ਕੈਪਟਨ ਸਾਹਿਬ, ਆਹ ਤੁਹਾਡੇ ਸ਼ਹਿਰ ‘ਚ ਹੀ ਲੋਕ ਨਸ਼ਿਆਂ ਨੇ ਮਾਰ ਤੇ, ਤੁਸੀਂ ਕਰੀ ਜਾਓ ਦਾਅਵੇ !

Prabhjot Kaur
5 Min Read

ਪਟਿਆਲਾ : ਇਥੋਂ ਦੇ ਤਫੱਜਲਪੁਰਾ ਇਲਾਕੇ ਅੰਦਰ ਇਕ ਅਜਿਹੀ ਘਟਨਾ ਘਟੀ ਹੈ ਜਿਸ ਨੇ  ਨਸ਼ਾ ਮੁਕਤ ਤੇ ਚੰਗਾ ਪ੍ਰਸ਼ਾਸਨ ਦੇਣ ਦਾ ਦਾਅਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਮੂੰਹ ‘ਤੇ ਅਜਿਹੀ ਚਪੇੜ ਮਾਰੀ ਹੈ ਜਿਸ ਬਾਰੇ ਦੇਖ, ਸੁਣ ਅਤੇ ਪੜ੍ਹ ਕੇ ਸਿਰਫ ਐਨਾ ਹੀ ਕਿਹਾ ਜਾ ਸਕਦਾ ਹੈ, ਕਿ ਹੁਣ ਸਮਝ ਆਈ, ਲੋਕ ਵਿਦੇਸ਼ਾਂ ਵੱਲ ਕਿਉਂ ਭੱਜ ਰਹੇ ਨੇ । ਮਿਲੀ ਜਾਣਕਾਰੀ ਅਨੁਸਾਰ ਇਸ ਇਲਾਕੇ ‘ਚ ਰਹਿਣ ਵਾਲੇ ਦੋ ਪੁੱਤਰਾਂ ਦੇ ਮਾਂ-ਬਾਪ ਇੱਕ ਬਜ਼ੁਰਗ ਜੋੜੇ ਨੂੰ ਉਸਦੇ ਵੱਡੇ ਪੁੱਤਰ ਨੇ ਜ਼ਹਿਰ ਦੇ ਕੇ ਮਾਰ ਤਾ। ਪੁਲਿਸ ਅਨੁਸਾਰ ਮੁਲਜ਼ਮ ਵੱਡਾ ਪੁੱਤਰ ਨਸ਼ੇ ਦਾ ਆਦਿ ਸੀ ਤੇ ਉਸਦੇ ਮਾਂ-ਬਾਪ ਉਸਨੂੰ ਨਸ਼ਾ ਕਰਨੋ ਰੋਕਦੇ ਸਨ । ਹਾਲਾਂਕਿ ਮਾਂ-ਬਾਪ ਦੇ ਕਤਲ ਤੋਂ ਬਾਅਦ ਪੁੱਤਰ ਨੇ ਵੀ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸਮਾਂ ਰਹਿੰਦਿਆਂ ਬਚਾ ਲਿਆ ਗਿਆ, ਤੇ ਹੁਣ ਉਹ ਪੁਲਿਸ ਹਿਰਾਸਤ ਵਿਚ ਹੈ।

