ਓਸ਼ਵਾ ਸਥਿਤ ਅਸੈਂਬਲੀ ਪਲਾਂਟ ਨੂੰ ਜਨਰਲ ਮੋਟਰਜ਼ ਇਸ ਸਾਲ ਦੇ ਅੰਤ ਤੱਕ ਬੰਦ ਕਰਨ ਲਈ ਬਜ਼ਿੱਦ ਹੈ। ਇਸ ਮਾਮਲੇ ‘ਤੇ ਯੂਨੀਫੌਰ ਦੇ ਮੁਖੀ ਨੇ ਕਿਹਾ ਕਿ ਇਹ ਫੈਸਲਾ ਕਾਰਪੋਰੇਟ ਮੁਨਾਫੇ ਤੇ ਲਾਲਚ ਤੋਂ ਹੀ ਪ੍ਰੇਰਿਤ ਹੈ। ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਜਨਰਲ ਮੋਟਰਜ਼ ਦੇ ਅਧਿਕਾਰੀਆਂ ਨਾਲ ਓਨਟਾਰੀਓ ਪਲਾਂਟ ਜਾਰੀ ਰੱਖਣ ਲਈ ਯੂਨੀਅਨ ਦੇ ਪ੍ਰਸਤਾਵ ਸਬੰਧੀ ਗੱਲਬਾਤ ਕੀਤੀ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਪਈ।
ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਰਪੋਰੇਸ਼ਨ ਦੇ ਇਸ ਤਰ੍ਹਾਂ ਦੇ ਵਿਵਹਾਰ ਤੇ ਪ੍ਰਤੀਕਿਰਿਆ ਤੋਂ ਉਹ ਬਹੁਤ ਨਿਰਾਸ਼ ਹਨ। ਦੂਜੇ ਪਾਸੇ ਜੀਐਮ ਕੈਨੇਡਾ ਦੇ ਕਾਰਪੋਰੇਟ ਮਾਮਲਿਆਂ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਪੈਟਰਸਨ ਨੇ ਕਿਹਾ ਕਿ ਯੂਨੀਅਨ ਵੱਲੋਂ ਸੁਝਾਏ ਗਏ ਬਦਲ, ਜਿਨ੍ਹਾਂ ਵਿੱਚ ਇਸ ਪਲਾਂਟ ਉੱਤੇ ਤਿਆਰ ਕੀਤੀਆਂ ਜਾਣ ਵਾਲੀਆਂ ਸੈਵੀ ਇੰਪਾਲਾ ਤੇ ਕੈਡੀਲੈਕ ਐਕਸਟੀਐਸ ਦੇ ਪਸਾਰ ਜਾਂ ਮੈਕਸਿਕੋ ਸ਼ਿਫਟ ਕੀਤੇ ਜਾਣ ਵਾਲੇ ਉਤਪਾਦਨ ਨੂੰ ਵਿੰਡਸਰ ਵਾਲੇ ਪਲਾਂਟ ਨੂੰ ਸੌਂਪਣਾ ਸ਼ਾਮਲ ਹਨ, ਆਰਥਿਕ ਪੱਖੋਂ ਸਹੀ ਨਹੀਂ ਹਨ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਹੀ ਪ੍ਰਸਤਾਵਾਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੈ ਪਰ ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਣ ਵਾਲਾ।
ਪੈਟਰਸਨ ਨੇ ਆਖਿਆ ਕਿ ਇਹ ਸੱਭ ਜਿੱਥੇ ਕਾਫੀ ਮਹਿੰਗਾ ਹੋਵੇਗਾ ਉੱਥੇ ਹੀ ਘੱਟ ਸਮਰੱਥਾ ਵਾਲੇ ਓਸ਼ਵਾ ਪਲਾਂਟ ਵਾਲੇ ਹੋਰ ਉਤਪਾਦਾਂ ਨੂੰ ਸ਼ਿਫਟ ਕਰਨਾ ਕਾਫੀ ਮਹਿੰਗਾ ਤੇ ਸਮਾਂ ਖਾਣ ਵਾਲਾ ਹੋਵੇਗਾ। ਪੈਟਰਸਨ ਨੇ ਇਹ ਵੀ ਆਖਿਆ ਕਿ ਕੰਪਨੀ ਨੂੰ ਪਤਾ ਹੈ ਕਿ 2600 ਕਰਮਚਾਰੀਆਂ ਨੂੰ ਪੈਨਸ਼ਨ ਦੇਣੀ ਵੀ ਬਣਦੀ ਹੈ। ਇਸ ਦੇ ਨਾਲ ਹੀ ਰਿਟਾਇਰਮੈਂਟ ਫਾਇਦਿਆਂ ਦੇ ਰੂਪ ਵਿੱਚ ਹਰ ਮਹੀਨੇ 3500 ਡਾਲਰ, 20 ਹਜ਼ਾਰ ਡਾਲਰ ਦਾ ਕਾਰ ਵਾਊਚਰ ਤੇ 50 ਹਜ਼ਾਰ ਡਾਲਰ ਦੀ ਉੱਕੀ ਪੁੱਕੀ ਰਕਮ ਵੀ ਮਿਲੇਗੀ। ਡਾਇਸ ਨੇ ਕਿਹਾ ਕਿ ਉਹ ਓਸ਼ਵਾ ਵਾਲੇ ਪਲਾਂਟ ਦੇ ਖਾਤਮੇ ਨੂੰ ਸਵੀਕਾਰ ਨਹੀਂ ਕਰ ਸਕਦੇ।