰੀ ਰਖਦੀ ਹੈ ਜਾਂ ਮਾਮਲਾ ਇੱਥੇ ਹੀ ਫੁਸ ਪਟਾਕਾ ਹੋ ਜਾਵੇਗਾ, ਕਿਉਕਿ ਮਾਹਰਾਂ ਅਨੁਸਾਰ ਜੇਕਰ ਪੁਲਿਸ ਇਹ ਡੀਐਨਏ ਟੈਸਟ ਵਾਕਿਆ ਹੀ ਇੱਕ ਈਮਾਨਦਾਰ ਭਾਵਨਾ ਨਾਲ ਕਰਵਾ ਰਹੀ ਤਾਂ ਪਰਿਵਾਰ ਨੂੰ ਸਮਾਂ ਦੇਣ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ।

- Advertisement -

 

Share this Article
Leave a comment