ਇਸ ਕੇਸ ਦੀ ਫ਼ਾਈਲ ‘ਤੇ ਆਏ ਤੱਥਾਂ ਅਨੁਸਾਰ ਪੁਲਿਸ ਵਲੋਂ ਫੜੇ ਗਏ ਸ਼ਾਲੀਨ ਉਰਫ ਸ਼ਾਨੂੰ ਨੇ ਜਿਸ ਵੇਲੇ ਆਪਣੇ 58 ਸਾਲਾ ਪਿਤਾ ਮੋਹਨ ਲਾਲ ਤੇ 52 ਸਾਲਾਂ ਮਾਂ ਮਧੂ ਸਿੰਗਲਾ ਨੂੰ ਜ਼ਹਿਰ ਦਿੱਤਾ, ਤਾਂ ਉਸ ਵੇਲੇ ਮੋਹਨ ਲਾਲ ਦੀ ਜਾਨ ਤਾਂ ਜਲਦੀ ਹੀ ਨਿਕਲ ਗਈ, ਪਰ ਮਾਂ ਤੜਫਦੀ ਰਹੀ। ਜਿਸਨੂੰ ਦੇਖ ਕੇ ਸ਼ਾਨੂੰ ਦੇ ਮਨ ‘ਚ ਇਹ ਡਰ ਪੈਦਾ ਹੋ ਗਿਆ ਕਿ ਕਿਤੇ ਉਸਦੀ ਮਾਂ ਬਚ ਹੀ ਨਾ ਜਾਏ, ਤੇ ਜੇਕਰ ਉਹ ਬਚ ਗਈ ਤਾਂ ਉਹ ਉਸਨੂੰ ਉਸਦੇ ਪਿਤਾ ਦੇ ਕਤਲ ਦੇ ਇਲਜ਼ਾਮ ‘ਚ ਫਸਾ ਸਕਦੀ ਹੈ। ਇਹ ਗੱਲ ਧਿਆਨ ‘ਚ ਆਉਂਦਿਆਂ ਹੀ ਸ਼ਾਨੂੰ ਤੁਰੰਤ ਇਨਸਾਨ ਤੋਂ ਹੈਵਾਨ ਬਣ ਗਿਆ। ਹਾਲਤ ਇਹ ਬਣ ਗਏ ਕਿ ਉਸ ਨੇ ਸੈਂਕੜੇ ਦੁੱਖ ਸਹਿ ਕੇ ਪੈਦਾ ਕਰਨ, ਤੇ ਪਾਲ-ਪੋਸ ਕੇ ਵੱਡਾ ਕਰਨ ਵਾਲੀ ਆਪਣੀ ਮਾਂ ਦਾ ਗਲਾ ਟਰੈਕ ਸੂਟ ਵਿਚੋਂ ਨਾੜਾ ਕੱਢ ਕੇ ਉੰਨੀ ਦੇਰ ਤੱਕ ਘੁੱਟੀ ਰੱਖਿਆ, ਜਦੋਂ ਤੱਕ ਉਸਦੀ ਜਾਨ ਨਹੀਂ ਨਿਕਲ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ ਪੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸ਼ਾਨੂੰ ਦਾ ਛੋਟਾ ਭਰਾ ਵੀ ਨਸ਼ੇ ਦੇ ਇੱਕ ਕੇਸ ‘ਚ ਪਟਿਆਲਾ ਦੀ ਜੇਲ੍ਹ ਅੰਦਰ ਬੰਦ ਹੈ। ਸ. ਬਰਾੜ ਅਨੁਸਾਰ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਿਸਰਾ ਜਾਂਚ ਲਈ ਕੈਮੀਕਲ ਜਾਂਚ ਲਈ ਭੇਜ ਦਿੱਤਾ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਇਹ ਕਤਲ ਕਿਨ੍ਹਾਂ ਹਾਲਾਤਾਂ ਵਿਚ ਕੀਤੇ ਹਨ ।

