ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਦੀ ਸਿਆਸਤ ‘ਚ ਜਿਹੜੇ ਮੁੱਦੇ ਸਭ ਤੋਂ ਵੱਧ ਭਾਰੂ ਹਨ ਉਨ੍ਹਾਂ ਵਿੱਚੋਂ ਇੱਕ ਹੈ ਨਸ਼ਾ। ਜੀ ਹਾਂ ਨਸ਼ਾ! ਜਿਸ ਕਾਰਨ ਹੁਣ ਤੱਕ ਸੈਂਕੜੇ ਜਾਨਾਂ ਜਾ ਚੁਕੀਆਂ ਹਨ ਤੇ ਲੱਖਾਂ ਘਰ ਬਰਬਾਦ ਹੋ ਗਏ ਹਨ। ਇਹ ਸਿਲਸਿਲਾ ਅੱਜ ਵੀ ਜਾਰੀ ਹੈ ਤੇ ਹਾਲਾਤ ਇਹ ਹਨ ਕਿ ਸਿਆਸਤਦਾਨ ਇਸ ਮੁੱਦੇ ਦਾ ਕੋਈ ਸਥਾਈ ਹੱਲ ਕੱਢਣ ਦੀ ਬਜਾਏ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਇਸ ਦੇ ਚਲਦਿਆਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਵੀ ਨਸ਼ੇ ਦੇ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਵਿਰੁੱਧ ਦੱਬ ਕੇ ਭੜਾਸ ਕੱਢੀ ਹੈ। ਅਰੋੜਾ ਨੇ ਇੱਥੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸੂਬੇ ਦੇ ਥਾਣਿਆਂ ਦਾ ਮੌਜੂਦਾ ਸਮੇਂ ਕਾਂਗਰਸ ਭਵਨ ਵਿੱਚ ਤਬਦੀਲ ਹੋ ਜਾਣ ਸਬੰਧੀ ਦਿੱਤੇ ਗਏ ਬਿਆਨ ਗਏ ਬਿਆਨ ਨੂੰ ਇਹ ਕਹਿੰਦਿਆਂ ਸਹੀ ਠਹਿਰਾਇਆ ਕਿ ਇਸ ਸਿਸਟਮ ਦੀ ਦੇਣ ਵੀ ਅਕਾਲੀਆਂ ਵੱਲੋਂ ਦਿੱਤੀ ਗਈ ਹੈ। ਅਮਨ ਅਰੋੜਾ ਅਨੁਸਾਰ ਬਿਕਰਮ ਮਜੀਠੀਆ ਇਸ ਗੱਲ ‘ਤੇ ਵੀ ਵਿਚਾਰ ਕਰਨ ਤੇ ਜਵਾਬ ਦੇਣ ਕਿ ਇਹ ਸਿਸਟਮ ਕਿੰਨ੍ਹਾਂ ਵੱਲੋਂ ਬਣਾਇਆ ਗਿਆ ਸੀ। ਅਰੋੜਾ ਨੇ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਕੀ ਹੋਇਆ ਜੇ ਸਰਕਾਰਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਲਹਿਰਾਉਣ ਵਾਲੇ ਨਿਸ਼ਾਨ ਬਦਲ ਗਏ ਹੋਣ ਪਰ ਕੰਮ ਤਾਂ ਉਹੀਓ ਹੋ ਰਹੇ ਹਨ ਜੋ ਪੁਰਾਣੀਆਂ ਸੱਤਾਧਾਰੀ ਪਾਰਟੀਆਂ ਦੀਆਂ ਸਰਕਾਰ ਸਮੇਂ ਹੋ ਰਹੇ ਸਨ। ਅਮਨ ਅਰੋੜਾ ਕਹਿੰਦੇ ਹਨ ਕਿ ਮੁੱਖ ਮੰਤਰੀ ਨੇ ਨਸ਼ਿਆਂ ‘ਤੇ ਕਾਬੂ ਪਾਉਣ ਲਈ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਮੌਜੂਦਾ ਸਮੇਂ ਸਰਕਾਰ ਨਸ਼ਿਆਂ ‘ਤੇ ਕਾਬੂ ਪਾਉਣ ਦੇ ਮਾਮਲੇ ‘ਚ ਬਿਲਕੁਲ ਫੇਲ੍ਹ ਸਾਬਤ ਹੋਈ ਹੈ ਤੇ ਗੱਲ ਉਹ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ ਬਲਕਿ ਇਸ ਗੱਲ ਦੀ ਪੁਸ਼ਟੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਕਾਂਗਰਸੀ ਵਿਧਾਇਕ ਕਰ ਰਹੇ ਹਨ।