ਵਰਲਡ ਡੈਸਕ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨਿਊ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕਰ ਦਿੱਤਾ ਹੈ। ਟਰੂਡੋ ਨੇ ਕੈਬਨਿਟ ’ਚ ਇਹ ਫੇਰ ਬਦਲ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨਵਦੀਪ ਬੈਂਸ ਵਲੋਂ ਅਚਾਨਕ ਅਸਤੀਫਾ ਦੇਣ ਕਰਕੇ ਕੀਤਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਖੋਜ ਤੇ ਸਨਅਤ ਮੰਤਰੀ ਨਵਦੀਪ ਬੈਂਸ ਨੇ ਆਪਣੇ ਪਰਿਵਾਰ ਲਈ ਜ਼ਿਆਦਾ ਸਮਾਂ ਦੇਣ ਦਾ ਹਵਾਲਾ ਦਿੰਦਿਆਂ ਅਸਤੀਫਾ ਦੇ ਦਿੱਤਾ ਸੀ। ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਟਵਿੱਟਰ ’ਤੇ ਕਿਹਾ ਕਿ ਬੈਂਸ ਦੇ ਅਸਤੀਫੇ ਤੋਂ ਬਾਅਦ ਉਹ ਕੈਬਨਿਟ ’ਚ ਫੇਰ ਬਦਲ ਕਰ ਰਹੇ ਹਨ ਤੇ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕਰ ਰਹੇ ਹਨ।