ਇੱਧਰ  ਦੂਜੇ ਪਾਸੇ ਪਤਾ ਇਹ ਵੀ ਲੱਗਾ ਹੈ ਕਿ ਦੋਵੇਂ ਕਤਲ ਕਰਨ ਤੋਂ ਬਾਅਦ ਸ਼ਾਨੂੰ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਲਾਸ਼ਾਂ ਨੂੰ ਠਿਕਾਣੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਪੂਰਾ ਇੱਕ ਦਿਨ ਕੋਸ਼ਿਸ਼ ਕਰਨ ਤੇ ਵੀ ਜਦੋਂ ਉਹ ਕਾਮਯਾਬ ਨਹੀਂ ਹੋ ਸਕਿਆ ਤਾਂ ਉਸ ਨੇ ਆਪ ਵੀ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਜਿਸ ਬਾਰੇ ਜਦੋਂ ਮੁਹੱਲੇ ਵਾਲਿਆਂ ਨੂੰ ਭਣਕ ਲੱਗੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰਨ ਦੇ ਨਾਲ ਨਾਲ ਸ਼ਾਨੂੰ ਨੂੰ ਹਸਪਤਾਲ ਚ ਦਾਖ਼ਲ ਕਰਵਾਇਆ।  ਇਸ ਤੋਂ ਇਲਾਵਾ ਕੁਝ ਮੁਹੱਲੇ ਵਾਲਿਆਂ ਦਾ ਇਹ ਕਹਿਣਾ ਹੈ ਜਿਹੜੇ ਲੋਕ ਉਸ ਬਜ਼ੁਰਗ ਜੋੜੇ ਨੂੰ ਮਿਲਣ ਆਉਂਦੇ ਸਨ ਤਾਂ ਸ਼ਾਨੂੰ ਉਨ੍ਹਾਂ ਨੂੰ ਆਪਣੇ ਮਾਂ ਬਾਪ ਦੇ ਬਿਮਾਰ ਹੋਣ ਦੀ ਗੱਲ ਕਹਿ ਕੇ ਬਾਹਰੋਂ ਹੀ ਵਾਪਸ ਮੋੜ ਦਿੰਦਾ ਸੀ। ਇਸ ਦੌਰਾਨ ਜਦੋਂ ਦੁੱਧ ਵਾਲਾ ਦੁੱਧ ਦੇਣ ਆਇਆ ਤੇ ਉਸ ਦੇ ਕਈ ਅਵਾਜਾਂ ਲਗਾਉਣ ‘ਤੇ ਘਰ ਦੀਆਂ ਘੰਟੀਆਂ ਵਜਾਉਣ ਤੋਂ ਬਾਅਦ ਵੀ ਜਦੋਂ ਕੋਈ ਬਾਹਰ ਨਹੀਂ ਆਇਆ ਤਾਂ ਦੁੱਧ ਵਾਲੇ ਨੇ ਆਂਢ-ਗੁਆਂਢ ਵਾਲੇ ਇਕੱਠੇ ਕਰ ਲਏ ਤੇ ਜਦੋਂ ਉਨ੍ਹਾਂ ਵਿਚੋਂ ਕਿਸੇ ਨੇ ਗੇਟ ਟੱਪ ਕੇ ਅੰਦਰ ਵੇਖਿਆ ਤਾਂ ਅੰਦਰ ਦੇ ਹਾਲਤ ਦੇਖ ਕੇ ਦੰਗ ਰਹਿ ਗਏ।  ਅੰਦਰ ਇੱਕ ਕਮਰੇ ‘ਚ ਮੋਹਨ ਲਾਲ ਤੇ ਮਧੂ ਸਿੰਗਲਾ ਦੀਆਂ ਲਾਸ਼ਾਂ ਪਈਆਂ ਸਨ ਤੇ ਸ਼ਾਨੂੰ ਆਪ ਡ੍ਰਾਈਇੰਗ ਰੂਮ ‘ਚ ਤੜਫ ਰਿਹਾ ਸੀ। ਜਿਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।

- Advertisement -

ਇਹ ਤਾਂ ਸਨ ਉਹ ਹਾਲਤ ਜਿਹੜੇ ਸਾਰਿਆਂ ਨੂੰ ਪ੍ਰਤੱਖ ਰੂਪ ‘ਚ ਦਿਖਾਈ ਦਿੱਤੇ। ਸਾਨੂੰ ਉਮੀਦ ਹੈ ਕਿ ਇਸਨੂੰ ਜਾਣਕੇ ਪਹਿਲੀ ਨਜ਼ਰੇ ਸਾਰੇ ਕਤਲ ਦਾ ਇਲਜ਼ਾਮ ਸਹਿ ਰਹੇ ਪੁੱਤਰ ਨੂੰ ਹੀ ਬੁਰਾ ਭਲਾ ਕਹਿਣਗੇ। ਸੱਚ ਕੀ ਹੈ ਇਸਦਾ ਫੈਸਲਾ ਬੇਸ਼ੱਕ ਅਦਾਲਤ ਨੇ ਕਰਨਾ ਹੈ, ਪਰ ਇੰਨਾ ਜਰੂਰ ਹੈ ਕਿ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੀ ਸਹੁੰ ਚੁੱਕ ਕੇ ਸੱਤਾ ‘ਚ ਆਏ ਲੋਕਾਂ ਦੇ ਧਿਆਨ ‘ਚ ਇਹ ਮਾਮਲਾ ਕਦੇ ਨਹੀਂ ਆਵੇਗਾ, ਕਿਉਂਕਿ ਇਹ ਦਰਦ ਉਹ ਹੀ ਸਮਝ ਸਕਦੇ ਹਨ, ਜਿਨ੍ਹਾਂ ਦਾ ਕੋਈ ਆਪਣਾ ਮਰਿਆ ਹੋਵੇ ? ਕਿਉਕਿ ਕਹਿੰਦੇ ਨੇ “ਜਿਸ ਤਨ ਲਾਗੇ ਸੋ ਤਨ ਜਾਣੇ”।

Share this Article
Leave a comment