ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਰੈਲੀਆਂ ਦੌਰਾਨ ਤੁਸੀਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਕਈ ਵਾਰ ਪਾਣੀ ਵਾਲੀਆਂ ਬੱਸਾਂ ਚਲਾਉਣ ਦਾ ਐਲਾਨ ਕਰਦਿਆਂ ਸੁਣਿਆ ਹੋਵੇਗਾ। ਪਰ ਹੁਣ ਉਨ੍ਹਾਂ ਦਾ ਇਹ ਸੁਫਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਕੈਪਟਨ ਦੇ ਆਪਣੇ ਸ਼ਹਿਰ ਪਟਿਆਲਾ ‘ਚ ਹੀ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਪਟਿਆਲਾ ਦੇ ਬੱਸ ਸਟੈਂਡ ‘ਤੇ ਖੜ੍ਹੇ ਪਾਣੀ ‘ਚੋਂ ਲੰਘਦੀਆਂ ਬੱਸਾਂ ਨੂੰ ਦੇਖ ਕੇ ਜਿੱਥੇ ਥੋੜੇ ਜਿਹੇ ਮੀਂਹ ਤੋਂ ਬਾਅਦ ਹੀ ਹਾਲਾਤ ਤਲਾਅ ਵਰਗੇ ਬਣ ਗਏ ਨੇ
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਮੀਂਹ ਲੋਕਾਂ ਨੂੰ ਤਾਂ ਰਾਹਤ ਮਹਿਸੂਸ ਕਰਵਾ ਰਿਹਾ ਹੈ, ਪਰ ਨਾਲ ਹੀ ਪ੍ਰਸ਼ਾਸਨ ਦੇ ਕੰਮਾਂ ਦੀ ਪੋਲ ਵੀ ਖੋਲ੍ਹਦਾ ਦਿਖਾਈ ਦਿੰਦਾ ਹੈ। ਬੀਤੀ ਕੱਲ੍ਹ ਇੱਥੇ ਪਏ ਮੀਂਹ ਤੋਂ ਬਾਅਦ ਜਿਸ ਢੰਗ ਨਾਲ ਇੱਥੋਂ ਦਾ ਬੱਸ ਸਟੈਂਡ ਪਾਣੀ ਨਾਲ ਭਰ ਗਿਆ ਉਸ ਨੂੰ ਵੇਖ ਕੇ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਉਹ ਬੱਸ ਅੱਡੇ ‘ਚ ਖੜ੍ਹੇ ਹਨ ਜਾਂ ਫਿਰ ਗੋਆ ਦੇ ਕਿਸੇ ਸਮੁੰਦਰੀ ਕੰਢੇ ‘ਤੇ। ਇਹ ਸਭ ਦੇਖਦਿਆਂ ਲੋਕ ਇਹ ਕਹਿ ਕੇ ਮਜ਼ਾਕ ਕਹਿ ਰਹੇ ਹਨ ਛੋਟੇ ਬਾਦਲ ਦਾ ਪਾਣੀ ਵਾਲੀਆਂ ਬੱਸਾਂ ਚਲਾਉਣਾ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।
ਇਸ ਦੌਰਾਨ ਗਲੋਬਲ ਪੰਜਾਬ ਟੀ.ਵੀ. ਦੀ ਟੀਮ ਵੱਲੋਂ ਪਟਿਆਲਾ ਦੇ ਬੱਸ ਅੱਡੇ ‘ਚ ਮੀਂਹ ਦੌਰਾਨ ਬਣੇ ਇਸ ਬੀਚ (ਸਮੁੰਦਰੀ ਕੰਢੇ) ਵਰਗੇ ਹਾਲਾਤਾਂ ਸਬੰਧੀ ਜਦੋਂ ਬੱਸ ਅੱਡਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੀਂਹ ਵਾਲੇ ਦਿਨਾਂ ‘ਚ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਵੱਡੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਅੱਡੇ ਅੰਦਰ ਖੜ੍ਹਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ।
ਕੀ ਹੈ ਪੂਰਾ ਮਾਮਲਾ ਇਹ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/3fERAXB_Uy4