ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਪਟਿਆਲਾ ਪੁਲਿਸ ਨੇ ਕਰਤੀ ਵੱਡੀ ਕਾਰਵਾਈ, ਮੁੱਖ ਮੰਤਰੀ ਦਰਬਾਰ ਤੱਕ ਖੜ੍ਹਕ ਗਈਆਂ ਘੰਟੀਆਂ, ਪੁਲਿਸ ਮੁਲਾਜ਼ਮਾਂ ‘ਚ ਸਹਿਮ

TeamGlobalPunjab
2 Min Read

ਪਟਿਆਲਾ : ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ 4 ਮੁਲਾਜਮਾਂ ਨੂੰ ਨੌਕਰੀ ਤੋਂ ਬਰਤਰਫ਼ (ਡਿਸਮਿਸ) ਕਰ ਦਿੱਤਾ ਹੈ। ਇਹ ਚਾਰੇ ਜਣੇ ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ। ਜਾਣਕਾਰੀ ਮੁਤਾਬਕ ਐਸ.ਐਸ.ਪੀ. ਨੇ ਇਨ੍ਹਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 311(2)(ਬੀ) ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਹੈ।

ਐਸ.ਐਸ.ਪੀ ਵੱਲੋਂ ਨੌਕਰੀ ਤੋਂ ਬਰਖਾਸਤ ਕੀਤੇ ਗਏ ਇਨ੍ਹਾਂ ਚਾਰ ਮੁਲਾਜਮਾਂ ਵਿੱਚ ਸਥਾਨਕ ਰੈਂਕ ਵਾਲੇ 3 ਏ.ਐਸ.ਆਈ. ਅਤੇ ਇੱਕ ਹੌਲਦਾਰ ਸ਼ਾਮਲ ਹਨ। ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਲ ਰੈਂਕ ਏ.ਐਸ.ਆਈ. ਜੋਗਿੰਦਰ ਸਿੰਘ 3 ਫਰਵਰੀ 1992 ਨੂੰ ਨੌਕਰੀ ‘ਚ ਆਇਆ ਸੀ ਤੇ ਇਹ ਪੁਲਿਸ ਚੌਕੀ ਮਵੀ ਕਲਾਂ ਵਿਖੇ ਤਾਇਨਾਤ ਸੀ। ਇਸੇ ਤਰ੍ਹਾਂ ਬਰਤਰਫ ਕੀਤੇ ਗਏ ਰਾਜਪ੍ਰੀਤ ਸਿੰਘ 15 ਅਕਤੂਬਰ 2011 ਨੂੰ ਡਿਊਟੀ ‘ਤੇ ਆਇਆ ਸੀ ਤੇ ਤੇ ਉਹ ਲੋਕਲ ਰੈਂਕ ਦਾ ਏ.ਐਸ.ਆਈ. ਹੈ। ਜਾਣਕਾਰੀ ਮੁਤਾਬਕ ਰਾਜਪ੍ਰੀਤ ਸਨੌਰ ਪੁਲਿਸ ਥਾਣੇ ਵਿਖੇ ਤਾਇਨਾਤ ਸੀ ਅਤੇ ਲੋਕਲ ਰੈਂਕ ਏ.ਐਸ.ਆਈ. ਦਿਲਬਾਗ ਸਿੰਘ 15 ਨਵੰਬਰ 1989 ਨੂੰ ਨੌਕਰੀ ‘ਚ ਆਇਆ ਸੀ ਤੇ ਇਹ ਸਾਂਝ ਕੇਂਦਰ ਪੁਲਿਸ ਥਾਣਾ ਸਿਵਲ ਲਾਇਨ ਵਿਖੇ ਤਾਇਨਾਤ ਸੀ।

ਐਸ.ਐਸ.ਪੀ ਨੇ ਦੱਸਿਆ ਕਿ  ਹੌਲਦਾਰ ਅਮਰੀਕ ਸਿੰਘ 19 ਮਈ 1992 ਨੂੰ ਨੌਕਰੀ ‘ਚ ਆਇਆ ਸੀ। ਇਹ ਐਮ.ਐਚ.ਸੀ. ਸਿਵਲ ਲਾਇਨ ਵਿਖੇ ਤਾਇਨਾਤ ਸੀ। ਇਨ੍ਹਾਂ ਸਾਰਿਆਂ ਨੂੰ ਮਿਤੀ 10 ਅਗਸਤ ਨੂੰ ਜਾਰੀ ਹੋਏ ਹੁਕਮਾਂ ‘ਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।

Share this Article
Leave a comment