ਚੰਨੀ ਵਲੋਂ ਸ਼੍ਰੋਮਣੀ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

TeamGlobalPunjab
2 Min Read

ਚੰਡੀਗੜ੍ਹ : ਢਾਡੀ ਰੰਗ ਦੇ ਪ੍ਰਸਿੱਧ ਲੋਕ ਗਾਇਕ ਈਦੂ ਸ਼ਰੀਫ ਜੋ ਕਿ ਅਧਰੰਗ ਦੀ ਬਿਮਾਰੀ ਨਾਲ ਜੂਝ ਰਹੇ ਸਨ, ਦਾ ਅੱਜ ਚੰਡੀਗੜ੍ਹ ਦੇ ਮਨੀਮਾਜਰਾ ਵਿਖੇ ਦਿਹਾਂਤ ਹੋ ਗਿਆ। ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਛੜੀ ਰੂਹ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।
ਮੰਤਰੀ ਨੇ ਕਿਹਾ ਕਿ ਉਹ ਸ਼੍ਰੋਮਣੀ ਢਾਡੀ ਲੋਕ ਗਾਇਕ ਈਦੂ ਸ਼ਰੀਫ ਦੇ ਹੋਏ ਅਕਾਲ ਚਲਾਣੇ ਦੀ ਖ਼ਬਰ ਤੋਂ ਬਹੁਤ ਦੁਖ ਪਹੁੰਚਿਆ ਹੈ।  ਉਨ੍ਹਾਂ ਕਿਹਾ ਕਿ ਈਦੂ ਸ਼ਰੀਫ ਦੇ ਦੇਹਾਂਤ ਨਾਲ ਢਾਡੀ  ਲੋਕ ਗੀਤ ਧਾਰਾ ਦਾ  ਯੁੱਗ ਸਮਾਪਤ ਹੋ ਗਿਆ ਹੈ। ਢਾਡੀ ਲੋਕ ਗਾਇਕੀ ਨੂੰ ਜਿਉਂਦਾ ਰੱਖਣ ਅਤੇ ਅੱਗੇ ਵਧਾਉਣ ਵਿਚ ਈਦੂ ਸ਼ਰੀਫ ਵਲੋਂ ਨਿਭਾਈ ਭੂਮਿਕਾ ਢਾਡੀ ਲੋਕ ਗਾਇਕੀ ਦੇ ਇਤਿਹਾਸ ਵਿਚ ਹਮੇਸ਼ਾਂ ਸੁਨਹਿਰੀ ਅਧਿਆਇ ਵਜੋਂ ਜਾਣੀ ਜਾਵੇਗੀ।
ਈਦੂ ਸ਼ਰੀਫ ਨੂੰ ਆਪਣੇ ਜੀਵਨ ਕਾਲ ਦੌਰਾਨ ਸੰਗੀਤ ਨਾਟਕ ਅਕਾਦਮੀ ਅਤੇ ਰਾਜ ਤੇ ਰਾਸ਼ਟਰੀ ਪੱਧਰ ਦੇ ਹੋਰ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਸੀ।
ਸ੍ਰੀ ਚੰਨੀ ਨੇ ਇਸ ਔਖੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾ ‘ਚ ਨਿਵਾਸ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ।
ਪੰਜਾਬ ਕਲਾ ਪਰਿਸ਼ਦ  ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਵੀ  ਉੱਘੇ ਪੰਜਾਬੀ ਲੋਕ ਢਾਡੀ ਗਾਇਕ ਈਦੂ ਸ਼ਰੀਫ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਆਪਣੇ ਸੋਗ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ, ਬਲਕਿ ਪੂਰੀ ਦੁਨੀਆਂ ਵਿਚ ਪੰਜਾਬੀ ਲੋਕ ਸੰਗੀਤ ਦੇ ਪ੍ਰੇਮੀਆਂ ਲਈ ਵੀ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Share this Article
Leave a comment