ਚੰਡੀਗੜ੍ਹ ਦਾ ਹਿਯਾਤ ਹੋਟਲ ਬਣੇਗਾ ਅਰੂਸਾ ਆਲਮ ਦੀ ਜਨਮ ਦਿਨ ਪਾਰਟੀ ਦਾ ਗਵਾਹ

TeamGlobalPunjab
3 Min Read

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਬਹੁ-ਚਰਚਿਤ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਦੇ ਜਨਮ ਦਿਨ ਦਾ ਜਸ਼ਨ ਇਸ ਵਾਰ ਚੰਡੀਗੜ੍ਹ ਦੇ ਹਿਯਾਤ ਹੋਟਲ ਵਿੱਚ ਮਨਾਇਆ ਜਾਵੇਗਾ। ਪਤਾ ਲੱਗਾ ਹੈ ਕਿ ਇਸ ਜਨਮ ਦਿਨ ਪਾਰਟੀ ਵਿੱਚ ਸੂਬੇ ਦੇ ਕਈ ਮੰਤਰੀ, ਕਾਂਗਰਸ ਪਾਰਟੀ ਦੇ ਕਈ ਆਗੂ, ਸੂਬੇ ਦੇ ਕਈ ਵੱਡੇ ਬਾਬੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨੇੜਲੇ ਮਿੱਤਰ ਸ਼ਮੂਲੀਅਤ ਕਰਨਗੇ। 22 ਮਈ ਦੀ ਰਾਤ ਨੂੰ ਹੋਣ ਵਾਲੀ ਇਹ ਜਨਮ ਦਿਨ ਪਾਰਟੀ ਪੰਜਾਬ ਦੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਬੜੀ ਜੋਰਦਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੈਪਟਨ ਵਜ਼ਾਰਤ ਦੇ ਇੱਕ ਮੰਤਰੀ ਨੇ ਵੀ ਇਸ ਜਨਮ ਦਿਨ ਪਾਰਟੀ ਦੀ ਪੁਸ਼ਟੀ ਕੀਤੀ ਹੈ।

ਇਸ ਸੀਨੀਅਰ ਲੈਵਲ ਦੇ ਮੰਤਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਮੀਡੀਆ ਕੋਲ ਖੁਲਾਸਾ ਕੀਤਾ ਹੈ, ਕਿ ਉਸ ਨੂੰ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ ਪਾਰਟੀ ਸਬੰਧੀ ਮਿਲ ਰਹੀਆਂ ਖ਼ਬਰਾਂ ਅਨੁਸਾਰ ਇਸ ਵਾਰ ਇਹ ਜਨਮ ਦਿਨ ਪਾਰਟੀ ਸੂਬੇ ਤੋਂ ਬਾਹਰ ਕਿਸੇ ਠੰਡੀ ਜਗ੍ਹਾ ‘ਤੇ ਇਸ ਲਈ ਨਹੀਂ ਰੱਖੀ ਜਾ ਸਕੀ, ਕਿਉਂਕਿ ਪਾਰਟੀ ਤੋਂ ਅਗਲੇ ਦਿਨ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ। ਪਤਾ ਲੱਗਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਇਹ ਮਹਿਲਾ ਦੋਸਤ ਭਾਰਤ ਤੋਂ ਦੂਰ ਰਹੇ ਸਨ, ਤੇ ਵੋਟਾਂ ਪਾਏ ਜਾਣ ਤੋਂ ਬਾਅਦ ਇਹ ਤੁਰੰਤ ਚੰਡੀਗੜ੍ਹ ਵਾਪਸ ਪਰਤ ਆਏ ਹਨ।

ਦੱਸ ਦਈਏ ਕਿ ਕੈਪਟਨ ਅਤੇ ਅਰੂਸਾ ਆਲਮ ਵਿਚਕਾਰ ਇਹ ਦੋਸਤੀ ਸਾਲ 2006 ਤੋਂ ਚੱਲੀ ਆ ਰਹੀ ਹੈ ਤੇ ਇਸ ਦੋਸਤੀ ਨੂੰ ਲੈ ਕੇ ਕੈਪਟਨ ਦੇ ਵਿਰੋਧੀ ਉਨ੍ਹਾਂ ਨੂੰ ਕਈ ਤਰ੍ਹਾਂ ਨਾਲ ਨਿਸ਼ਾਨੇ ‘ਤੇ ਲੈਂਦੇ ਰਹੇ ਹਨ, ਪਰ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਿਸੇ ਵਿਰੋਧੀ ਦੀ ਕੋਈ ਗੱਲ ਦਾ ਜਵਾਬ ਦੇਣਾ ਵੀ ਠੀਕ ਨਹੀਂ ਸਮਝਿਆ। ਹੱਦ ਤਾਂ ਉਸ ਵੇਲੇ ਹੋ ਗਈ ਸੀ ਜਦੋਂ ਕੈਪਟਨ ਦੇ ਆਪਣੇ ਹੀ ਨਜਦੀਕੀ ਅਤੇ ਤਾਜੇ ਤਾਜੇ ਕਾਂਗਰਸ ਪਾਰਟੀ ‘ਚੋਂ ਕੱਢੇ ਗਏ ਗੁਰਿੰਦਰ ਸਿੰਘ ਬਾਲੀ ਨੇ ਵੀ ਅਰੂਸਾ ਅਤੇ ਕੈਪਟਨ ਦੇ ਦੋਸਤਾਨਾ ਸਬੰਧਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ।  ਇਸ ਤੋਂ ਇਲਾਵਾ ਕੈਪਟਨ ਦੀ ਇਹ ਮਹਿਲਾ ਦੋਸਤ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਵਿੰਨੀ ਮਹਾਜਨ ਨਾਲ ਖਿਚਵਾਈ ਗਈ ਇੱਕ ਤਸਵੀਰ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਅਫਸਰਸ਼ਾਹੀ ਅਤੇ ਸਰਕਾਰ ਵਿਚਲੇ ਨਿੱਜੀ ਸਬੰਧਾ ਕਾਰਨ ਵੀ ਕਾਫੀ ਚਰਚਾ ਵਿੱਚ ਆਈ ਸੀ।

ਸਾਰੀਆਂ ਗੱਲਾਂ ਇੱਕ ਪਾਸੇ ਤੇ ਇਹ ਚਰਚਾ ਦੂਜੇ ਪਾਸੇ ਕਿ ਚੋਣ ਨਤੀਜੇ ਆਉਣ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਵਾਰ ਆਇਆ ਅਰੂਸਾ ਆਲਮ ਦਾ ਇਹ ਜਨਮ ਦਿਨ ਕੈਪਟਨ ਅਮਰਿੰਦਰ ਸਿੰਘ ਲਈ ਅਗਲੇ ਦਿਨ ਵੋਟਾਂ ਦੀ ਗਿਣਤੀ ਵੇਲੇ ਕੀ ਖੁਸ਼ਖਬਰੀ ਲੈ ਕੇ ਆਉਂਦਾ ਹੈ? ਕਿਉਂਕਿ ਜੇਕਰ ਕੈਪਟਨ ਦਾ ਮਿਸ਼ਨ-13 ਸਫਲ ਹੋ ਗਿਆ ਤਾਂ ਅਰੂਸਾ ਦਾ ਤਾਂ ਪਤਾ ਨਹੀਂ, ਪਰ ਕੈਪਟਨ ਦੀ ਖੁਸ਼ੀ ਦਾ ਆਲਮ ਦੇਖਦਿਆਂ ਹੀ ਬਣਨਾ ਹੈ।

- Advertisement -

https://youtu.be/r3yx6xd1BK4

Share this Article
Leave a comment