ਮੁਕਤਸਰ : ਸ਼ਹਿਰ ਦੇ ਬੂੜਾ ਗੁੱਜਰ ਰੋਡ ਇਲਾਕੇ ਅੰਦਰ ਇੱਕ ਔਰਤ ਨੂੰ ਘਰ ‘ਚੋਂ ਘੜੀਸ ਕੇ ਸੜਕ ‘ਤੇ ਸ਼ਰੇਆਮ ਬੈਲਟਾਂ ਅਤੇ ਲੱਤਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਪੁਲਿਸ ਨੇ ਸਥਾਨਕ ਵਾਰਡ ਨੰਬਰ 29 ਦੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਪਿੰਡ ਰੁਪਾਣਾ ਤੋਂ ਗ੍ਰਿਫਤਾਰ ਕਰ ਲਿਆ ਹੈ। ਜਿਸਦੇ ਬਾਰੇ ਮੁਕਤਸਰ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਪੱਤਰਕਾਰ ਸੰਮੇਲਨ ਕਰ ਕੇ ਜਾਣਕਾਰੀ ਦਿੱਤੀ। ਐੱਸ.ਐੱਸ.ਪੀ. ਮਨਜੀਤ ਸਿੰਘ ਢੇਸੀ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ‘ਚ ਹੁਣ ਤੱਕ 7 ਮੁਲਜ਼ਮ ਕਾਬੂ ਕੀਤੇ ਜਾ ਚੁਕੇ ਹਨ ਤੇ ਬਾਕੀ ਰਹਿੰਦੇ ਤਿੰਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।
ਦੱਸ ਦਈਏ ਕਿ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜੰਗਲ ਦੀ ਅੱਗ ਵਾਂਗ ਅਜਿਹੀ ਤੇਜੀ ਨਾਲ ਫੈਲੀ ਕਿ ਜਿਸ ਨੇ ਪੂਰੇ ਪੰਜਾਬ ਅੰਦਰ ਤਹਿਲਕਾ ਮਚਾ ਕੇ ਰੱਖ ਦਿੱਤਾ। ਇਹ ਵੀਡੀਓ ਸੀ ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਇਲਾਕੇ ਦੀ। ਜਿੱਥੇ ਕੁਝ ਨੌਜਵਾਨਾਂ ਨੇ ਇੱਕ ਘਰ ‘ਚ ਰਹਿੰਦੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਕੁੱਟਮਾਰ ਦੀ ਇਸ ਘਟਨਾ ਦੀ ਵੀਡੀਓ ਪੀੜਤ ਔਰਤ ਮੀਨਾ ਰਾਣੀ ਦੇ ਇੱਕ ਨਾਬਾਲਗ ਬੱਚੇ ਨੇ ਬਣਾ ਲਈ ਸੀ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਾਂਗਰਸੀ ਕੌਂਸਲਰ ਦਾ ਭਰਾ ਸੰਨੀ ਅਤੇ ਉਸ ਦੇ ਸਾਥੀ ਉਸ ਨੌਜਵਾਨ ਔਰਤ ‘ਤੇ ਅਣਗਿਣਤ ਵਾਰ ਕਰਦੇ ਹਨ। ਨੌਜਵਾਨ ਬੈਲਟ ਦੇ ਨਾਲ-ਨਾਲ ਮੀਨਾ ਰਾਣੀ ਨੂੰ ਥੱਪੜ, ਘਸੁੰਨ ਅਤੇ ਲੱਤਾਂ ਵੀ ਮਾਰਦੇ ਹਨ। ਇਸ ਮਾਮਲੇ ‘ਚ ਪੰਜਾਬ ਮਹਿਲਾ ਕਮਿਸ਼ਨ ਨੇ ਵੀ 20 ਜੂਨ ਨੂੰ ਸਬੰਧਤ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਇਹ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕਰਕੇ ਨਾ ਸਿਰਫ ਇਸ ਘਟਨਾ ਦੀ ਨਿੰਦਾ ਕੀਤੀ ਸੀ ਬਲਕਿ ਸੂਬੇ ਦੀ ਜਨਤਾ ਨੂੰ ਯਕੀਨ ਦਵਾਇਆ ਸੀ ਕਿ ਇਹੋ ਜਿਹੇ ਮਾਮਲਿਆਂ ਦੇ ਕਸੂਰਵਾਰ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗ ਫਿਰ ਭਾਵੇਂ ਉਹ ਲੋਕ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੁਮਾਇੰਦੇ ਹੀ ਕਿਉਂ ਨਾ ਹੋਣ। ਇਸ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਜਿਨ੍ਹਾਂ 10 ਵਿਅਕਤੀਆਂ ‘ਤੇ ਇਸ ਕੇਸ ਦੀ ਪੀੜਤਾ ਮੀਨਾ ਰਾਣੀ ਨੇ ਪਰਚਾ ਦਰਜ ਕਰਵਾਇਆ ਸੀ ਉਨ੍ਹਾਂ ਵਿੱਚੋਂ 6 ਨੂੰ ਤਾਂ ਪੁਲਿਸ ਨੇ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਤੇ ਕਾਂਗਰਸੀ ਕੌਂਸਲਰ ਰਾਕੇਸ਼ ਕੁਮਾਰ ਚੌਧਰੀ ਨੂੰ ਵੀ ਚੰਦ ਘੰਟਿਆਂ ਅੰਦਰ ਹੀ ਪਿੰਡ ਰੁਪਾਣਾ ਵਿੱਚੋਂ ਗ੍ਰਿਫਤਾਰ ਕਰਕੇ ਪੁਲਿਸ ਨੇ ਪੱਤਰਕਾਰ ਸੰਮੇਲਨ ਵਿੱਚ ਇਹ ਜਾਣਕਾਰੀ ਵੀ ਦੇ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/WBPyyvbeJUA